ਨਗਰ ਕੌਂਸਲ ਜ਼ੀਰਾ ਵੱਲੋਂ ਹੁਣ ਤੱਕ ਗਿੱਲੇ ਕੂੜੇ ਤੋਂ 1.50 ਟਨ ਜੈਵਿਕ ਖਾਦ ਕੀਤੀ ਜਾ ਚੁੱਕੀ ਹੈ ਤਿਆਰ
ਨਗਰ ਕੌਂਸਲ ਦੀਆਂ ਟੀਮਾਂ ਵੱਲੋਂ ਸਮੂਹ ਵਾਰਡਾਂ ਵਿੱਚ ਡੋਰ ਟੂ-ਡੋਰ ਕੁਲੈਕਸ਼ਨ ਤੇ ਸਾਫ਼ ਸਫ਼ਾਈ ਕਰਵਾਈ ਜਾ ਰਹੀ ਹੈ-ਕਾਰਜ ਸਾਧਕ ਅਫ਼ਸਰ
ਫਿਰੋਜ਼ਪੁਰ 28 ਅਗਸਤ 2020 ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਨਗਰ ਕੌਂਸਲ ਜ਼ੀਰਾ ਵੱਲੋਂ ਰੋਜ਼ਾਨਾ ਸ਼ਹਿਦ ਦੇ 17 ਵਾਰਡਾਂ ਵਿੱਚ ਡੋਰ ਟੂ-ਡੋਰ ਕੁਲੈਕਸ਼ਨ ਤੇ ਸਾਫ਼ ਸਫ਼ਾਈ ਕਰਵਾਈ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਨਗਰ ਕੋਂਸਲ ਵੱਲੋਂ ਗਿੱਲੇ ਕੂੜੇ ਤੋ ਜੈਵਿਕ ਖਾਦ ਤਿਆਰ ਕੀਤੀ ਜਾਂਦੀ ਹੈ।
ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਾਰਜ ਸਾਧਕ ਅਫਸਰ ਨਗਰ ਕੌਂਸਲ ਜ਼ੀਰਾ ਸ਼ਰਨਜੀਤ ਕੌਰ ਨੇ ਦੱਸਿਆ ਕਿ ਹੁਣ ਤੱਕ ਨਗਰ ਕੌਂਸਲ ਜ਼ੀਰਾ ਵੱਲੋਂ ਗਿੱਲੇ ਕੂੜੇ ਤੋ ਹੁਣ ਤੱਕ 1.50 ਟਨ ਜੈਵਿਕ ਖਾਦ ਤਿਆਰ ਕੀਤੀ ਜਾ ਚੁੱਕੀ ਹੈ ਜੋ ਕਿ ਘਰ ਦੀਆਂ ਬਚੀਆਂ ਹੋਈਆ ਸਬਜ਼ੀਆਂ, ਫਲਾਂ ਦੇ ਛਿਲਕੇ, ਚਾਹ ਪੱਤੀ ਆਦਿ ਤੋਂ ਤਿਆਰ ਕੀਤੀ ਜਾਂਦੀ ਹੈ। ਲੋਕਾਂ ਵੱਲੋਂ ਇਸ ਖਾਦ ਨੂੰ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ ਜਿਸ ਦਾ ਨਤੀਜਾ ਬਹੁਤ ਵਧੀਆ ਨਿਕਲਿਆ ਹੈ।
ਕਾਰਜਸਾਧਕ ਅਫਸਰ ਨੇ ਦੱਸਿਆ ਕਿ ਟੀਮਾਂ ਵੱਲੋਂ ਘਰ-ਘਰ ਜਾ ਕੇ ਲੋਕਾ ਨੂੰ ਇਹ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਆਪਣੇ ਘਰ ਦਾ ਕੂੜਾ ਘਰ ਤੋਂ ਹੀ ਅਲੱਗ-ਅਲੱਗ ਕਰਕੇ ਦੇਣ। ਇਸ ਤੋਂ ਇਲਾਵਾ ਨਗਰ ਕੌਂਸਲ ਵੱਲੋਂ ਲੋਕਾਂ ਨੂੰ ਪਲਾਸਿਟਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਜਾਂਦਾ ਹੈ। ਨਗਰ ਕੌਂਸਲ ਦੀ ਟੀਮ ਵੱਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਰੋਕਣ ਲਈ ਰੈਲੀ ਵੀ ਕੱਢੀ ਗਈ ਹੈ, ਜਿਸ ਵਿੱਚ ਲੋਕਾਂ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਛੱਡ ਕੇ ਕੱਪੜੇ ਦੇ ਬਣੇ ਥੈਲੇ ਜਾਂ ਜੂਟ ਦੇ ਬਣੇ ਥੈਲੇ ਵਰਤਣ ਲਈ ਜਾਗਰੂਕ ਕੀਤਾ ਗਿਆ।
ਇਸ ਤੋਂ ਇਲਾਵਾ ਜਿੱਥੇ ਨਗਰ ਕੌਂਸਲ ਜ਼ੀਰਾ ਵੱਲੋਂ ਆਪਣੇ ਇਲਾਕੇ ਨੂੰ ਸਾਫ਼ ਸੁਥਰਾ ਰੱਖਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੀ ਕਰੋਨਾ ਮਹਾਂਮਾਰੀ ਦੇ ਇਸ ਭਿਆਨਕ ਦੌਰ ਵਿੱਚ ਆਪਣੇ ਇਲਾਕੇ ਦੇ ਲੋਕਾਂ ਨੂੰ ਕਰੋਨਾ ਸਬੰਧੀ ਜਾਗਰੂਕ ਕੀਤਾ ਗਿਆ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਮਾਸਕ ਪਾਉਣ, ਵਾਰ ਵਾਰ ਹੱਥ ਧੋਣ ਅਤੇ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਾ ਜਾਣ ਅਤੇ ਭੀੜ ਵਾਲੇ ਸਥਾਨਾਂ ਤੇ 2 ਮੀਟਰ ਦੀ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੋਵਿਡ-19 (ਕਰੋਨਾ) ਦੇ ਚੱਲਦੇ ਹੋਏ ਸਾਰੇ ਸ਼ਹਿਰ ਨੂੰ ਲਗਾਤਾਰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ ਅਤੇ ਫੋਗਿੰਗ ਵੀ ਕਰਵਾਈ ਜਾ ਰਹੀ ਹੈ।