Ferozepur News

ਤੇਲਗਾਨਾ ਦੇ ਸਿਹਤ ਵਿਭਾਗ ਵੱਲੋਂ ਅੰਬ ਤੇ ਹੋਰ ਕੈਮੀਕਲ ਯੁਕਤ ਫਲਾਂ ਦੀ ਸਪਲਾਈ ਕਰਨ ਵਾਲੀਆਂ ਫ਼ਰਮਾਂ ਵਿਰੁੱਧ ਕਾਰਵਾਈ- ਰਾਮਵੀਰ ਕੈਮੀਕਲ ਤਰੀਕੇ ਨਾਲ ਪਕਾਏ ਫਲਾਂ ਦਾ ਮਨੁੱਖੀ ਸਰੀਰ ਤੇ ਪੈਂਦਾ ਹੈ ਬੁਰਾ ਪ੍ਰਭਾਵ

ਫ਼ਿਰੋਜ਼ਪੁਰ 7 ਜੂਨ 2018 (Manish Bawa ) ਕੈਮੀਕਲ ਤਰੀਕੇ ਨਾਲ ਪਕਾਏ ਫਲਾਂ ਦਾ ਮਨੁੱਖੀ ਸਰੀਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਅਜਿਹੇ ਫਲਾਂ ਨੂੰ ਖਾਣ ਨਾਲ ਕੈਂਸਰ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਆਈ.ਏ.ਐੱਸ. ਨੇ ਦਿੱਤੀ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੈਮੀਕਲ ਤਰੀਕੇ ਨਾਲ ਪਕਾਏ ਫਲਾਂ ਦੀ ਰੋਕਥਾਮ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਥੋਕ ਅਤੇ ਖੁਦਰਾ ਵਪਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਸੀ, ਜਿਸ ਵਿੱਚ ਕੈਮੀਕਲ ਤਰੀਕੇ ਨਾਲ ਪਕਾਏ ਵੱਖ-ਵੱਖ ਫਲਾਂ ਤੋ ਇਲਾਵਾ ਅੰਬ ਦੇ ਫਲ ਬਾਰੇ ਚਰਚਾ ਕੀਤੀ  ਗਈ ਸੀ। ਇਸ ਮੀਟਿੰਗ ਦੌਰਾਨ ਇਨ੍ਹਾਂ ਵਪਾਰੀਆਂ ਨੇ ਦੱਸਿਆ ਸੀ ਕਿ ਕੈਮੀਕਲ ਨਾਲ ਪਕਾਏ ਇਹ ਫਲ ਖ਼ਾਸਕਰ ਅੰਬ ਤੇਲਗਾਨਾ ਰਾਜ ਵਿਚੋਂ ਕੈਮੀਕਲ ਨਾਲ ਪੈਕਿੰਗ ਹੋ ਕੇ ਮਾਰਕਿਟ ਵਿੱਚ ਆਉਂਦੇ ਹਨ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਮੀਕਲ ਵਾਲੇ ਫਲ ਦੀ ਸਪਲਾਈ ਦੀ ਰੋਕਥਾਮ ਸਬੰਧੀ ਤੇਲਗਾਨਾ ਸਰਕਾਰ ਨੂੰ ਪੱਤਰ ਲਿਖਿਆ ਗਿਆ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਰਿਚਾ ਵੱਲੋਂ ਫ਼ੋਨ ਰਾਹੀਂ ਉੱਥੋਂ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ। 
ਤੇਲਗਾਨਾ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਵੱਲੋਂ ਕੈਮੀਕਲ ਯੁਕਤ ਫਲਾਂ ਸਬੰਧੀ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ ਤੇ ਫ਼ਿਰੋਜ਼ਪੁਰ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਉਨ੍ਹਾਂ ਵੱਲੋਂ ਅੰਬ ਤੇ ਕੇਲਾਂ ਆਦਿ ਫਲ ਸਪਲਾਈ ਕਰਨ ਵਾਲੀਆਂ ਫ਼ਰਮਾਂ ਤੇ ਛਾਪਾ ਮਾਰ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਤੇ ਇਸ ਸਬੰਧੀ ਪੂਰੇ ਰਾਜ ਵਿੱਚ ਮੁਹਿੰਮ ਚਲਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤੇਲਗਾਨਾ ਸਰਕਾਰ ਦੇ ਅਧਿਕਾਰੀਆਂ ਨੇ ਕੈਮੀਕਲ ਯੁਕਤ ਫਲਾਂ ਦੀ ਸਪਲਾਈ ਦਾ ਗੰਭੀਰ ਨੋਟਿਸ ਲਿਆ ਹੈ ਤੇ ਅੱਗੇ ਤੋਂ ਅਜਿਹਾ ਵਰਤਾਰਾ ਪੂਰੀ ਤਰ੍ਹਾਂ ਬੰਦ ਕਰਨ ਦਾ ਯਕੀਨ ਦਿਵਾਇਆ ਹੈ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਰਿਚਾ ਨੇ ਦੱਸਿਆ ਕਿ ਗਰਮੀ ਦਾ ਸੀਜ਼ਨ ਹੋਣ ਕਾਰਨ ਹੁਣ ਅੰਬਾਂ ਦੀ ਵਿਕਰੀ ਨੇ ਕਾਫੀ ਜ਼ੋਰ ਫੜ੍ਹ ਲਿਆ ਹੈ, ਜਦਕਿ ਇਹ ਅੰਬ ਜ਼ਿਆਦਾਤਰ ਕੈਮੀਕਲ ਤਰੀਕੇ ਨਾਲ ਪਕਾਏ ਜਾਂਦੇ ਹਨ। ਜਿਸ ਨਾਲ ਮਨੁੱਖੀ ਸਰੀਰ ਤੇ ਕਾਫੀ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਵੱਲੋਂ ਵਪਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਹ ਕੈਮੀਕਲ ਨਾਲ ਪਕਾਏ ਹੋਏ ਫਲਾਂ ਨੂੰ ਮਾਰਕੀਟ ਵਿੱਚ ਨਾ ਵੇਚਿਆ ਜਾਵੇ ਅਤੇ ਭੋਲੇ-ਭਾਲੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਨ੍ਹਾਂ ਫਲਾਂ ਤੋਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਕੈਮੀਕਲ ਵਾਲੇ ਫਲ ਅਤੇ ਸਬਜ਼ੀਆਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਸਾਰਿਆ ਨੂੰ ਵੱਧ-ਚੜ੍ਹ ਕੇ ਇਨ੍ਹਾਂ ਦੀ ਰੋਕਥਾਮ ਵਿੱਚ ਆਪਣਾ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ।

Related Articles

Back to top button