ਦੋ ਵਿਅਕਤੀਆਂ ਵਲੋਂ ਠੇਕੇ ਤੇ ਲਈ ਜ਼ਮੀਨ ਨੂੰ ਜਾਅਲੀ ਵਿਅਕਤੀ ਖੜੇ ਕਰਕੇ ਆਪਣੇ ਨਾਂਅ ਕਰਵਾਉਣ ਦੇ ਦੋਸ਼
ਫਿਰੋਜ਼ਪੁਰ 2 ਅਪ੍ਰੈਲ (ਏ. ਸੀ. ਚਾਵਲਾ): ਠੇਕੇ ਤੇ ਲਈ ਜ਼ਮੀਨ ਨੂੰ ਜਾਅਲੀ ਵਿਅਕਤੀ ਖੜੇ ਕਰਕੇ ਆਪਣੇ ਨਾਂਅ ਕਰਵਾਉਣ ਦੇ ਦੋਸ਼ ਵਿਚ ਥਾਣਾ ਖੁਰਦ ਦੀ ਪੁਲਸ ਨੇ ਦੋ ਵਿਅਕਤੀਆਂ ਖਿਲਾਫ 420, 120-ਬੀ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਦੀ ਹੀਰਾ ਮੰਡੀ ਦੇ ਰਹਿਣ ਵਾਲੇ ਵਿਨੀਤ ਗੁਪਤਾ ਪੁੱਤਰ ਮੋਹਨ ਲਾਲ ਨੇ ਬਿਆਨ ਦਿੱਤੇ ਹਨ ਕਿ ਪਿੰਡ ਭੋਲੂ ਵਾਲਾ ਦੇ ਰਹਿਣ ਵਾਲੇ ਮਲਕੀਤ ਸਿੰਘ ਅਤੇ ਜਗਜੀਤ ਸਿੰਘ ਪੱਤਰਾਨ ਅਵਤਾਰ ਸਿੰਘ ਨੇ ਉਸ ਕੋਲੋਂ ਜ਼ਮੀਨ ਸਾਲ 2000-01 ਵਿਚ ਠੇਕੇ ਤੇ ਲਈ ਸੀ। ਵਿਨੀਤ ਗੁਪਤਾ ਨੇ ਦੱਸਿਆ ਕਿ ਮਲਕੀਤ ਸਿੰਘ ਅਤੇ ਜਗਜੀਤ ਸਿੰਘ ਨੇ ਹਮਸਲਾਹ ਹੋ ਕੇ ਅਤੇ ਜਾਅਲੀ ਵਿਅਕਤੀ ਖੜੇ ਕਰਕੇ ਉਸ ਦੀ ਜ਼ਮੀਨ ਆਪਣੇ ਨਾਂਅ ਕਰਵਾ ਲਈ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਸ਼ਿਕਾਇਤਕਰਤਾ ਵਿਨੀਤ ਗੁਪਤਾ ਦੇ ਬਿਆਨਾਂ ਤੇ ਮਲਕੀਤ ਸਿੰਘ ਅਤੇ ਜਗਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।