ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ’ ਦੇ ਬੈਨਰ ਹੇਠ ਮੁਲਾਜ਼ਮਾਂ ਨੇ ਜ਼ੀਰਾ ਮੋਰਚੇ ਵਿੱਚ ਸ਼ਮੂਲੀਅਤ ਕੀਤੀ
‘ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ’ ਦੇ ਬੈਨਰ ਹੇਠ ਮੁਲਾਜ਼ਮਾਂ ਨੇ ਜ਼ੀਰਾ ਮੋਰਚੇ ਵਿੱਚ ਸ਼ਮੂਲੀਅਤ ਕੀਤੀ
ਜ਼ੀਰਾ, 3 ਜਨਵਰੀ, 2023: ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀ.ਐਮ.ਐਫ.) ਦੀ ਅਗਵਾਈ ਹੇਠ ਅੱਜ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਜ਼ੀਰਾ ਵਿਖੇ ਮਾਲਬਰੋਜ਼ ਸ਼ਰਾਬ ਫੈਕਟਰੀ ਦੇ ਪ੍ਰਦੂਸ਼ਣ ਖ਼ਿਲਾਫ ਚੱਲ ਰਹੇ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ। ਡੀ.ਐਮ.ਐਫ. ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ.) ਦੇ ਆਗੂ ਕੁਲਵਿੰਦਰ ਸਿੰਘ ਜੋਸਨ, ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ, ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਦੇ ਆਗੂ ਪਰਮਜੀਤ ਕੌਰ ਮੁਦਕੀ ਅਤੇ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਪਵਨ ਕੁਮਾਰ ਮੋਂਗਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਮੁਲਾਜ਼ਮ ਨਾਅਰੇ ਮਾਰਦੇ ਹੋਏ ਜ਼ੀਰਾ ਮੋਰਚੇ ਦੇ ਪੰਡਾਲ ਵਿੱਚ ਸ਼ਾਮਲ ਹੋਏ।
ਮੋਰਚੇ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ, ਰਾਜੀਵ ਬਰਨਾਲਾ, ਸਰਬਜੀਤ ਕੌਰ ਮਚਾਕੀ, ਬਲਬੀਰ ਸਿੰਘ ਸਿਵੀਆਂ ਅਤੇ ਰਾਮਜੀ ਸਿੰਘ ਨੇ ਕਿਹਾ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦਾ ਇਹ ਸੰਘਰਸ਼ ਸਾਡਾ ਸਭ ਦਾ ਸਾਂਝਾ ਹੈ ਅਤੇ ਇਸ ਨੂੰ ਜਿੱਤ ਤੱਕ ਪਹੁੰਚਣਾ ਸਾਡੀ ਜ਼ਿੰਮੇਵਾਰੀ ਹੈ। ਉਹਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੁਰੱਪਸ਼ਨ ਅਤੇ ਨੁਕਸਦਾਰ ਉਦਯੋਗਿਕ ਨੀਤੀ ਦੇ ਸਿੱਟੇ ਵਜੋਂ ਫੈਕਟਰੀਆਂ ਦੁਆਰਾ ਧਰਤੀ ਦੇ ਕੁਦਰਤੀ ਸਰੋਤਾਂ ਨੂੰ ਧੜਾ ਧੜ ਪਲੀਤ ਕਰਕੇ ਪੰਜਾਬ ਦੇ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਜਾ ਰਿਹਾ ਹੈ।
ਡੀ.ਐਮ.ਐਫ. ਦੇ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਮੌਤ ਵੰਡਣ ਦੇ ਬਦਲੇ ਵਿੱਚ ਮਿਲਣ ਵਾਲੇ ਰੁਜ਼ਗਾਰ ਦਾ ਸੌਦਾ ਪੰਜਾਬ ਨੂੰ ਮਨਜ਼ੂਰ ਨਹੀਂ ਹੈ ਅਤੇ ਪੰਜਾਬ ਦੀ ਮਿੱਟੀ, ਹਵਾ ਅਤੇ ਪਾਣੀਆਂ ਨੂੰ ਬਚਾਉਣ ਲਈ ਲੜੇ ਜਾਣ ਵਾਲੇ ਕਿਸੇ ਵੀ ਸੰਘਰਸ਼ ਵਿੱਚ ਪੰਜਾਬ ਦੇ ਮੁਲਾਜ਼ਮ ਕਿਸਾਨਾਂ ਮਜ਼ਦੂਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੇ।
ਇਸ ਮੌਕੇ ਨਵਪ੍ਰੀਤ ਸਿੰਘ ਫਰੀਦਕੋਟ, ਸੁਖਵਿੰਦਰ ਸਿੰਘ ਲੀਲ੍ਹ, ਰਮਨਜੀਤ ਸਿੰਘ ਸੰਧੂ, ਗੁਰਜੀਤ ਕੌਰ ਸ਼ਾਹਕੋਟ, ਗੁਰਮੁਖ ਸਿੰਘ ਫਗਵਾੜਾ, ਪ੍ਰਤਾਪ ਸਿੰਘ ਠੱਠਗੜ੍ਹ, ਅਵਤਾਰ ਸਿੰਘ ਖਾਲਸਾ, ਬਲਬੀਰ ਸਿੰਘ ਗਿੱਲਾਂਵਾਲਾ, ਪ੍ਰਮਾਤਮਾ ਸਿੰਘ ਅਤੇ ਗੁਰਪ੍ਰੀਤ ਸਿੰਘ ਮੋਗਾ ਆਦਿ ਵੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ।