ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਅਤੇ ਮੰਗ ਪੱਤਰ
Ferozepur, September 6, 2017 (FNB); ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਅਤੇ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ ਗਿਆ ਹੈ। ਇਸੇ ਦੇ ਚੱਲਦਿਆਂ ਅੱਜ ਸੂਬਾ ਕਮੇਟੀ ਵੱਲੋਂ ਉਲੀਕੇ ਗਏ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਗੇਟ ਰੈਲੀਆਂ ਵਿੱਚ ਸਮੂਹ ਕਰਮਚਾਰੀ ਸ਼ਾਮਿਲ ਹੋਏ ਅਤੇ ਰੈਲੀ ਨੂੰ ਪੂਰਨ ਸਫਲ ਬਣਾਇਆ ਗਿਆ। ਇਸ ਰੈਲੀ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਥਿੰਦ ਨੇ ਕੀਤੀ। ਮੰਗਾਂ ਸਬੰਧੀ ਦੱਸਦੇ ਹੋਏ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਥਿੰਦ ਨੇ ਦੱਸਿਆ ਕਿ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਵਿੱਚ ਕੋਈ ਵੀ ਪ੍ਰਗਤੀ ਨਜ਼ਰ ਨਹੀਂ ਆ ਰਹੀ, ਇਹ ਫਾਈਲਾਂ ਪ੍ਰੇਖਣਾਂ ਵਿੱਚ ਘੁੰਮ ਰਹੀਆਂ ਹਨ। ਪਿਛਲੇ ਇੱਕ ਸਾਲ ਤੋਂ ਸੁਪਰਡੰਟ ਗਰੇਡ-ਇੱਕ ਲਈ ਡੀ.ਪੀ.ਸੀ. ਦੀ ਮੀਟਿੰਗ ਨਹੀਂ ਰੱਖੀ ਗਈ। ਕੁੱਝ ਜ਼ਿਲ੍ਹਿਆਂ ਦੇ ਸੁਪਰਡੈਂਟ ਗਰੇਡ-ਦੋ, ਨਿੱਜੀ ਸਹਾਇਕਾਂ, ਸੀਨੀਅਰ ਸਹਾਇਕਾਂ ਅਤੇ ਮਨਿਸਟਰੀਅਲ ਵਿੱਚੋਂ ਨਾਇਬ ਤਹਿਸੀਲਦਾਰ, ਤਹਿਸੀਲਦਾਰ ਦੇ ਪਦ-ਉੱਨਤੀ ਕੇਸਾਂ ਨੂੰ ਬੇਵਜ੍ਹਾ ਲਮਕਾਇਆ ਜਾ ਰਿਹਾ ਹੈ। ਉਨ੍ਹਾਂ 'ਤੇ ਤਰ੍ਹਾਂ-ਤਰ੍ਹਾਂ ਦੇ ਇਤਰਾਜ਼ ਲਗਾਏ ਜਾ ਰਹੇ ਹਨ। ਜਿਸ ਦੇ ਤਹਿਤ ਮਜਬੂਰਨ ਉਨ੍ਹਾਂ ਨੂੰ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੁਲਾਜ਼ਮ ਵਿਰੋਧੀ ਨੋਟੀਫ਼ਿਕੇਸ਼ਨ ਵਿੱਚ ਸਾਲ 2004 ਤੋਂ ਬਾਅਦ ਭਰਤੀ ਨਵੀਂ ਪੈਨਸ਼ਨ ਲਾਗੂ ਕਰਨ ਦਾ ਨੋਟੀਫ਼ਿਕੇਸ਼ਨ, ਮੁੱਢਲੇ ਤਿੰਨ ਸਾਲ ਦੀ ਨੌਕਰੀ ਦੌਰਾਨ ਬੇਸਿਕ ਤਨਖ਼ਾਹ ਤੇ ਭਰਤੀ ਕਰਨ ਦਾ ਪੱਤਰ 15 ਜਨਵਰੀ 2015 ਦਾ ਨੋਟੀਫ਼ਿਕੇਸ਼ਨ ਅਤੇ ਹੋਰ ਮੁਲਾਜ਼ਮ ਮਾਰੂ ਨੋਟੀਫ਼ਿਕੇਸ਼ਨ ਸਾੜੇ ਗਏ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ। ਸਰਕਾਰ ਨੂੰ 15 ਜਨਵਰੀ ਦਾ ਪੱਤਰ ਵਾਪਸ ਲੈਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਛੇਵੇਂ ਤਨਖ਼ਾਹ ਕਮਿਸ਼ਨ ਦੀ ਰਫ਼ਤਾਰ ਤੇਜ਼ ਕਰਕੇ ਸਮਾਂ ਬੱਧ ਰਿਪੋਰਟ ਪੇਸ਼ ਕਰਨ ਲਈ ਚੇਤਾਵਨੀ ਦਿੱਤੀ ਗਈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਥਿੰਦ ਨੇ ਦੱਸਿਆ ਗਿਆ ਕਿ ਜੇਕਰ ਹੁਣ ਵੀ ਸਰਕਾਰ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਤਿੱਖਾ ਕੀਤਾ ਜਾਵੇਗਾ, ਜਿਸ ਦੀ ਨਰੋਲ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ, ਪਿੱਪਲ ਸਿੰਘ ਜਨਰਲ ਸਕੱਤਰ, ਪ੍ਰਦੀਪ ਵਿਨਾਯਕ ਐਡੀਸ਼ਨਲ ਜਨਰਲ ਸਕੱਤਰ ਪੀ.ਸੀ.ਐਮ.ਐਸ.ਯੂ. ਫ਼ਿਰੋਜ਼ਪੁਰ, ਵਿਪਨ ਸ਼ਰਮਾ ਸਿਹਤ ਵਿਭਾਗ, ਜਗਸੀਰ ਸਿੰਘ ਪੀ.ਡਬਲਯੂ.ਡੀ ਵਿਭਾਗ, ਡੀ.ਸੀ ਦਫ਼ਤਰ ਦੇ ਵਰਿੰਦਰ ਸ਼ਰਮਾ ਅਤੇ ਹੋਰ ਅਹੁਦੇਦਾਰ ਸਮੇਤ ਸਟਾਫ਼ ਹਾਜ਼ਰ ਸਨ।