ਡਿਪਟੀ ਕਮਿਸ਼ਨਰ ਵੱਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਸ਼ਹੀਦ ਭਗਤ ਸਿੰਘ ਸਟੇਡੀਅਮ ਦਾ ਜਾਇਜ਼ਾ
ਫ਼ਿਰੋਜ਼ਪੁਰ 18 ਜਨਵਰੀ 2016 ( ) ਡਿਪਟੀ ਕਮਿਸ਼ਨਰ ਸ੍ਰ.ਬਲਵਿੰਦਰ ਸਿੰਘ ਧਾਲੀਵਾਲ ਵੱਲੋਂ 26 ਜਨਵਰੀ ਨੂੰ ਮਨਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਮੌਕੇ ਤੇ ਜਾਇਜ਼ਾ ਲੈਣ ਲਈ ਸ਼ਹੀਦ ਭਗਤ ਸਿੰਘ ਸਟੇਡੀਅਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰ.ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜਨ:) ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 26 ਜਨਵਰੀ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਣਤੰਤਰ ਦਿਵਸ ਰਿਵਾਇਤੀ ਸਾਨ੍ਹੋ ਸ਼ੌਕਤ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਅਤੇ ਇਸ ਸਮਾਗਮ ਦੀ ਫਾਈਨਲ ਰਿਹਰਸਲ 24 ਜਨਵਰੀ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਵੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਮਾਣ, ਗੌਰਵ, ਆਜ਼ਾਦੀ ਤੇ ਸਵੈਮਾਨ ਤੇ ਪ੍ਰਭੂ ਸੱਤਾ ਦੇ ਪ੍ਰਤੀਕ ਗਣਤੰਤਰ ਦਿਵਸ ਜ਼ਿਲ੍ਹਾ ਪੱਧਰ ਤੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਰਾਸ਼ਟਰੀ ਭਾਵਨਾ ਨਾਲ ਮਨਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮਾਗਮ ਸਮੇਂ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਲਈ ਫ਼ੌਜ,ਪੰਜਾਬ ਪੁਲੀਸ, ਬੀ.ਐਸ.ਐਫ, ਹੋਮ ਗਾਰਡਜ਼, ਐਨ.ਸੀ.ਸੀ ਅਤੇ ਗਰਲਜ਼ ਗਾਈਡਜ਼ ਦੀਆਂ ਟੁਕੜੀਆਂ ਮਾਰਚ ਪਾਸਟ ਵਿੱਚ ਹਿੱਸਾ ਲੈਣਗੀਆਂ ਅਤੇ ਵੱਖ-ਵੱਖ ਸਕੂਲਾਂ ਦੇ ਬੱਚਿਆ ਵੱਲੋਂ ਪੀ.ਟੀ.ਸੋਅ ਅਤੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਦੇਸ਼ ਪ੍ਰੇਮ, ਰਾਸ਼ਟਰੀ ਏਕਤਾ, ਕੌਮੀ ਜਜ਼ਬੇ, ਭਾਰਤ ਦੇ ਇਤਿਹਾਸ ਤੇ ਆਜ਼ਾਦੀ ਸੰਗਰਾਮ ਨੂੰ ਦ੍ਰਿਸ਼ਟੀਮਾਨ ਕਰਨ ਵਾਲੇ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਦੇ ਮੌਕੇ ਤੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਹਾਜ਼ਰੀ ਯਕੀਨੀ ਬਨ੍ਹਾਉਣਗੇ। ਇਸ ਤੋ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਹੁਸੈਨੀਵਾਲਾ ਸ਼ਹੀਦੀ ਸਮਾਰਕ ਦਾ ਵੀ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਆਪਣੇ ਕੰਮਾਂ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਰਾਸ਼ਟਰੀ ਝੰਡਾ ਲਹਿਰਾਉਣਗੇ।