Ferozepur News
ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸ਼ਹੀਦ ਊਧਮ ਸਿੰਘ ਚੌਂਕ ਵਿੱਚ ਲਗਾਇਆ ਗਿਆ ਫਰੀ ਪ੍ਰਦੂਸ਼ਣ ਚੈੱਕਅੱਪ ਕੈਂਪ ਪ੍ਰਦੂਸਣ ਫੈਲਾਉਣ ਵਾਲਿਆਂ 25 ਵਾਹਨਾਂ ਦੇ ਕੀਤੇ ਗਏ ਚਲਾਨ
ਫਿਰੋਜ਼ਪੁਰ 19 ਜੂਨ 2018 (Pankaj Madan ) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਾਫ ਸੁੱਥਰਾ ਵਾਤਾਵਰਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਆਰੰਭ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹੀਦ ਊਧਮ ਸਿੰਘ ਚੌਂਕ ਵਿੱਚ ਫਰੀ ਪ੍ਰਦੂਸ਼ਣ ਚੈੱਕਅੱਪ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਸ੍ਰ ਜਸਵੰਤ ਸਿੰਘ ਢਿੱਲੋਂ ਸੈਕਟਰੀ ਆਰ.ਟੀ.ਏ. ਨੇ ਦਿੱਤੀ।
ਸ੍ਰ. ਜਸਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਏ ਗਏ ਇਸ ਕੈਂਪ ਦਾ ਮੁੱਖ ਮਕਸਦ ਲੋਕਾਂ ਨੂੰ ਵੱਧ ਤੋਂ ਵੱਧ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਜਾਗਰੂਕ ਕਰਨਾ ਹੈ। ਉਨ੍ਹਾ ਦੱਸਿਆ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਪ੍ਰਦੂਸ਼ਣ ਦੀ ਰੋਕਥਾਮ ਕਰਨ ਲਈ ਸਾਨੂੰ ਆਪਣੀਆਂ ਗੱਡੀਆਂ ਦਾ ਰੈਗੂਲਰ ਪ੍ਰਦੂਸ਼ਣ ਚੈੱਕਅੱਪ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦਾ ਸਾਡੀ ਸਿਹਤ ਤੇ ਬਹੁਤ ਮਾੜਾ ਅਸਰ ਹੁੰਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਵਾਹਨਾਂ ਦਾ ਸਮੇਂ ਸਿਰ ਪ੍ਰਦੂਸ਼ਣ ਚੈੱਕਅੱਪ ਕਰਵਾਈਏ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਇਸ ਮੌਕੇ ਉਨ੍ਹਾਂ ਵੱਲੋਂ ਜ਼ਿਨ੍ਹਾਂ ਵਾਹਨ ਮਾਲਕਾਂ ਦੇ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਬਣੇ ਹੋਏ ਉਨ੍ਹਾਂ 25 ਵਾਹਨ ਚਾਲਕਾਂ ਦੇ ਚਾਲਾਨ ਵੀ ਕੀਤੇ ਗਏ।