ਡੇਅਰੀਆਂ 'ਤੇ ਵਿਭਾਗੀ ਟੀਮ ਵਲੋਂ ਅਚਨਚੇਤ ਛਾਪੇਮਾਰੀ – ਦੁਕਾਨਦਾਰਾਂ 'ਚ ਮੱਚਿਆਂ ਹੜਕੰਪ
ਡੇਅਰੀਆਂ 'ਤੇ ਵਿਭਾਗੀ ਟੀਮ ਵਲੋਂ ਅਚਨਚੇਤ ਛਾਪੇਮਾਰੀ
– ਦੁਕਾਨਦਾਰਾਂ 'ਚ ਮੱਚਿਆਂ ਹੜਕੰਪ
ਗੁਰੂਹਰਸਹਾਏ, 17 ਜੁਲਾਈ (ਪਰਮਪਾਲ ਗੁਲਾਟੀ)- ਮਿਲਾਵਟੀ ਦੁੱਧ ਵੇਚਣ ਵਾਲਿਆਂ ਵਿਰੁੱਧ ਜਿਲ•ਾ ਪ੍ਰਸ਼ਾਸ਼ਨ ਵਲੋਂ ਵਿੱਢੀ ਮੁਹਿੰਮ ਤਹਿਤ ਸਥਾਨਕ ਗੁਰੂਹਰਸਹਾਏ ਇਲਾਕੇ ਅੰਦਰ ਵੱਖ-ਵੱਖ ਦੁਕਾਨਾਂ 'ਤੇ ਛਾਪੇਮਾਰੀ ਕਰਕੇ ਦੁੱਧ ਦੇ ਸੈਂਪਲ ਭਰੇ ਗਏ। ਵਿਭਾਗੀ ਟੀਮ ਵਲੋਂ ਕੀਤੀ ਇਸ ਛਾਪੇਮਾਰੀ ਦੀ ਖ਼ਬਰ ਸੁਣਦਿਆ ਹੀ ਇਲਾਕੇ ਅੰਦਰ ਸਮੂਹ ਡੇਅਰੀਆਂ ਵਾਲਿਆਂ ਵਿਚ ਹੜਕੰਪ ਮੱਚ ਗਿਆ ਅਤੇ ਆਪਣਾ ਸਮਾਨ ਇਧਰ-ਉਧਰ ਕਰਨ ਲੱਗੇ। ਇਸ ਅਧੀਨ ਡੀ.ਐਚ.ਓ ਡਾ. ਸੁਰਿੰਦਰ ਕੁਮਾਰ ਅਤੇ ਫੂਡ ਸੇਫਟੀ ਅਫ਼ਸਰ ਮਨਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਟੀਮ ਨੇ ਡੇਅਰੀਆਂ ਉਪਰ ਛਾਪੇਮਾਰੀ ਕੀਤੀ ਗਈ ਅਤੇ ਦੁਕਾਨਦਾਰਾਂ ਵਲੋਂ ਵੇਚੇ ਜਾ ਰਹੇ ਮਿਲਾਵਟੀ ਦੁੱਧ ਦੇ ਸੈਂਪਲ ਭਰੇ ਗਏ। ਇਸ ਮੌਕੇ ਪਹੁੰਚੇ ਅਧਿਕਾਰੀ ਡਾ. ਸੁਰਿੰਦਰ ਕੁਮਾਰ ਡੀ.ਐਚ.ਓ ਨੇ ਦੱਸਿਆ ਕਿ ਦੁਕਾਨਾਂ ਤੋਂ ਲਏ ਗਏ ਦੁੱਧ ਦੇ ਸੈਂਪਲ ਲੈਬਾਰਟਰੀ ਵਿਚ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਗੁਪਤ ਸੂਚਨਾ ਮਿਲੀ ਕਿ ਕੁਝ ਦੁਕਾਨਦਾਰ ਮਿਲਾਵਟੀ ਦੁੱਧ ਲਿਆ ਕੇ ਵੇਚ ਰਹੇ ਹਨ ਅਤੇ ਮੋਟੀ ਰਕਮ ਕਮਾ ਰਹੇ ਹਨ, ਜਿਸ ਨਾਲ ਉਹ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਆਉਣ ਵਾਲੇ ਸਮੇਂ ਵਿਚ ਵੀ ਮਿਲਾਵਟਖੋਰਾਂ ਨੂੰ ਬਖਸ਼ਿਆਂ ਨਹੀਂ ਜਾਵੇਗਾ। ਇਸ ਸਮੇਂ ਅਮੋਲਕ ਸਿੰਘ, ਗੁਰਿੰਦਰ ਸਿੰਘ, ਗੁਰਮੀਤ ਸਿੰਘ ਆਦਿ ਵੀ ਹਾਜ਼ਰ ਸਨ।