ਟਰਾਂਸਪੋਰਟ ਵਿਭਾਗ ਵੱਲੋਂ ਫੌਜ ਦੇ ਅਧਿਕਾਰੀਆਂ /ਕਰਮਚਾਰੀਆਂ ਲਈ ਕੈਂਪ ਆਯੋਜਿਤ
ਟਰਾਂਸਪੋਰਟ ਵਿਭਾਗ ਵੱਲੋਂ ਫੌਜ ਦੇ ਅਧਿਕਾਰੀਆਂ /ਕਰਮਚਾਰੀਆਂ ਲਈ ਕੈਂਪ ਆਯੋਜਿਤ
ਫ਼ਿਰੋਜ਼ਪੁਰ, 30 ਮਾਰਚ, 2025: ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ (ਆਈ.ਏ.ਐਸ) ਦੇ ਹੁਕਮਾਂ ਅਨੁਸਾਰ ਆਰ.ਟੀ.ਓ. ਕਰਨਬੀਰ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਏ.ਟੀ.ਓ. ਰਕੇਸ਼ ਕੁਮਾਰ ਬਾਂਸਲ ਦੀ ਅਗਵਾਈ ਵਿੱਚ ਟਰਾਂਸਪੋਰਟ ਵਿਭਾਗ ਵੱਲੋਂ ਬ੍ਰਿਗੇਡੀਅਰ ਸ਼੍ਰੀ ਤਰੁਣ ਪਾਠਕ ਅਤੇ ਲੈਫਟੀਨੈਂਟ ਕਰਨਲ ਸ੍ਰੀ ਸਰਤਾਜ ਸਿੰਘ ਸੈਣੀ ਦੇ ਸਹਿਯੋਗ ਨਾਲ ਆਰਮੀ ਪਰਸੋਨਲ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਟ੍ਰਾਂਸਪੋਰਟ ਨਾਲ ਸੰਬੰਧਿਤ ਮੁੱਦਿਆਂ ਜਿਵੇਂ ਕਿ ਡਰਾਈਵਿੰਗ ਲਾਈਸੈਂਸ, ਆਰਸੀ ਅਤੇ ਹੋਰ ਟਰਾਂਸਪੋਰਟ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਲਈ ਕੈਂਪ ਲਗਾਇਆ ਗਿਆ।
ਇਸ ਕੈਂਪ ਦੀ ਅਗਵਾਈ ਟਰਾਂਸਪੋਰਟ ਦਫਤਰ ਦੇ ਮੁਲਾਜ਼ਮ ਨਵਦੀਪ ਸਿੰਘ ਵੱਲੋਂ ਕੀਤੀ ਗਈ। ਇਸ ਕੈਂਪ ਵਿੱਚ ਆਰਮੀ ਦੀਆਂ 11 ਯੂਨਿਟਾਂ ਨੇ ਹਿੱਸਾ ਲਿਆ। ਕੈਂਪ ਵਿੱਚ ਇਹਨਾਂ ਯੂਨਿਟਾਂ ਦੇ ਉੱਚ ਅਧਿਕਾਰੀਆਂ ਸਮੇਤ ਲਗਭਗ 250 ਤੋਂ ਵੱਧ ਆਰਮੀ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਇਸ ਕੈਂਪ ਵਿੱਚ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਵੱਲੋਂ ਵਿਭਾਗ ਨਾਲ ਸਬੰਧਤ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਮੌਕੇ ‘ਤੇ ਹੀ ਹੱਲ ਵੀ ਕੀਤੀਆਂ ਗਈਆਂ। ਇਸ ਤੋਂ ਇਲਾਵਾ ਡਰਾਈਵਿੰਗ ਲਾਈਸੈਂਸ, ਵਹੀਕਲ ਦੀ ਰਜਿਸਟ੍ਰੇਸ਼ਨ, ਹਾਈ ਸਿਕਿਓਰਟੀ ਨੰਬਰ ਪਲੇਟਾਂ, ਵਹੀਕਲ ਟਰਾਂਸਫਰ ਆਦਿ ਸਬੰਧੀ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ ਗਈ।
ਇਸ ਦੌਰਾਨ ਆਰਮੀ ਯੂਨਿਟ ਦੇ ਅਧਿਕਾਰੀਆਂ ਵੱਲੋਂ ਭਵਿੱਖ ਵਿੱਚ ਵੀ ਆਰਮੀ ਲਈ ਇਸ ਤਰ੍ਹਾਂ ਦੇ ਕੈਂਪ ਲਗਾਉਣ ਦੀ ਮੰਗ ਕੀਤੀ ਗਈ। ਆਰਟੀਓ ਕਰਨਬੀਰ ਸਿੰਘ ਛੀਨਾ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਫੌਜ ਨੂੰ ਟਰਾਂਸਪੋਰਟ ਵਿਭਾਗ ਵੱਲੋਂ ਹਰ ਪੱਖੋਂ ਸਹੂਲਤ ਮੁਹੱਈਆ ਕਰਵਾਈ ਜਾਏਗੀ ਅਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਹਨਾਂ ਇਹ ਵੀ ਭਰੋਸਾ ਦਵਾਇਆ ਕਿ ਟਰਾਂਸਪੋਰਟ ਵਿਭਾਗ ਦੀ ਟੀਮ ਵੱਲੋਂ ਭਵਿੱਖ ਵਿੱਚ ਵੀ ਫੌਜ ਲਈ ਅਜਿਹੇ ਕੈਂਪ ਆਯੋਜਿਤ ਕੀਤੇ ਜਾਣਗੇ।
ਇਸ ਮੌਕੇ ਟਰਾਂਸਪੋਰਟ ਵਿਭਾਗ ਤੋਂ ਰਾਜਪਾਲ ਸਿੰਘ ਅਤੇ ਹੇਮੰਤ ਕੁਮਾਰ ਵੀ ਹਾਜ਼ਰ ਸਨ।