ਜੇਲ੍ਹ 'ਚ ਬੰਦ ਹਵਾਲਾਤੀ ਦੀ ਮੁਲਾਕਾਤ ਕਰਨ ਆਇਆ ਰਿਸ਼ਤੇਦਾਰ ਫੜਾ ਗਿਆ ਨਸ਼ੇ ਦੀਆਂ ਗੋਲੀਆਂ.!!
ਜੇਲ੍ਹ 'ਚ ਬੰਦ ਹਵਾਲਾਤੀ ਦੀ ਮੁਲਾਕਾਤ ਕਰਨ ਆਇਆ ਰਿਸ਼ਤੇਦਾਰ ਫੜਾ ਗਿਆ ਨਸ਼ੇ ਦੀਆਂ ਗੋਲੀਆਂ.!!
05 ਨਵੰਬਰ, ਫਿਰੋਜ਼ਪੁਰ: ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਅੰਦਰ ਬੰਦ ਇਕ ਹਵਾਲਾਤੀ ਦੀ ਮੁਲਾਕਾਤ ਕਰਨ ਆਇਆ, ਉਸ ਦਾ ਰਿਸ਼ਤੇਦਾਰ ਨਸ਼ੇ ਦੀਆਂ ਗੋਲੀਆਂ ਫੜਾ ਗਿਆ। ਜੇਲ੍ਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਵਲੋਂ ਹਵਾਲਾਤੀ ਦੇ ਕਬਜ਼ੇ ਵਿਚੋਂ ਨਸ਼ੇ ਦੀਆਂ ਗੋਲੀਆਂ ਤਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦੋਂਕਿ ਹਵਾਲਾਤੀ ਦਾ ਰਿਸ਼ਤੇਦਾਰ ਫਰਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧ ਵਿਚ ਪੁਲਿਸ ਥਾਣਾ ਸਿਟੀ ਦੇ ਵਲੋਂ ਹਵਾਲਾਤੀ ਸਮੇਤ ਦੋ ਜਣਿਆਂ ਦੇ ਵਿਰੁੱਧ ਐਨਡੀਪੀਐਸ ਅਤੇ ਪਰੀਸੰਨਜ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।
ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਹਰਭਜਨ ਲਾਲ ਨੇ ਬੀਤੇ ਦਿਨ ਜਦੋਂ ਕੇਂਦਰੀ ਜੇਲ੍ਹ ਦੇ ਅੰਦਰ ਬੰਦ ਹਵਾਲਾਤੀ ਹਰਪ੍ਰੀਤ ਸਿੰਘ ਦੀ ਮੁਲਾਕਾਤ ਕਰਨ ਲਈ ਉਸ ਦਾ ਰਿਸ਼ਤੇਦਾਰ ਵਿਜੈ ਕੁਮਾਰ ਪੁੱਤਰ ਬਾਬੂ ਆਇਆ। ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਵਿਜੈ ਕੁਮਾਰ ਜੋ ਹਵਾਲਾਤੀ ਹਰਪ੍ਰੀਤ ਸਿੰਘ ਦੀ ਮੁਲਾਕਾਤ ਕਰਕੇ ਵਾਪਸ ਚਲਾ ਗਿਆ ਅਤੇ ਹਵਾਲਾਤੀ ਹਰਪ੍ਰੀਤ ਸਿੰਘ ਨੂੰ ਨਸ਼ੀਲੀਆਂ ਗੋਲੀਆਂ ਫੜਾ ਗਿਆ। ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਹਵਾਲਾਤੀ ਹਰਪ੍ਰੀਤ ਸਿੰਘ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਦੇ ਗੁਪਤ ਅੰਗਾਂ ਵਿਚੋਂ ਇਕ ਲਿਫਾਫਾ ਮਿਲਿਆ, ਜਿਸ ਨੂੰ ਖੋਲ੍ਹ ਕੇ ਚੈੱਕ ਕਰਨ 'ਤੇ ਉਸ ਕੋਲੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਉਕਤ ਹਵਾਲਾਤੀ ਅਤੇ ਉਸ ਦੇ ਰਿਸ਼ਤੇਦਾਰ ਦੇ ਵਿਰੁੱਧ ਪੁਲਿਸ ਕਾਰਵਾਈ ਕਰਨ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਨੂੰ ਲਿਖ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਹਰਭਜਨ ਲਾਲ ਵਲੋਂ ਭੇਜੀ ਗਈ ਸ਼ਿਕਾਇਤ ਦੇ ਆਧਾਰ 'ਤੇ ਹਵਾਲਾਤੀ ਹਰਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਵਾਰਡ ਨੰਬਰ 1 ਮਿਸ਼ਨ ਬਸਤੀ ਰੇਲਵੇ ਰੋਡ ਮੱਖੂ ਅਤੇ ਵਿਜੈ ਕੁਮਾਰ ਪੁੱਤਰ ਬਾਬੂ ਵਾਸੀ ਈਸਾ ਨਗਰੀ ਉਰਫ਼ ਅਕਬਰ ਵਾਲਾ ਦੇ ਵਿਰੁੱਧ ਐਨਡੀਪੀਐਸ ਅਤੇ ਪਰੀਸੰਨਜ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।