ਤਲਵੰਡੀ ਭਾਈ ਵਿਖੇ ਇੱਕ ਅੰਮ੍ਰਿਤਧਾਰੀ ਪਤੀ ਪਤਨੀ ਦੀ ਕੁੱਟਮਾਰ ਅਤੇ ਕੇਸਾਂ ਦੀ ਬੇਅਦਬੀ
ਤਲਵੰਡੀ ਭਾਈ, 3.2.2019: ਕਸਬਾ ਤਲਵੰਡੀ ਭਾਈ ਵਿਖੇ ਇੱਕ ਅੰਮ੍ਰਿਤਧਾਰੀ ਪਤੀ ਪਤਨੀ ਦੀ ਕੁੱਟਮਾਰ ਅਤੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਅੰਮ੍ਰਿਤਧਾਰੀ ਸਿੱਖ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਹੋਮਿਓਪੈਥਿਕ ਡਾਕਟਰ ਹੈ ਅਤੇ ਉਸ ਨੇ ਤਲਵੰਡੀ ਭਾਈ ਦੀ ਰਹਿਣ ਵਾਲੀ ਇੱਕ ਔਰਤ ਕੋਲੋਂ ਦਵਾਈ ਦੇ ਪੈਸੇ ਲੈਣੇ ਸਨ ਅਤੇ ਉਹ ਕਈ ਵਾਰ ਉਕਤ ਔਰਤ ਕੋਲੋਂ ਪੈਸੇ ਆਦਿ ਮੰਗ ਚੁੱਕਾ ਸੀ, ਪਰ ਉਕਤ ਔਰਤ ਪੈਸੇ ਦੇਣ ਦਾ ਨਾਮ ਨਹੀਂ ਸੀ ਲੈ ਰਹੀ। ਡਾਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਉਕਤ ਔਰਤ ਤੋਂ ਪੈਸੇ ਲੈਣ ਦੇ ਲਈ ਉਨ੍ਹਾਂ ਦੇ ਘਰ ਗਿਆ ਤਾਂ ਉੱਥੇ ਉਕਤ ਔਰਤ ਨੇ ਆਪਣੇ ਹੋਰ ਪਰਿਵਾਰਿਕ ਮੈਂਬਰਾਂ ਨਾਲ ਪਹਿਲੋਂ ਤਾਂ ਮੁੱਦਈ ਤੇ ਉਸ ਦੀ ਪਤਨੀ ਦੀ ਕੁੱਟਮਾਰ ਕੀਤੀ। ਬਾਅਦ ਵਿੱਚ ਸ਼ਰੇਆਮ ਗਲੀ ਵਿੱਚ ਕੇਸਾਂ ਤੋਂ ਫੜ ਕੇ ਮੁੱਦਈ ਤੇ ਉਸ ਦੀ ਪਤਨੀ ਨੂੰ ਘਸੀਟਿਆਂ ਅਤੇ ਸਿਰੀ ਸਾਹਿਬ ਵੀ ਖੋਹ ਕੇ ਰੱਖ ਲਿਆ ਗਿਆ। ਦੂਜੇ ਪਾਸੇ ਹਮਲਾਵਰ ਔਰਤ ਨੇ ਆਪਣਾ ਸਪਸ਼ਟੀਕਰਨ ਦਿੰਦੇ ਹੋਏ ਮੰਨਿਆ ਕਿ ਉਨ੍ਹਾਂ ਨੇ ਡਾਕਟਰ ਗੁਰਮੀਤ ਸਿੰਘ ਦੇ ਪੈਸੇ ਦੇਣੇ ਸਨ, ਪਰ ਉਹ ਕੁਝ ਦਿਨਾਂ ਦਾ ਸਮਾਂ ਮੰਗ ਰਹੇ ਸੀ। ਜਿਸ ਦੇ ਚੱਲਦਿਆਂ ਡਾਕਟਰ ਨੇ ਸਿਰੀ ਸਾਹਿਬ ਕੱਢ ਲਿਆ ਅਤੇ ਹੱਥੋਂਪਾਈ ਹੋ ਗਈ। ਦੂਜੇ ਪਾਸੇ ਥਾਣਾ ਤਲਵੰਡੀ ਭਾਈ ਦੇ ਪੁਲਿਸ ਅਧਿਕਾਰੀ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਅੰਮ੍ਰਿਤਧਾਰੀ ਡਾਕਟਰ ਗੁਰਮੀਤ ਸਿੰਘ ਅਤੇ ਉਸ ਦੀ ਪਤਨੀ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਹੋਇਆ ਕਾਰਵਾਈ ਕੀਤੀ ਜਾ ਰਹੀ ਹੈ।