ਡੀ ਆਈ ਜੀ ਫਿਰੋਜ਼ਪੁਰ ਰੇਂਜ ਵਲੋਂ ਨਸ਼ਿਆਂ ਵਿਰੁੱਧ ਸੁਨੇਹਾ ਦਿੰਦਾਂ ਜਾਗਰੂਕਤਾ ਬੈਨਰ ਜ਼ਾਰੀ ਕੀਤਾ
ਸਿਹਤ ਅਤੇ ਪੁਲਿਸ ਵਿਭਾਗ ਦਾ ਸਾਂਝਾ ਉਪਰਾਲਾ
ਡੀ ਆਈ ਜੀ ਫਿਰੋਜ਼ਪੁਰ ਰੇਂਜ ਵਲੋਂ ਨਸ਼ਿਆਂ ਵਿਰੁੱਧ ਸੁਨੇਹਾ ਦਿੰਦਾਂ ਜਾਗਰੂਕਤਾ ਬੈਨਰ ਜ਼ਾਰੀ ਕੀਤਾ
ਸਿਹਤ ਅਤੇ ਪੁਲਿਸ ਵਿਭਾਗ ਦਾ ਸਾਂਝਾ ਉਪਰਾਲਾ
ਨਸ਼ੇ ‘ਚ ਗਰਕਦੀ ਜਾ ਰਹੀ ਨੌਜਵਾਨੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ – ਡੀ ਆਈ ਜੀ
ਸਮਾਜ ਦੇ ਹਰੇਕ ਵਿਅਕਤੀ ਨੂੰ ਨਸ਼ੇ ਖਿਲਾਫ ਇਕਜੁਟ ਹੋ ਕੇ ਮੁਹਿੰਮ ਵਿਢਣ ਦੀ ਲੋੜ- ਐਸ ਐਸ ਪੀ
ਫਿਰੋਜ਼ੁਪਰ, 3 ਜਨਵਰੀ, 2025: ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਵੱਲੋ ਨਸ਼ਾ ਮੁਕਤ ਸਮਾਜ ਦੀ ਸਿਰਜਨਾ ਦੇ ਉਦੇਸ਼ ਨਾਲ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਪਹਿਲਕਦਮੀ ਕਰਦਿਆਂ ਸਮਾਜ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਵਿਵੇਕਾਨੰਦ ਵਰਲਡ ਸਕੂਲ ਫ਼ਿਰੋਜ਼ਪੁਰ ਵਿਖੇ ਨਸ਼ਿਆਂ ਵਿਰੁੱਧ ਸੁਨੇਹਾ ਦਿੰਦਾਂ ਜਾਗਰੂਕਤਾ ਬੈਨਰ ਜ਼ਾਰੀ ਕੀਤਾ ਗਿਆ। ਬੈਨਰ ਜ਼ਾਰੀ ਕਰਨ ਦੀ ਰੱਸਮ ਡੀ ਆਈ ਜੀ ਫ਼ਿਰੋਜ਼ਪੁਰ ਰੇਂਜ ਰੰਜੀਤ ਸਿੰਘ ਢਿੱਲੋਂ ਅਤੇ ਐਸ ਐਸ ਪੀ ਮੈਡਮ ਸੋਮਿਆਂ ਮਿਸ਼ਰਾ ਵਲੋਂ ਨਿਭਾਈ ਗਈ। ਇਸ ਮੌਕੇ ਚੈਅਰਮੈਨ ਵਿਵੇਕਾਨੰਦ ਵਰਲਡ ਸਕੂਲ ਗੌਰਵ ਸਾਗਰ ਭਾਸਕਰ, ਸਿਹਤ ਵਿਭਾਗ ਤੋਂ ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਵੀ ਮੋਜੂਦ ਸਨ।
ਜਾਗਰੂਕਤਾ ਬੈਨਰ ਜ਼ਾਰੀ ਕਰਨ ਮੌਕੇ ਡੀ ਆਈ ਜੀ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਤੇ ਸਮਾਜਕ ਤਾਣੇ ਬਾਣੇ ਦੀ ਮਜਬੂਤੀ ਇਸ ਗਲ ਤੇ ਨਿਰਭਰ ਕਰਦੀ ਹੈ ਕਿ ਉਸ ਦੇਸ਼ ਦੀ ਨੌਜਵਾਨ ਪੀੜੀ ਆਪਣੇ ਦੇਸ਼ ਤੇ ਸਮਾਜ ਲਈ ਕੀ ਭੂਮਿਕਾ ਨਿਭਾ ਰਹੀ ਹੈ ਪ੍ਰੰਤੂ ਜੇਕਰ ਨੌਜਵਾਨ ਪੀੜੀ ਹੀ ਗ਼ਲਤ ਆਦਤਾਂ ਦੇ ਰਾਹੇ ਪੈ ਤਿੱਲ—ਤਿੱਲ ਕਰਕੇ ਆਪਣੀ ਜਿੰਦਗੀ ਖਰਾਬ ਕਰੇਗੀ ਤਾਂ ਉਸ਼ ਦੇਸ਼ ਤੇ ਸਮਾਜ ਦੇ ਸਾਰੇ ਵਰਗਾਂ ਨੂੰ ਸੁਚੇਤ ਹੋ ਨਸਿ਼ਆ ਖਿਲਾਫ ਮੁਹਿੰਮ ਵਿਢਣ ਦੀ ਲੋੜ ਹੈ ਤਾਂ ਜ਼ੋ ਸਵੱਸਥ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ।
ਇਸ ਮੌਕੇ ਐਸ ਐਸ ਪੀ ਮੈਡਮ ਸੋਮਿਆਂ ਮਿਸ਼ਰਾ ਨੇ ਨਸ਼ੇ ਦੇ ਮਾਰੂ ਪ੍ਰਭਾਵਾਂ ਦੇ ਵਿਰੁੱਧ ਸਮਾਜ ਦੇ ਹਰੇਕ ਵਰਗ ਨੂੰ ਸਹਿਯੋਗ ਲਈ ਅਪੀਲ ਕੀਤੀ ਗਈ ਤਾਂ ਜ਼ੋ ਨਸ਼ੇ ਦੀ ਅਲਾਮਤ ਵਿੱਚ ਫਸੀ ਨੌਜਵਾਨ ਪੀੜੀ ਨੂੰ ਸਹੀ ਰਾਹੇ ਪਾਇਆ ਜਾ ਸਕੇ।
ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਅੰਦਰੋਂ ਖੋਖਲਾ ਕਰ ਰਹੀ ਨਸਿ਼ਆਂ ਜਿਹੀ ਬਿਮਾਰੀ ਦੇ ਖਾਤਮੇ ਲਈ ਹਰੇਕ ਵਰਗ ਤੇ ਹਰੇਕ ਮਨੁੱਖ ਨੂੰ ਸੰਜੀਦਗੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਨਸ਼ੇ ਕਰਨ ਵਾਲਾ ਮਨੁੱਖ ਭਾਵੇਂ ਤਿੱਲ—ਤਿੱਲ ਕਰਕੇ ਆਪਣੀ ਜਿੰਦਗੀ ਖਰਾਬ ਕਰਦਾ ਹੈ, ਪ੍ਰੰਤੂ ਮੌਤ ਉਸ ਦੀ ਉਸੀ ਦਿਨ ਹੋ ਜਾਂਦੀ ਹੈ, ਜਦੋਂ ਉਹ ਭੈੜੇ ਨਸ਼ੇ ਦੀ ਗ੍ਰਿਫਤ ਵਿਚ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਦੇ ਮੋਢਿਆਂ ਤੇ ਹੀ ਦੇਸ਼, ਕੌਮ ਨੇ ਤਰੱਕੀ ਦੀ ਜਿੰਮੇਵਾਰੀ ਹੈ, ਪ੍ਰੰਤੂ ਸੂਬੇ ਦੇ ਨੌਜਵਾਨ ਜਿਸ ਤਰ੍ਹਾਂ ਨਸ਼ੇ ਦੇ ਦਲਦਲ ਵਿਚ ਧਸਦੇ ਜਾ ਰਹੇ ਹਨ, ਉਨ੍ਹਾਂ ਪ੍ਰਤੀ ਸਾਨੂੰ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਭਲਾਈ ਲਈ ਹਰ ਸੰਭਵ ਕੋਸਿ਼ਸ਼ ਕਰਨੀ ਚਾਹੀਦੀ ਹੈ। ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਕਰਨਾ ਸਮੇਂ ਦੀ ਅਹਿਮ ਜ਼ਰੂਰਤ ਹੈ, ਜਿਸ ਤੇ ਸਭ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
ਇਸ ਮੋਕੇ ਬੋਲਦਿਆਂ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸਿ਼ਆਂ ਵਿਰੁੱਧ ਜਾਗਰੂਕ ਕਰਨ ਦੇ ਮਨੋਰਥ ਨਾਲ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਜਾਗਰੁਕਤਾ ਮੁਹਿੰਮ ਕੀਤੀ ਗਈ ਹੈ।
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਛੱਡਣ ਵਾਲੇ ਨੌਜਵਾਨਾਂ ਲਈ ਸਿਵਲ ਹਸਪਤਾਲਾਂ ਵਿਚ ਨਸ਼ਾ ਛੁਡਾਊ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਸ ਬਾਬਤ ਨਸ਼ੇ ਦੀ ਦਲਦਲ ਵਿਚ ਫਸੇ ਨੋਜਵਾਨਾਂ ਨੂੰ ਜਾਣੂ ਕਰਵਾ ਕੇ ਉਕਤ ਕੇਂਦਰਾਂ ਵਿਚ ਜਾਣ ਲਈ ਪ੍ਰੇਰਿਤ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸੱਦਾ ਦਿੱਤਾ ਕਿ ਆਓ ਆਪਣੇ ਇਲਾਕੇ, ਜਿ਼ਲ੍ਹੇ ਤੇ ਦੇਸ਼ ਦੀ ਤਰੱਕੀ ਉੱਨਤੀ ਲਈ ਅੱਗੇ ਹੋ ਕੇ ਨਸਿ਼ਆਂ ਦੀ ਗ੍ਰਿਫਤ ਵਿਚ ਆ ਚੁੱਕੇ ਨੌਜਵਾਨਾਂ ਭਰਾਵਾਂ ਨੂੰ ਬਚਾਉਣ ਲਈ ਯੋਗ ਕਦਮ ਚੁੱਕੀਏ।ਇਸ ਮੌਕੇ ਮਾਸ ਮੀਡੀਆ ਅਫਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫਸਰ ਅੰਕੁਸ਼ ਭੰਡਾਰੀ ,ਸਕੂਲ ਪ੍ਰਿੰਸੀਪਲ ਤੇਜਿੰਦਰਪਾਲ ਕੌਰ ,ਪ੍ਰੋਫੈਸਰ ਐਸ ਐਨ ਰੁਦਰਾ, ਮੈਡਮ ਡੌਲੀ ਭਾਸਕਰ ਹਾਜ਼ਰ ਸਨ !