ਦੇਵ ਸਮਾਜ ਕਾਲਜ 'ਚ 26ਵੀਂ ਅਲੂਮਨੀ ਮੀਟ ਦਾ ਆਯੋਜਨ
ਫਿਰੋਜ਼ਪੁਰ, 21.1.2019: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਸ਼ਹਿਰ ਪ੍ਰਿੰਸੀਪਲ ਮੈਡਮ ਡਾ. ਮਧੂ ਪਰਾਸ਼ਰ ਦੀ ਕੁਸ਼ਲ ਅਗਵਾਈ ਅਧੀਨ ਅਨੇਕਾਂ ਸਮਾਜਿਕ ਅਤੇ ਅਕਾਦਮਿਕ ਗਤੀਵਿਧੀਆਂ ਵਿੱਚ ਨਿਰੰਤਰ ਕਾਰਜਸ਼ੀਲ ਹੈ। ਇਸੇ ਕੜੀ ਤਹਿਤ ਕਾਲਜ ਕੈਂਪਸ ਵਿੱਚ 26ਵੀਂ ਅਲੂਮਨੀ ਮੀਟ ਦਾ ਆਯੋਜਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਹੋਇਆ। ਇਸ ਵਿੱਚ ਪੂਰੇ ਭਾਰਤ ਦੇ ਵੱਖ ਵੱਖ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮਿਲਣੀ ਵਿੱਚ ਪੁਰਾਣੇ ਵਿਦਿਆਰਥੀਆਂ ਦਾ ਕਾਲਜ ਕੈਂਪਸ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਧੂ ਪਰਾਸ਼ਰ ਨੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਲਈ ਬਹੁਤ ਖੁਸ਼ੀ ਦਾ ਦਿਨ ਹੈ, ਕਿਉਂਕਿ ਅੱਜ ਉਨ੍ਹਾਂ ਦੀਆਂ ਧੀਆਂ ਇੱਕ ਜਗ੍ਹਾ ਇਕੱਤਰ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਵਿਦਿਆਰਥਣਾਂ ਉਨ੍ਹਾਂ ਲਈ ਉਰਜਾ ਦਾ ਸੋਮਾ ਹਨ। ਕਾਲਜ ਨੇ ਇਨ੍ਹਾਂ 26 ਵਰ੍ਹਿਆਂ ਦੇ ਵਿੱਚ ਜਿੰਨੀ ਤਰੱਕੀ ਕੀਤੀ ਹੈ, ਉਸ ਵਿੱਚ ਸਿਰਫ ਉਨ੍ਹਾਂ ਦੇ ਕਾਲਜ ਮੈਨੇਜਮੈਂਟ ਦਾ ਹੀ ਨਹੀਂ, ਸਗੋਂ ਇਨ੍ਹਾਂ ਅਲੂਮਨੀ ਵਿਦਿਆਰਥੀਆਂ ਦਾ ਵੀ ਵੱਡਮੁੱਲਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਮੁਸ਼ਕਲ ਘੜੀਆਂ ਵਿੱਚ ਉਨ੍ਹਾਂ ਦੇ ਨਾਲ ਖੜੇ ਹਨ। ਇਸ ਮੌਕੇ ਉਨ੍ਹਾਂ ਨੇ ਆਏ ਹੋਏ ਸਾਰੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਉੱਚ ਉਪਲਬੱਧੀਆਂ ਤੋਂ ਜਾਣੂ ਕਰਵਾਇਆ ਅਤੇ ਕਾਲਜ ਵਿੱਚ ਸ਼ੁਰੂ ਹੋਏ ਨਵੇਂ ਕਿੱਤਾ ਮੁਖੀ ਕੋਰਸਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਸਮਾਗਮ ਮੌਕੇ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਗਈ ਕਿ ਅਸੀਂ ਦੇਵ ਸਮਾਜ ਕਾਲਜ ਦੀਆਂ ਵਿਦਿਆਰਥਣਾਂ 26ਵੀਂ ਅਲੂਮਨੀ ਮੀਟ ਵਿੱਚ ਇਹ ਸੰਕਲਪ ਲੈਂਦੀਆਂ ਹਾਂ ਕਿ ਅਸੀਂ ਵਿਸ਼ਵ ਦੀਆਂ ਸ਼ਕਤੀਸ਼ਾਲੀ, ਸ਼ਸਕਤ ਅਤੇ ਸਿੱਖਿਅਤ ਮਹਿਲਾਵਾਂ ਬਣਾ ਗਈਆਂ। ਅਸੀਂ ਦੇਵ ਸਮਾਜ ਕਾਲਜ ਦੀਆਂ ਵਿਦਿਆਰਥਣਾਂ ਇਹ ਵਾਅਦਾ ਕਰਦੀਆਂ ਹਾਂ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਦੀਆਂ ਬੇਟੀ ਬਚਾਓ, ਬੇਟੀ ਪੜਾਓ ਸਵੱਛ ਭਾਰਤ ਡਿਜੀਟਲ ਇੰਡੀਆ ਆਦਿ ਵਰਗੀਆਂ ਯੋਜਨਾਵਾਂ ਨੂੰ ਸਫਲ ਬਨਾਉਣ ਵਿੱਚ ਆਪਣਾ ਯੋਗਦਾਨ ਦੇਣਗੀਆਂ।