Ferozepur News
ਜਿਲ੍ਹਾ ਪੱਧਰੀ ਪੈਨਸ਼ਨ ਵੰਡ ਸਮਾਰੋਹ ਦਾ ਆਯੋਜਨ
ਜਿਲ੍ਹਾ ਪੱਧਰੀ ਪੈਨਸ਼ਨ ਵੰਡ ਸਮਾਰੋਹ ਦਾ ਆਯੋਜਨ
ਅਕਾਲੀ-ਭਾਜਪਾ ਗਠਜੋੜ ਦੇ ਕਾਰਜਕਾਲ ਵਿਚ ਪੰਜਾਬ ਦਾ ਸਰਵਪੱਖੀ ਵਿਕਾਸ ਹੋਇਆ-ਸੇਖੋਂ
ਪੰਜਾਬ ਦੇ ਸਾਰੇ ਸ਼ਹਿਰ ਚਾਰ ਮਾਰਗੀ, ਛੇ ਮਾਰਗੀ ਸੜਕਾਂ ਨਾਲ ਜੁੜਗੇ
ਕਾਂਗਰਸ ਨੇ ਦੇਸ਼ ਨੂੰ ਲਾਰਿਆ ਤੋ ਸਿਵਾ ਕੁੱਝ ਨਹੀ ਦਿੱਤਾ:ਕਮਲ ਸ਼ਰਮਾ
ਸਰਕਾਰ ਨੇ ਪੈਨਸ਼ਨ ਦੁੱਗਣੀ ਕਰਕੇ ਬਜੁਰਗਾਂ ਦਾ ਮਾਣ ਵਧਾਇਆ:ਜਿੰਦੂ
ਫਿਰੋਜਪੁਰ ਜਿਲ੍ਹੇ ਵਿਚ ਹਰ ਮਹੀਨੇ ਕੁੱਲ 83662 ਲਾਭਪਾਤਰੀਆਂ ਨੂੰ ਵੰਡੀ ਜਾਵੇਗੀ 4 ਕਰੋੜ18 ਲੱਖ ਤੋ ਵੱਧ ਦੀ ਪੈਨਸ਼ਨ
ਫਿਰੋਜ਼ਪੁਰ 18 ਫਰਵਰੀ 2016 ( ) ਪੰਜਾਬ ਸਰਕਾਰ ਵੱਲੋਂ ਵਧੀ ਹੋਈ ਬੁਢਾਪਾ ਪੈਨਸ਼ਨ ਨੂੰ ਸੂਬੇ ਭਰ ਵਿਚ ਵੰਡਣ ਦੀ ਸ਼ੁਰੂਆਤ ਦੀ ਕੜੀ ਵਜੋਂ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਕ੍ਰਿਸ਼ਨਾ ਰਿਜੋਰਟ ਵਿਖੇ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ.ਜਨਮੇਜਾ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਜਦਕਿ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਤੇ ਵਿਧਾਇਕ ਸ.ਜੋਗਿੰਦਰ ਸਿੰਘ ਜਿੰਦੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਨੇ ਮੁੱਖ ਮਹਿਮਾਨ ਤੇ ਪੈਨਸ਼ਨ ਧਾਰਕਾਂ ਨੂੰ ਜੀ ਆਇਆ ਕਹਿੰਦਿਆਂ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਧਾਰਕਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਚਰਚਾ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ.ਜਨਮੇਜਾ ਸਿੰਘ ਸੇਖੋਂ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਵਿਕਾਸ ਹਮੇਸ਼ਾ ਸ.ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਹੀ ਹੋਇਆ ਹੈ ਅਤੇ ਸਰਕਾਰ ਨੇ ਜਿੱਥੇ ਸੂਬੇ ਵਿਚ ਵਿਕਾਸ ਦੀ ਹਨੇਰੀ ਲਿਆਂਦੀ ਹੈ ਉੱਥੇ ਹੀ ਹਰੇਕ ਵਰਗ ਲਈ ਵੱਡੀ ਪੱਧਰ ਤੇ ਭਲਾਈ ਸਕੀਮਾਂ ਚਲਾਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਵਰੀ 2016 ਤੋਂ ਸਾਰੇ ਪੈਨਸ਼ਨ ਲਾਭਪਾਤਰੀਆਂ ਦੀ ਪੈਨਸ਼ਨ 250/- ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 500/- ਰੁਪਏ ਕਰ ਦਿੱਤੀ ਹੈ ਅਤੇ ਹੁਣ ਪੈਨਸ਼ਨਾਂ ਵੰਡਣ ਦਾ ਕੰਮ ਪੰਚਾਇਤਾਂ ਨੂੰ ਸੌਂਪਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਘਰਾਂ ਵਿਚ ਹੀ ਪੈਨਸ਼ਨ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਕਸਦ ਲਈ 1000 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਰੋਜਪੁਰ ਜਿਲ੍ਹੇ ਵਿਚ ਹਰ ਮਹੀਨੇ ਕੁੱਲ 83662 ਲਾਭਪਾਤਰੀਆਂ ਨੂੰ 4 ਕਰੋੜ18 ਲੱਖ ਤੋ ਵੱਧ ਦੀ ਪੈਨਸ਼ਨ ਵੰਡੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ ਦਾ ਸਾਥ ਦੇਣ ਅਤੇ ਵਿਰੋਧੀਆਂ ਦੇ ਗੁਮਰਾਹਕੂੰਨ ਪ੍ਰਚਾਰ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਸਾਲ 2016 ਪੁਰਾ ਵਰਾ ਰਾਜ ਵਿਚ ਵਿਕਾਸ ਦੀ ਹਨੇਰੀ ਚੱਲੇਗੀ ਤੇ ਸਰਕਾਰ ਵੱਲੋ ਹਰੇਕ ਵਿਧਾਨ ਸਭਾ ਹਲਕੇ ਵਿਚ 25-25 ਕਰੋੜ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸ਼ਹਿਰ ਚਾਰ ਮਾਰਗੀ ਤੇ ਛੇ ਮਾਰਗੀ ਸੜਕਾਂ ਨਾਲ ਜੋੜੇ ਜਾਣਗੇ।
ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਬੁਢਾਪਾ ਪੈਨਸ਼ਨਾਂ/ ਹੋਰ ਪੈਨਸ਼ਨਾਂ ਨੂੰ ਦੁੱਗਣਾ ਕਰਨ ਤੇ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਅਮਨ ਸਾਂਤੀ ਆਪਸੀ ਭਾਈਚਾਰੇ ਤੇ ਵਿਕਾਸ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਤੇ ਸੂਬੇ ਵਿਚ ਲੰਮਾ ਸਮਾਂ ਰਾਜ ਕਰ ਕੇ ਲੋਕਾਂ ਨੂੰ ਲਾਰਿਆਂ ਤੋਂ ਸਿਵਾ ਕੁੱਝ ਨਹੀ ਦਿੱਤਾ। ਉਨ੍ਹਾਂ ਲੋਕਾਂ ਨੂੰ ਪਹਿਲਾ ਵਾਂਗ ਆਉਣ ਵਾਲੇ ਸਮੇਂ ਵਿਚ ਵੀ ਗੱਠਜੋੜ ਨਾਲ ਖੜਨ ਦੀ ਅਪੀਲ ਕੀਤੀ।
ਫਿਰੋਜ਼ਪੁਰ ਦਿਹਾਤੀ ਹਲਕੇ ਦੇ ਵਿਧਾਇਕ ਸ.ਜੋਗਿੰਦਰ ਸਿੰਘ ਜਿੰਦੂ ਨੇ ਵੀ ਪੈਨਸ਼ਨਾਂ ਵਿਚ ਵਾਧੇ ਲਈ ਅਤੇ ਵੱਖ ਵੱਖ ਵਰਗਾਂ ਲਈ ਲੋਕ ਭਲਾਈ ਸਕੀਮਾਂ ਚਲਾਉਣ ਲਈ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ।
ਇਸ ਮੌਕੇ 25 ਨਵੇਂ ਪੈਨਸ਼ਨ ਧਾਰਕਾਂ ਨੂੰ ਉਨ੍ਹਾਂ ਦੀ ਪਹਿਲੀ ਨਗਦ ਪੈਨਸ਼ਨ ਅਤੇ ਜ਼ਿਲ੍ਹੇ ਭਰ ਵਿਚੋਂ ਪੈਨਸ਼ਨਰਾਂ ਨੂੰ ਵਧੀ ਹੋਈ ਪੈਨਸ਼ਨ ਮੁੱਖ ਮਹਿਮਾਨ ਸ. ਜਨਮੇਜਾ ਸਿੰਘ ਸੇਖੋਂ ਵੱਲੋਂ ਤਕਸੀਮ ਕੀਤੀ ਗਈ। ਵੱਡੀ ਗਿਣਤੀ ਵਿਚ ਪੁੱਜੇ ਪੈਨਸ਼ਨ ਧਾਰਕਾਂ ਨੇ ਪੈਨਸ਼ਨ ਦੁੱਗਣੀ ਕਰਨ ਅਤੇ ਪਿੰਡ ਪੱਧਰ ਤੇ ਤਕਸੀਮ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਵਨੀਤ ਕੁਮਾਰ ਨੇ ਮੁੱਖ ਮਹਿਮਾਨ ਤੇ ਪੈਨਸ਼ਨ ਧਾਰਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਫਿਰੋਜਪੁਰ ਵੱਲੋ ਸਵਾਗਤੀ ਗੀਤ ਗਾਇਆ ਗਿਆ ਅਤੇ ਲੋਕ ਚੇਤਨਾ ਮੰਚ ਜ਼ੀਰਾ ਵੱਲੋ ਨਾਟਕ ਪੇਸ਼ ਕੀਤਾ ਗਿਆ।
ਇਸ ਸਮਾਗਮ ਵਿਚ ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜ਼ਪੁਰ, ਸ੍ਰੀ.ਡੀ.ਪੀ.ਚੰਦਨ ਚੇਅਰਮੈਨ ਪਲਾਨਿੰਗ ਬੋਰਡ,ਸ.ਅਮਰੀਕ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫਸਰ, ਸ੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਸ੍ਰੀ ਵਿਜੇ ਬਹਿਲ ਨਾਇਬ ਤਹਿਸੀਲਦਾਰ ਮਮਦੋਟ, ਸ.ਦਰਸ਼ਨ ਸਿੰਘ ਸ਼ੇਰਖਾਂ ਮੈਂਬਰ ਐਸ.ਜੀ.ਪੀ.ਸੀ, ਸ.ਪ੍ਰੀਤਮ ਸਿੰਘ ਮਲਸੀਹਾਂ ਮੈਂਬਰ ਐਸ.ਜੀ.ਪੀ.ਸੀ,ਸ.ਸੁਰਜੀਤ ਸਿੰਘ ਬੀ.ਡੀ.ਪੀ.ਓ ਫਿਰੋਜ਼ਪੁਰ, ਸ.ਪਿਆਰ ਸਿੰਘ ਬੀ.ਡੀ.ਪੀ.ਓ ਮਮਦੋਟ, ਸੀ੍ਰ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਫਿਰੋਜ਼ਪੁਰ, ਸ.ਜੁਗਰਾਜ ਸਿੰਘ ਕਟੋਰਾ ਚੇਅਰਮੈਨ ਮਾਰਕੀਟ ਕਮੇਟੀ, ਸ.ਬਲਦੇਵ ਸਿੰਘ ਰੱਖੜੀ ਚੇਅਰਮੈਨ ਬਲਾਕ ਸੰਮਤੀ, ਮਾਸਟਰ ਗੁਰਨਾਮ ਸਿੰਘ, ਸ.ਨਵਨੀਤ ਗੋਰਾ ਪ੍ਰਧਾਨ ਸ਼ਹਿਰੀ ਅਕਾਲੀ ਦਲ, ਸ. ਭਗਵਾਨ ਸਿੰਘ ਸ਼ਾਮਾਂ ਨੂਰਪੁਰ, ਸ.ਭੁਪਿੰਦਰ ਸਿੰਘ ਫਰੀਦੇਵਾਲਾ, ਸ.ਜਸਵਿੰਦਰ ਸਿੰਘ ਬੂਟੇ ਵਾਲਾ , ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ।