Ferozepur News
ਡਿਪਟੀ ਕਮਿਸ਼ਨਰ ਵੱਲੋਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ, ਆੜ੍ਹਤੀਆਂ, ਟਰਾਂਸਪੋਟਰਾਂ ਤੇ ਲੇਬਰ ਦੇ ਨੁਮਾਇੰਦਿਆਂ ਨਾਲ ਮੀਟਿੰਗ।
ਡਿਪਟੀ ਕਮਿਸ਼ਨਰ ਵੱਲੋਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ, ਆੜ੍ਹਤੀਆਂ, ਟਰਾਂਸਪੋਟਰਾਂ ਤੇ ਲੇਬਰ ਦੇ ਨੁਮਾਇੰਦਿਆਂ ਨਾਲ ਮੀਟਿੰਗ।
ਖ਼ਰੀਦ ਪ੍ਰਕ੍ਰਿਆ ਆਪਸੀ ਤਾਲ ਮੇਲ ਤੇ ਮਿਲਵਰਤਨ ਨਾਲ ਮੁਕੰਮਲ ਕਰਨ ਦੀ ਅਪੀਲ
ਰਹਿੰਦੀਆਂ ਮੰਡੀਆਂ ਦੀ ਢੋਆ-ਢੁਆਈ ਲਈ 22 ਅਪ੍ਰੈਲ ਸਵੇਰੇ 9:30 ਵਜੇ ਤੱਕ ਖੁੱਲ੍ਹੀ ਰਹੇਗੀ ਟੈਂਡਰ ਭਰਨ ਦੀ ਪ੍ਰਕ੍ਰਿਆ।
ਫਿਰੋਜ਼ਪੁਰ 21 ਅਪ੍ਰੈਲ (M.L.Tiwari ) ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਜ਼ਿਲ੍ਹੇ ਦੇ ਖ਼ਰੀਦ ਕੇਂਦਰਾਂ ਵਿਚ ਕਣਕ ਦੀ ਖ਼ਰੀਦ ਪ੍ਰਕ੍ਰਿਆ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ, ਆੜ੍ਹਤੀਆਂ, ਟਰਾਂਸਪੋਟਰਾਂ ਅਤੇ ਲੇਬਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖ਼ਰੀਦ ਏਜੰਸੀਆਂ ਦੇ ਅਧਿਕਾਰੀ, ਆੜ੍ਹਤੀਏ, ਟਰੱਕ ਅਪਰੇਟਰਾਂ ਅਤੇ ਲੇਬਰ ਆਪਸੀ ਤਾਲ ਮੇਲ ਨਾਲ ਖ਼ਰੀਦ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਣਕ ਦੀ ਲਿਫ਼ਟਿੰਗ ਅਤੇ ਭਰਾਈ ਆਦਿ ਲਈ ਰੇਟ ਨਿਸ਼ਚਤ ਕੀਤੇ ਗਏ ਹਨ ਅਤੇ ਪੂਰੇ ਭਾਰਤ ਵਿਚ ਇਨ੍ਹਾਂ ਰੇਟਾਂ ਅਨੁਸਾਰ ਅਦਾਇਗੀ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਲਿਫ਼ਟਿੰਗ ਤੇ ਭਰਾਈ ਆਦਿ ਦੇ ਟੈਂਡਰ ਸਰਕਾਰ ਵੱਲੋਂ ਆਨ ਲਾਈਨ 22 ਅਪ੍ਰੈਲ ਸਵੇਰੇ 9:30 ਤੱਕ ਲਏ ਜਾਣਗੇ। ਉਨ੍ਹਾਂ ਟਰੱਕ ਅਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਟੈਂਡਰ ਪ੍ਰਕ੍ਰਿਆ ਵਿਚ ਵੱਧ ਤੋ ਵੱਧ ਭਾਗ ਲੈਣ। ਇਸ ਮੌਕੇ ਜਿਲ੍ਹੇ ਨਾਲ ਸਬੰਧਿਤ ਟਰੱਕ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਰਹਿੰਦੀਆਂ ਮੰਡੀਆਂ ਦੇ ਟੈਂਡਰ ਪਾ ਕੇ ਕਣਕ ਦੀ ਲਿਫਟਿੰਗ ਲਈ ਜਿਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣਗੇ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਉਨ੍ਹਾਂ ਦੇ ਨੁਮਾਇੰਦਿਆਂ ਦੀ ਪੰਜਾਬ ਸਰਕਾਰ ਨਾਲ ਹੋਈ ਗੱਲਬਾਤ ਤੋ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ। ਇਸ ਮੌਕੇ ਸ੍ਰ. ਲਖਬੀਰ ਸਿੰਘ ਐਸ.ਪੀ (ਐਚ) ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਖ਼ਰੀਦ ਕੇਂਦਰਾਂ ਵਿਚ ਸੁਰੱਖਿਆ ਸਬੰਧੀ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਤੁਰੰਤ ਪੁਲੀਸ ਨਾਲ ਸੰਪਰਕ ਕਰਨ।
ਇਸ ਮੀਟਿੰਗ ਵਿਚ ਸ੍ਰੀ.ਅਮਿਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ (ਜਨ:), ਸ੍ਰੀ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜ਼ਪੁਰ, ਸ੍ਰ.ਜਸਪਾਲ ਸਿੰਘ ਐਸ.ਡੀ.ਐਮ ਜ਼ੀਰਾ, ਸ੍ਰ.ਚਰਨਦੀਪ ਸਿੰਘ ਡੀ.ਟੀ.ਓ, ਸ੍ਰ.ਸੱਤਪਾਲ ਸਿੰਘ ਤਲਵੰਡੀ ਭਾਈ ਮੈਬਰ ਐਸ.ਜੀ.ਪੀ.ਸੀ, ਸ੍ਰ.ਦਰਸ਼ਨ ਸਿੰਘ ਸ਼ੇਰ ਖਾ ਮੈਬਰ ਐਸ.ਜੀ.ਪੀ.ਸੀ ਮੈਬਰ, ਜ਼ਿਲ੍ਹਾ ਮੰਡੀ ਅਫ਼ਸਰ ਸ੍ਰ.ਮਨਜੀਤ ਸਿੰਘ, ਡਿਪਟੀ ਡਾਇਰੈਕਟਰ ਖ਼ੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ, ਸ੍ਰੀ. ਸਿਕੰਦਰ ਸਿੰਘ ਹੀਰ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ, ਸ੍ਰੀ. ਨੰਦ ਕਿਸ਼ੋਰ ਗੂਗਨ ਸਮੇਤ ਟਰੱਕ ਅਪਰੇਟਰਾਂ, ਆੜ੍ਹਤੀਆਂ ਐਸੋਸੀਏਸ਼ਨ ਦੇ ਨੁਮਾਇੰਦੇ, ਲੇਬਰ ਯੂਨੀਅਨ ਦੇ ਨੁਮਾਇੰਦਿਆਂ ਤੋ ਇਲਾਵਾ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ।