Ferozepur News
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵੱਲੋਂ ਡੀ.ਐੱਸ.ਈ. (ਐਲੀਮੈਂਟਰੀ) ਨਾਲ ਪੈਨਲ ਮੀਟਿੰਗ
ਪ੍ਰਾਇਮਰੀ ਅਧਿਆਪਕਾਂ ਦੀਆਂ ਪੈਂਡਿੰਗ ਤਰੱਕੀਆਂ, ਭਰਤੀਆਂ ਅਤੇ ਬਦਲੀਆਂ 'ਤੇ ਕੀਤੀ ਵਿਸਤ੍ਰਿਤ ਚਰਚਾ, ਤਰੱਕੀਆਂ ਅਤੇ ਬਦਲੀਆਂ ਬਾਰੇ ਮਿਲੇ ਠੋਸ ਭਰੋਸੇ
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵੱਲੋਂ ਡੀ.ਐੱਸ.ਈ. (ਐਲੀਮੈਂਟਰੀ) ਨਾਲ ਪੈਨਲ ਮੀਟਿੰਗ
ਪ੍ਰਾਇਮਰੀ ਅਧਿਆਪਕਾਂ ਦੀਆਂ ਪੈਂਡਿੰਗ ਤਰੱਕੀਆਂ, ਭਰਤੀਆਂ ਅਤੇ ਬਦਲੀਆਂ ‘ਤੇ ਕੀਤੀ ਵਿਸਤ੍ਰਿਤ ਚਰਚਾ
ਤਰੱਕੀਆਂ ਅਤੇ ਬਦਲੀਆਂ ਬਾਰੇ ਮਿਲੇ ਠੋਸ ਭਰੋਸੇ
ਫ਼ਿਰੋਜ਼ਪੁਰ 13 ਜੁਲਾਈ, 2024: ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਦੇ ਵਫ਼ਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਪ੍ਰਾਇਮਰੀ ਅਧਿਆਪਕਾਂ ਅਤੇ ਸਕੂਲਾਂ ਨਾਲ ਸੰਬੰਧਿਤ ਭਖਦੇ ਮਸਲਿਆਂ ਨੂੰ ਲੈ ਕੇ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਸ਼੍ਰੀਮਤੀ ਅਮਨਿੰਦਰ ਕੌਰ ਨਾਲ ਪੈਨਲ ਮੀਟਿੰਗ ਹੋਈ, ਜਿਸ ਦੌਰਾਨ ਸਹਾਇਕ ਡਾਇਰੈਕਟਰ ਕੁਲਦੀਪ ਸਿੰਘ ਬਾਠ ਸਮੇਤ ਦਫ਼ਤਰ ਦੇ ਹੋਰ ਆਲਾ ਅਧਿਕਾਰੀ ਅਤੇ 6635 ਈਟੀਟੀ ਟੀਚਰ ਯੂਨੀਅਨ ਦੇ ਆਗੂ ਜਰਨੈਲ ਸਿੰਘ, 5994 ਈਟੀਟੀ ਬੇਰੁਜ਼ਗਾਰ ਅਧਿਆਪਕ ਯੂਨੀਅਨ ਤੋਂ ਬੱਗਾ ਸਿੰਘ ਖੁਡਾਲ ਵੀਂ ਮੌਜੂਦ ਰਹੇ।ਡੀਟੀਐੱਫ ਪੰਜਾਬ ਦੇ ਸੂਬਾ ਮੀਤ ਪ੍ਰਧਾਨਾਂ ਜਗਪਾਲ ਬੰਗੀ, ਰਾਜੀਵ ਬਰਨਾਲਾ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ ਅਤੇ ਸੂਬਾ ਪ੍ਰੈਸ ਸਕੱਤਰ ਪਵਨ ਕੁਮਾਰ ਨੇ ਦੱਸਿਆ ਕਿ ਕਈ ਸਾਲਾਂ ਤੋਂ ਲਟਕੀ ਈਟੀਟੀ ਤੋਂ ਮਾਸਟਰ ਕਾਡਰ ਦੀ ਤਰੱਕੀ ਨੇਪਰੇ ਚਾੜ੍ਹਨ ਸੰਬੰਧੀ ਲੋੜੀਂਦੀ ਨਿਯਮ ਤਬਦੀਲੀ ਦਾ ਮਾਮਲਾ ਪ੍ਰਸੋਨਲ ਵਿਭਾਗ ਵਿੱਚ ਪੈਂਡਿੰਗ ਕੰਮ ਅਗਸਤ ਮਹੀਨੇ ਵਿੱਚ ਪੂਰਾ ਹੋਣ ਦੀ ਉਮੀਦ ਜਤਾਈ ਗਈ ਅਤੇ ਈਟੀਟੀ ਤੋਂ ਐੱਚਟੀ ਅਤੇ ਐੱਚਟੀ ਤੋਂ ਸੀਐੱਚਟੀ ਦੀ ਪੈਂਡਿੰਗ ਤਰੱਕੀ ਵੀ ਜਲਦ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ।
ਡੀਐੱਸਈ ਨੇ ਅਗਲੇ 10 ਦਿਨਾਂ ਰਹਿੰਦੇ ਜਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਨਿਯੁਕਤੀਆਂ ਕਰਨ ਅਤੇ ਮਾਲੇਰਕੋਟਲਾ ਨਵਾਂ ਜਿਲ੍ਹਾ ਬਣਨ ਦੇ ਬਾਵਜੂਦ ਕੋਈ ਪੱਕੀ ਅਸਾਮੀ ਨਾ ਹੋਣ ਦਾ ਮਾਮਲਾ ਵੀ ਹੱਲ ਕਰਨ ਦੀ ਗੱਲ ਆਖੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੈਂਟਰ ਹੈਡ ਟੀਚਰ (ਸੀਐੱਚਟੀ) ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਦੀ ਤਰੱਕੀ ਪ੍ਰਕ੍ਰਿਆ ਜਲਦ ਪੂਰੀ ਕੀਤੀ ਜਾਵੇਗੀ। ਬੀਪੀਈਓ ਪੋਸਟ ਦੀ ਜਿੰਮੇਵਾਰੀ ਅਤਿ ਮਹੱਤਵਪੂਰਨ ਹੋਣ ਦੇ ਮੱਦੇਨਜ਼ਰ ਸਿੱਧੇ ਪ੍ਰਿੰਸੀਪਲ ਕਾਡਰ ਰਾਹੀਂ ਤਰੱਕੀ ਚੈਨਲ ਦਾ ਨਿਰਮਾਣ ਕਰਕੇ ਅੱਗੇ ਵਧਾਉਣ ਦੀ ਮੰਗ ਨੂੰ ਪੂਰੀ ਤਰ੍ਹਾਂ ਵਾਜਿਬ ਮੰਨਦਿਆਂ ਜਲਦ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਐਸੋਸ਼ੀਏਟ ਟੀਚਰਜ਼ ਵਿੱਚੋਂ 10 ਸਾਲ ਪੂਰੇ ਕਰ ਚੁੱਕੇ ਰਹਿੰਦੇ ਅਧਿਆਪਕਾਂ ਨੂੰ ਜਲਦ ਆਰਡਰ ਦੇਣ ਦਾ ਭਰੋਸਾ ਦਿੱਤਾ ਗਿਆ। ਇਹਨਾਂ ਅਧਿਆਪਕਾਂ ਦੀ ਤਨਖ਼ਾਹ ਬਾਕੀ ਰੈਗੂਲਰ ਅਧਿਆਪਕਾਂ ਦੇ ਬਰਾਬਰ ਰੱਖਣ, ਪੁਰਾਣੀ ਸੇਵਾ ਨੂੰ ਬਦਲੀਆਂ ਲਈ ਸਟੇਅ ਵਿੱਚ ਗਿਣਨ ਅਤੇ ਤਰਸ ਅਧਾਰਿਤ ਨਿਯੁਕਤੀ ਦੇ ਮਾਮਲੇ ਹਮਦਰਦੀ ਨਾਲ ਵਿਚਾਰਣ ਦੀ ਮੰਗ ਵੀਂ ਕੀਤੀ ਗਈ।ਡੀ.ਐੱਸ.ਈ. (ਐ:) ਵੱਲੋਂ ਭਰੋਸਾ ਦਿੱਤਾ ਗਿਆ ਕਿ ਸ਼ੈਸ਼ਨ 2024-25 ਲਈ ਅਧਿਆਪਕਾਂ ਦੀ ਬਦਲੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇਗੀ। ਜਥੇਬੰਦੀ ਵੱਲੋਂ ਦੂਰ ਦੁਰਾਡੇ ਭਰਤੀ 6635 ਈਟੀਟੀ ਅਧਿਆਪਕਾਂ ਨੂੰ ਵੀ ਮੌਜੂਦਾ ਸੈਸ਼ਨ ਵਿੱਚ ਹੀ ਬਦਲੀ ਕਰਵਾਉਣ ਦਾ ਮੌਕਾ ਦੇਣ ਦੀ ਮੰਗ ਰੱਖੀ ਗਈ। 5994, 2364, 6635 ਈਟੀਟੀ ਭਰਤੀਆਂ ਅਤੇ 2000 ਪੀਟੀਆਈ ਭਰਤੀ ਨੂੰ ਮੁਕੰਮਲ ਕਰਕੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਰੱਖੀ ਗਈ। ਅਧਿਕਾਰੀਆਂ ਨੇ 5994 ਭਰਤੀ ਮਿਥੇ ਸਮੇਂ ‘ਤੇ ਪੂਰੀ ਕਰਨ ਦਾ ਭਰੋਸਾ ਦਿੱਤਾ ਗਿਆ। ਕਥਿਤ ਭ੍ਰਿਸ਼ਟਾਚਾਰ ਅਤੇ ਵੱਡੀਆਂ ਬੇਨਿਯਮੀਆਂ ਦੀ ਦੋਸ਼ੀ ਬੀ.ਪੀ.ਈ.ਓ. ਜਖਵਾਲੀ (ਫਤਹਿਗੜ੍ਹ ਸਾਹਿਬ) ਸੰਬੰਧੀ ਰੈਗੂਲਰ ਪੜਤਾਲ ਦੇ ਮਾਮਲੇ ਵਿੱਚ ਕੁੱਝ ਅਧਿਕਾਰੀਆਂ ਦੇ ਅੜਿੱਕਾ ਬਣਨ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ.ਐੱਸ.ਈ. ਵੱਲੋਂ ਤੁਰੰਤ ਜਵਾਬ ਤਲਬੀ ਕਰਨ ਦੇ ਨਿਰਦੇਸ਼ ਦਿੱਤੇ ਗਏ।
ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਵਿਦਿਆਰਥੀਆਂ ਦੀ ਵਰਦੀ ਲਈ ਰਾਸ਼ੀ ਵਿੱਚ ਵਾਧਾ ਕਰਦਿਆਂ ਸਾਰੇ ਵਰਗਾਂ ਦੇ ਵਿਦਿਆਰਥੀਆਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਸੇਲਫ ਹੈਲਪ ਗਰੁੱਪ ਰਾਹੀਂ ਵਰਦੀਆਂ ਤਿਆਰ ਕਰਵਾਉਣ ਦਾ ਗੈਰ ਵਾਜਿਬ ਫੈਸਲਾ ਵਾਪਿਸ ਲੈ ਕੇ ਪਹਿਲਾਂ ਵਾਂਗ ਸਕੂਲ ਮੈਂਨੇਜ਼ਮੈਂਟ ਕਮੇਟੀਆਂ ਨੂੰ ਸਾਰੀ ਜਿੰਮੇਵਾਰੀ ਦਿੱਤੀ ਜਾਵੇ। ਸਿੰਗਲ ਟੀਚਰ ਅਤੇ ਟੀਚਰਲੈੱਸ ਪ੍ਰਾਇਮਰੀ ਸਕੂਲਾਂ ਵਿੱਚ ਪਹਿਲ ਦੇ ਅਧਾਰ ‘ਤੇ ਲੋੜੀਦੀਆਂ ਪੋਸਟਾਂ ਦਿੰਦਿਆਂ ਨਿਯੁਕਤੀ ਕਰਨ ਦੀ ਮੰਗ ਕੀਤੀ ਗਈ। ਐੱਨਟੀਟੀ ਦੀ ਨਵੀਂ ਭਰਤੀ ਬਾਰੇ ਅਧਿਕਾਰੀਆਂ ਦਾ ਰਵਈਆ ਨਾ ਪੱਖੀ ਰਿਹਾ। ਮਿਡ ਡੇ ਮੀਲ ਦੀ ਰਾਸ਼ੀ ਵਿੱਚ ਢੁੱਕਵਾਂ ਵਾਧਾ ਕਰਨ ਅਤੇ ਫ਼ਲ ਵੰਡਣ ਦਾ ਕੰਮ 15 ਦਿਨ ਵਿੱਚ ਇੱਕ ਵਾਰ ਅਨੁਸਾਰ ਮੌਜੂਦਾ ਪੰਜ ਰੁਪਏ ਦੀ ਥਾਂ 10 ਰੁਪਏ ਪ੍ਰਤੀ ਫਲ ਕਰਨ ਦਾ ਭਰੋਸਾ ਦਿੱਤਾ ਗਿਆ। ਮਿਡ ਡੇ ਮੀਲ ਲਈ ਪ੍ਰਾਇਮਰੀ ਵਿੱਚ ਚਾਰ-ਚਾਰ ਥਾਈਂ ਲਗਾਏ ਜਾਂਦੇ ਰਜਿਸਟਰਾਂ ਦਾ ਕੰਮ ਤਰਕਸੰਗਤ ਕਰਨ ਦਾ ਮਿਡ ਡੇ ਮੀਲ ਸੈੱਲ ਦੇ ਜਨਰਲ ਮਨੇਜ਼ਰ ਵੱਲੋਂ ਭਰੋਸਾ ਦਿੱਤਾ ਗਿਆ। ਈਟੀਟੀ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕਰਨ ਸੰਬੰਧੀ ਡੀ.ਐੱਸ.ਈ. (ਐ:) ਵੱਲੋਂ ਜ਼ਮੀਨੀ ਸਥਿਤੀ ਅਨੁਸਾਰ ਜਲਦ ਪੋਸਟਾਂ ਦੀ ਮੁੜ ਬਹਾਲੀ ਨੂੰ ਵਿਚਾਰਨ ਦੀ ਗੱਲ ਆਖੀ ਗਈ। ਹਰੇਕ ਪ੍ਰਾਇਮਰੀ ਸਕੂਲ ਵਿੱਚ ਪੋਸਟ ਦੇਣ ਅਤੇ 100 ਤੋਂ ਵਧੇਰੇ ਗਿਣਤੀ ਵਾਲੇ ਸਕੂਲਾਂ ਵਿੱਚ ਐੱਚਟੀ ਨੂੰ ਪ੍ਰਬੰਧਕੀ ਪੋਸਟ ਮੰਨਣ ਦੀ ਮੰਗ ਤਰਕਪੂਰਨ ਢੰਗ ਨਾਲ ਰੱਖੀ ਗਈ। ਸਿੱਧੀ ਭਰਤੀ 375 ਸੀਐੱਚਟੀ ਵਿੱਚੋਂ ਪਹਿਲਾਂ ਐੱਚ.ਟੀ. ਵਜੋਂ ਕੀਤੀ ਸੇਵਾ ਦੇ ਸਮੇਂ ਨੂੰ ਮਰਜ਼ ਕਰਕੇ ਪਰਖ ਸਮਾਂ ਪੂਰਾ ਮੰਨਣ ਦੇ ਮਾਮਲੇ ਨੂੰ ਹਰ ਪੱਖੋਂ ਵਿਚਾਰਨ ਦੀ ਗੱਲ ਆਖੀ ਗਈ। ਸਿੱਧੀ ਭਰਤੀ 1558 ਐੱਚਟੀ ਅਤੇ 375 ਸੀਐੱਚਟੀ ਦੀ ਸਮੁੱਚੀ ਭਰਤੀ ਲਈ ਪੰਜਾਬ ਤਨਖ਼ਾਹ ਸਕੇਲ ਰੱਖਣ ਦੀ ਮੰਗ ਵੀ ਪੁਰਜ਼ੋਰ ਢੰਗ ਨਾਲ ਰੱਖੀ ਗਈ। ਸਾਰੇ ਪ੍ਰਾਇਮਰੀ ਸਕੂਲਾਂ ਲਈ ਸਫਾਈ ਸੇਵਕ (100 ਵਿਦਿਆਰਥੀਆਂ ਦੀ ਹੱਦ ਖਤਮ ਕਰਨ), ਕੰਪਿਊਟਰ ਅਧਿਆਪਕਾਂ, ਪੀਟੀਆਈਜ਼, ਕਲਰਕਾਂ, ਸੇਵਾਦਾਰਾਂ ਅਤੇ ਚੌਕੀਦਾਰਾਂ ਦੀ ਵੱਖਰੀ ਭਰਤੀ ਦੇ ਇਸ਼ਤਿਹਾਰ ਜ਼ਾਰੀ ਕਰਕੇ ਨਵੀਂ ਭਰਤੀ ਕਰਨ ਦੀ ਮੰਗ ਵੀ ਰੱਖੀ ਗਈ। ਸ਼ੈਸ਼ਨ 2023-24 ਵਿੱਚ ਸਮੱਗਰਾ ਅਧੀਨ ਅੱਧ-ਵਿਚਾਲੇ ਵਾਪਿਸ ਲਈਆਂ ਗ੍ਰਾਟਾਂ ਮੁੜ ਭੇਜਣ ਦਾ ਮਾਮਲਾ ਕੇਂਦਰ ਸਰਕਾਰ ਵੱਲੋਂ ਰੋਕੀਆਂ ਗ੍ਰਾਂਟਾਂ ਨਾਲ ਸੰਬੰਧਿਤ ਹੋਣ ਅਤੇ ਪੰਜਾਬ ਸਰਕਾਰ ਦੇ ਪੱਧਰ ‘ਤੇ ਵਿਚਾਰ ਅਧੀਨ ਹੋਣ ਦੀ ਗੱਲ ਆਖੀ ਗਈ।
ਜਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਸ਼ਿਫਟ ਹੋਏ ਅਧਿਆਪਕਾਂ ਦੇ ਸੀਪੀਐੱਫ ਦੇ ਬਕਾਏ ਅਤੇ ਤਨਖਾਹ ਅਨਾਮਲੀ ਦੇ ਮਾਮਲੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਡੀਟੀਐੱਫ ਆਗੂ ਜੋਸ਼ੀਲ ਤਿਵਾੜੀ (ਜਿਲ੍ਹਾ ਸਕੱਤਰ ਫਤਿਹਗੜ੍ਹ ਸਾਹਿਬ), ਜਸਪਾਲ ਚੌਧਰੀ (ਜਿਲ੍ਹਾ ਸਕੱਤਰ ਪਟਿਆਲਾ), ਮਨਦੀਪ ਸਿੰਘ ਮੁਕਤਸਰ, ਇੰਦਰਸੁਖਦੀਪ ਸਿੰਘ (ਜਿਲ੍ਹਾ ਸਕੱਤਰ ਹੁਸ਼ਿਆਰਪੁਰ), ਮਨਜੀਤ ਸਿੰਘ ਦਸੂਹਾ, ਮਨਜੀਤ ਸਿੰਘ ਬਾਬਾ, ਵਰਿੰਦਰ ਸਿੰਘ, ਸਮਰ ਮਾਨਸਾ, ਬਲਜਿੰਦਰ ਸਿੰਘ, ਪਰਮਜੀਤ ਸਿੰਘ ਕਪੂਰਥਲਾ, ਰਿੰਕੂ ਕੁਮਾਰ ਗੋਬਿੰਦ ਸਿੰਘ ਬਠਿੰਡਾ ਅਤੇ ਜਸਪਾਲ ਸਿੰਘ ਆਦਿ ਮੌਜੂਦ ਰਹੇ।