ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਕੌਮੀ ਲੋਕ ਅਦਾਲਤ ਵਿੱਚ ਨਿਪਟਾਰੇ ਲਈ 25000 ਤੋ ਵੱਧ ਕੇਸ ਲਗਾ ਕੇ ਜ਼ਿਲਾ ਫਿਰੋਜ਼ਪੁਰ ਵਿੱਚ ਕੀਤਾ ਰਿਕਾਰਡ ਕਾਇਮ
ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਕੌਮੀ ਲੋਕ ਅਦਾਲਤ ਵਿੱਚ ਨਿਪਟਾਰੇ ਲਈ 25000 ਤੋ ਵੱਧ ਕੇਸ ਲਗਾ ਕੇ ਜ਼ਿਲਾ ਫਿਰੋਜ਼ਪੁਰ ਵਿੱਚ ਕੀਤਾ ਰਿਕਾਰਡ ਕਾਇਮ
ਫਿਰੋਜ਼ਪੁਰ, 09 ਮਾਰਚ, 2024 – ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦਿੱਲੀ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਹਿੰਦੁਸਤਾਨ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ। ਇਨ੍ਹਾਂ ਦਿਸਾ ਨਿਰਦੇਸ਼ਾਂ ਅਨੁਸਾਰ ਕਾਰਜਕਾਰੀ ਚੀਫ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਸਹਿਤ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵੀਰਇੰਦਰ ਅਗਰਵਾਲ, ਜਿਲ੍ਹਾ ਅਤੇ ਸੈਸ਼ਨਜ਼ ਜੱਜ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏਕਤਾ ਉਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਇਸ ਜਿਲ੍ਹੇ ਦੀਆਂ ਅਦਾਲਤਾਂ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ |
ਜਿਸ ਦੇ ਤਹਿਤ ਜਿਲ੍ਹਾ ਫਿਰੋਜਪੁਰ ਵਿੱਚ ਕੁੱਲ 26 ਬੈਂਚ ਬਣਾਏ ਗਏ ਜਿਹਨਾਂ ਵਿੱਚ ਸੈਸ਼ਨ ਡਵੀਜਨ, ਫਿਰੋਜਪੁਰ ਦੀਆਂ ਅਦਾਲਤਾਂ ਵਿੱਚ 11 ਬੈਂਚ, ਸਥਾਈ ਲੋਕ ਅਦਾਲਤ ਵਿਖੇ 1 ਬੈਂਚ, ਜੀਰਾ ਵਿਖੇ 3 ਬੈਂਚ ਅਤੇ ਗੁਰੂਹਰਸਹਾਏ ਵਿਖੇ 2 ਬੈਂਚ ਬਣਾਏ ਗਏ ਹਨ। ਇਸ ਤੋਂ ਇਲਾਵਾ 09 ਰੈਵੇਨਿਊ ਅਦਾਲਤਾਂ ਦੇ ਬੈਂਚ ਵੀ ਬਣਾਏ ਗਏ। ਪਿਛਲੀ ਵਾਰ ਮਿਤੀ 09.12.2023 ਨੂੰ ਨੈਸ਼ਨਲ ਲੋਕ ਅਦਾਲਤ ਵਿੱਚ 17745 ਲਗਾਏ ਗਏ ਸੀ ਜਿਸ ਤੋਂ ਬਾਅਦ ਹੁਣ ਮਾਨਯੋਗ ਜੱਜ ਸਾਹਿਬ ਜੀ ਦੇ ਉਦਮ ਸਦਕਾ ਇਸ ਗਿਣਤੀ ਇਸ ਵਾਰ ਕਾਫੀ ਵਾਧਾ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਲੋਕ ਅਦਾਲਤ ਵਿੱਚ ਕੁੱਲ 25193 ਕੇਸ ਲਗਾਏ ਗਏ ਜਿਹਨਾਂ ਵਿੱਚੋਂ 14627 ਕੇਸਾਂ ਦਾ ਨਿਪਟਾਰਾ ਕੀਤਾ ਗਿਆ । ਸੋ ਨਿਪਟਾਰਾ ਕੀਤੇ ਕੇਸ ਲਗਾਏਗਏ ਕੇਸਾਂ ਦਾ 59% ਹੈ। ਸੋ ਇਸ ਤਰ੍ਹਾਂ ਇਸ ਲੋਕ ਅਦਾਲਤ ਦੇ ਰਾਹੀਂ ਜਿਲ੍ਹਾ ਫਿਰੋਜ਼ਪੁਰ ਕਚਹਿਰੀਆਂ ਦੇ ਲੰਬਿਤ ਮਾਮਲਿਆਂ ਦੀ ਸੂਚੀ ਵਿੱਚ ਕਮੀ ਆਈ ਹੈ ਅਤੇ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 479133384 /- ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਇਸ ਲੋਕ ਅਦਾਲਤ ਵਿਚ ਵੱਖ ਵੱਖ ਤਰ੍ਹਾਂ ਦੇ ਕੇਸਾਂ ਦਾ ਜਿਵੇਂ ਕਿ ਦੀਵਾਨੀ ਕੇਸ, ਰਾਜੀਨਾਮਾ ਹੋਣ ਯੋਗ ਫੌਜਦਾਰੀ ਕੇਸ, ਚੈੱਕ ਬਾਊਂਸ, ਰਿਕਵਰੀ ਦੇ ਕੇਸ, ਟ੍ਰੈਫਿਕ ਚਲਾਨ ਅਤੇ ਘਰੇਲੂ ਝਗੜਿਆਂ ਦੇ ਕੇਸ, ਇਖਰਾਜ ਰਿਪੋਰਟਾਂ, ਅਦਮਪਤਾ ਰਿਪੋਰਟਾਂ, ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਕੇਸ ਅਤੇ ਪੀ ਲਿਟੀਗੇਟਿਵ ਕੇਸ ਜਿਨ੍ਹਾਂ ਵਿਚ ਬੈਂਕ ਰਿਕਵਰੀ ਪ੍ਰਾਈਵੇਟ ਫਾਇਨਾਂਸ ਕੰਪਨੀ, ਮੋਬਾਇਲ ਅਤੇ ਟੈਲੀਫੋਨ ਕੰਪਨੀਆਂ ਦੇ ਕੇਸਾਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਦੇ ਨਾਲ ਕੀਤਾ ਗਿਆ।
ਲੋਕ ਅਦਾਲਤ ਵਿੱਚ ਆਉਣ ਵਾਲੇ ਲੋਕਾਂ ਦੀ ਮਦਦ ਅਤੇ ਪੁੱਛ-ਗਿੱਛ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਜ਼ਿਲ੍ਹਾ ਕੋਰਟ ਕੰਪਲੈਕਸ, ਫਿਰੋਜਪੁਰ ਦੇ ਪਬਲਿਕ ਐਂਟਰੀ ਗੇਟ ਉੱਪਰ ਇੱਕ ਹੈਲਪ ਡੈਸਕ ਵੀ ਲਗਾਇਆ ਗਿਆ ਤਾਂ ਜੋ ਲੋਕਾਂ ਨੂੰ ਸੁਖਾਲਾ ਕੀਤਾ ਜਾ ਸਕੇ। ਇਸ ਨੂੰ ਹੋਰ ਸੁਖਾਲਾ ਬਣਾਉਣ ਲਈ ਅਦਾਲਤਾਂ ਨੂੰ ਅਲੱਗ ਅਲੱਗ ਰੰਗਾਂ ਦੀ ਨਿਸ਼ਾਨੀ ਦਿੱਤੀ ਗਈ ਤਾਂ ਜੋ ਅਨਪੜ੍ਹ ਲੋਕਾਂ ਲਈ ਇਸ ਜਰੀਏ ਪਹੁੰਚਣਾ ਸੋਖਾ ਹੋ ਸਕੇ। ਇਸੇ ਤਰ੍ਹਾਂ ਹੀ ਦੋਨਾਂ ਸਬ-ਡਵੀਜਨਾਂ ਜੀਰਾ ਅਤੇ ਗੁਰੂਹਰਸਹਾਏ ਵਿਖੇ ਵੀ ਹੈਲਪ ਡੈਸਕ ਲਗਾਏ ਗਏ। ਇਸ ਮੌਕੇ ਸ੍ਰੀਮਤੀ ਏਕਤਾ ਉੱਪਲ, ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਨੇ ਸੰਬੋਧਨ ਕਰਦਿਆਂ ਹੋਇਆ ਦੱਸਿਆ ਕਿ ਲੋਕ ਅਦਾਲਤ ਵਿੱਚ ਫੈਸਲਾ ਹੋਏ ਕੇਸਾਂ ਦੀ ਕੋਈ ਅਪੀਲ ਦਲੀਲ ਨਹੀਂ ਹੈ।
ਲੋਕ ਅਦਾਲਤ ਵਿੱਚ ਹੋਏ ਫੈਸਲੇ ਨੂੰ ਡਿਕਰੀ ਦੀ ਮਾਨਤਾ ਪ੍ਰਾਪਤ ਹੈ ਅਤੇ ਇਹ ਫੈਸਲੇ ਤਸੱਲੀਬਖਸ ਹੁੰਦੇ ਹਨ ਅਤੇ ਧਿਰਾਂ ਨੂੰ ਮੁਕਦਮੇ ਬਾਜੀ ਤੋਂ ਮੁਕਤੀ ਮਿਲਦੀ ਹੈ ਅਤੇ ਹੋਰ ਕਈ ਮਾਨਸਿਕ ਪਰੇਸ਼ਾਨੀਆਂ ਤੋਂ ਧਿਰਾਂ ਨੂੰ ਮੁਕਤੀ ਮਿਲਦੀ ਹੈ। ਦੋਵੇਂ ਧਿਰਾਂ ਆਪਣੇ-ਆਪ ਨੂੰ ਜੇਤੂ ਮਹਿਸੂਸ ਕਰਦੀਆਂ ਹਨ ਅਤੇ ਕਿਸੇ ਵੀ ਧਿਰ ਦੀ ਹਾਰ ਨਹੀਂ ਹੁੰਦੀ। ਇਸ ਦੇ ਨਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਵੱਲੋਂ ਕੋਰਟ ਕੰਪਲੈਕਸ ਵਿਚ ਸਾਰੇ ਬੈਂਚ ਦੇ ਪ੍ਰਸਾਇਡਿੰਗ ਅਫਸਰਾਂ, ਮੈਬਰਾਂ ਅਤੇ ਸਟਾਫ ਲਈ ਲੰਚ ਦਾ ਵੀ ਪ੍ਰਬੰਧ ਕੀਤਾ ਗਿਆ।
ਇਸ ਤੋਂ ਇਲਾਵਾ ਆਮ ਜਨਤਾ ਲਈ ਵੀ ਚਾਹ ਅਤੇ ਬਿਸਕੁਟ ਦਾ ਲੰਗਰ ਵੀ ਲਗਾਇਆ ਗਿਆ। ਅੰਤ ਵਿਚ ਜੱਜ ਸਾਹਿਬਾਨ ਜੀ ਨੇ ਲੋਕਾਂ ਨੂੰ ਸਬੰਧਨ ਕਰਦੇ ਹੋਏ ਕਿਹਾ ਕਿ ਨਾਲਸਾ ਦੀਆਂ ਹਦਾਇਤਾਂ ਅਨੁਸਾਰ ਮਿਤੀ 11.05.2024 ਨੂੰ ਫਿਰ ਇਸੇ ਤਰ੍ਹਾਂ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ।