ਡਿਪਟੀ ਕਮਿਸ਼ਨਰ ਨੇ ਮਨੁੱਖਤਾ ਦੀ ਸੇਵਾ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਦੀ ਕੀਤੀ ਸ਼ਲਾਘਾ, ਡੇਰਾ ਰਾਧਾ ਸਵਾਮੀ ਗੁਰੂਹਰਸਹਾਏ ਦਾ ਕੀਤਾ ਦੌਰਾ
ਡੇਰੇ ਵੱਲੋਂ ਰੋਜ਼ਾਨਾ 2500 ਲੋਕਾਂ ਲਈ ਲੰਗਰ ਤਿਆਰ ਕਰਨ ਅਤੇ ਵੰਡਣ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਮਨੁੱਖਤਾ ਦੀ ਸੱਚੀ ਸੇਵਾ ਦੱਸਿਆ
ਫਿਰੋਜ਼ਪੁਰ/ਗੁਰੂਹਰਸਹਾਏ 18 ਅਪ੍ਰੈਲ 2020
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਕੁਲਵੰਤ ਸਿੰਘ ਨੇ ਸੰਕਟ ਦੀ ਇਸ ਘੜੀ ਵਿੱਚ ਮਨੁੱਖਤਾ ਦੀ ਸੇਵਾ ਵਿਚ ਲੱਗੀ ਹੋਏ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਕੰਮਾਂ ਨੂੰ ਮਨੁੱਖਤਾ ਦੀ ਸੱਚੀ ਸੇਵਾ ਦੱਸਿਆ ਹੈ। ਸ਼ਨੀਵਾਰ ਨੂੰ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਗੁਰੂਹਰਸਹਾਏ ਵਿਖੇ ਸਥਿਤ ਡੇਰਾ ਰਾਧਾ ਸਵਾਮੀ ਪਹੁੰਚੇ ਅਤੇ ਇੱਥੋਂ ਦੇ ਲੋਕਾਂ ਲਈ ਤਿਆਰ ਕੀਤੇ ਜਾ ਰਹੇ ਲੰਗਰ ਦੇ ਕੰਮਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਸ੍ਰ.ਕੁਲਵੰਤ ਸਿੰਘ ਨੇ ਦੱਸਿਆ ਕਿ ਡੇਰੇ ਵੱਲੋਂ ਹਰ ਰੋਜ਼ 2500 ਲੋਕਾਂ ਦੇ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ। ਇਹ ਲੰਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਇਨਾਤ ਵਿਸ਼ੇਸ਼ ਕੀਤੀ ਗਈ ਵਿਸ਼ੇਸ਼ ਟੀਮਾਂ ਦੇ ਜ਼ਰੀਏ ਕਰਫ਼ਿਊ ਦੇ ਦੌਰਾਨ ਗ਼ਰੀਬ ਅਤੇ ਲੋੜਵੰਦਾਂ ਨੂੰ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਲੰਗਰ ਤਿਆਰ ਕਰਦੇ ਸਮੇਂ ਡੇਰੇ ਦੇ ਅੰਦਰ ਸੋਸ਼ਲ ਡਿਸਟੈਂਸਿੰਗ ਦ ਪ੍ਰਬੰਧਾਂ ਦੀ ਵੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਸਾਰੇ ਵਲੰਟੀਅਰਾਂ ਵੱਲੋਂ ਮਾਸਕ ਵੀ ਪਹਿਨੇ ਗਏ ਹਨ ਅਤੇ ਸਾਫ਼-ਸਫ਼ਾਈ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸ੍ਰ.ਕੁਲਵੰਤ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਵਿਚ ਲਗਭਗ 70 ਸਮਾਜ ਸੇਵੀ ਸੰਸਥਾਵਾਂ ਲੋਕਾਂ ਨੂੰ ਲੰਗਰ ਅਤੇ ਸੁੱਕਾ ਰਾਸ਼ਨ ਮੁਹੱਈਆ ਕਰਵਾਉਣ ਦੇ ਕੰਮ ਵਿਚ ਜੁੱਟੀਆਂ ਹੋਈਆ ਹਨ। ਇਸ ਤੋ ਇਲਾਵਾ ਪ੍ਰਸ਼ਾਸਨ ਦੇ ਵੱਲੋਂ ਵੀ ਇਨ੍ਹਾਂ ਸੰਸਥਾਵਾਂ ਦੇ ਸਹਿਯੋਗ ਨਾਲ ਕਈ ਥਾਵਾਂ ‘ਤੇ ਕਮਿਊਨਿਟੀ ਕਿਚਨ ਚਲਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਦਰਸਾਏ ਗਏ ਜਜ਼ਬੇ ਦੀ ਬਹੁਤ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਤੱਕ ਕਰਫ਼ਿਊ ਲਗਾਏ ਜਾਣ ਤੋ ਬਾਅਦ ਤੋ ਹੀ ਲਗਾਤਾਰ ਇਸ ਤਰ੍ਹਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਇਸ ਤੋ ਇਲਾਵਾ ਜ਼ਿਲ੍ਹੇ ਭਰ ਵਿਚ ਲੋਕਾਂ ਦੇ ਘਰਾਂ ਤੱਕ ਰਾਸ਼ਨ, ਦੁੱਧ-ਦਹੀ, ਫਲ-ਸਬਜ਼ੀਆਂ ਆਦਿ ਨਿਰੰਤਰ ਪਹੁੰਚਦੇ ਰਹਿਣ ਇਸ ਦਾ ਵੀ ਪੁਖ਼ਤਾ ਇੰਤਜ਼ਾਮ ਕੀਤਾ ਗਿਆ ਹੈ।