ਜ਼ਿਲ੍ਹਾ ਪ੍ਰਸ਼ਾਸ਼ਨ ਫਿਰੋਜ਼ਪੁਰ ਅਤੇ ਸੁਖਬੀਰ ਐਗਰੋ ਐਨਰਜੀ ਲਿਮਟਿਡ (ਐਸ.ਏ.ਈ.ਐਲ.) ਵੱਲੋਂ 10 ਇੰਮਪੋਰਟਡ ਬੈਲਰ ਰੈਕਰ ਮਸ਼ੀਨਾਂ ਤੇ ਟਰੈਕਟਰ ਕਿਸਾਨਾਂ ਨੂੰ ਮੁਹੱਈਆ ਕਰਵਾਏ ਗਏ
ਜ਼ਿਲ੍ਹਾ ਪ੍ਰਸ਼ਾਸ਼ਨ ਫਿਰੋਜ਼ਪੁਰ ਅਤੇ ਸੁਖਬੀਰ ਐਗਰੋ ਐਨਰਜੀ ਲਿਮਟਿਡ (ਐਸ.ਏ.ਈ.ਐਲ.) ਵੱਲੋਂ 10 ਇੰਮਪੋਰਟਡ ਬੈਲਰ ਰੈਕਰ ਮਸ਼ੀਨਾਂ ਤੇ ਟਰੈਕਟਰ ਕਿਸਾਨਾਂ ਨੂੰ ਮੁਹੱਈਆ ਕਰਵਾਏ ਗਏ
– ਪਰਾਲੀ ਦੀਆਂ ਗੱਠਾਂ ਬਣਾ ਕੇ ਪਰਾਲੀ ਨੂੰ ਲੱਗਣ ਵਾਲੀ ਅੱਗ ਨੂੰ ਠੱਲ੍ਹ ਪਾਉਂਦੇ ਹੋਏ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ‘ਚ ਸਹਾਇਕ ਹੋਣਗੀਆਂ ਬੈਲਰ ਰੈਕਰ ਮਸ਼ੀਨਾਂ
ਫਿਰੋਜ਼ਪੁਰ, 27 ਸਤੰਬਰ, 2022: ਜ਼ਿਲ੍ਹਾ ਪ੍ਰਸ਼ਾਸ਼ਨ ਫਿਰੋਜ਼ਪੁਰ ਅਤੇ ਮੈਸ. ਸੁਖਬੀਰ ਐਗਰੋ ਐਨਰਜੀ ਲਿਮਟਿਡ, ਪਿੰਡ ਹਕੂਮਤ ਸਿੰਘ ਵਾਲਾ ਦੇ ਸਾਂਝੇ ਉਪਰਾਲੇ ਨਾਲ ਜ਼ਿਲ੍ਹਾ ਫਿਰੋਜਪੁਰ ਵਿੱਚ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਅਤੇ ਇਸ ਨੂੰ ਲੱਗਣ ਵਾਲੀ ਅੱਗ ਨੂੰ ਰੋਕਣ ਲਈ ਪਹਿਲ-ਕਦਮੀ ਕਰਦੇ ਹੋਏ 10 ਇੰਮਪੋਰਟਡ ਬੈਲਰ ਰੈਕਰ ਮਸ਼ੀਨਾਂ ਅਤੇ ਇਨ੍ਹਾਂ ਨੂੰ ਚਲਾਉਣ ਵਾਲੇ ਟਰੈਕਟਰ ਜ਼ਿਲ੍ਹਾ ਫਿਰੋਜ਼ਪੁਰ ਦੇ ਕਿਸਾਨਾਂ ਨੂੰ ਮੁਹੱਈਆਂ ਕਰਵਾਏ ਗਏ। ਇਹ ਜਾਣਕਾਰੀ ਦਿੰਦਿਆਂ ਮਾਨਯੋਗ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਸ਼੍ਰੀਮਤੀ ਅਮ੍ਰਿਤ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਇਹ ਮਸ਼ੀਨਾਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਝੋਨੇ ਦੀ ਪਰਾਲੀ ਨੂੰ ਲੱਗਣ ਵਾਲੀ ਅੱਗ ਨੂੰ ਵੱਡੇ ਪੱਧਰ ‘ਤੇ ਠੱਲ੍ਹ ਪਾਉਂਦੇ ਹੋਏ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਹਾਇਕ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਇੱਕ ਦਿਨ ਵਿਚ 125 ਏਕੜ ਝੋਨੇ ਦੀ ਪਰਾਲੀ ਦੀਆਂ ਪੰਡਾਂ ਬਣਾਉਣ ਦੀ ਸਮਰੱਥਾ ਰੱਖਦੀਆਂ ਹਨ ਅਤੇ ਇਹ ਮਸ਼ੀਨਾਂ ਅੱਜ ਤੋਂ ਹੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਜਮੀਨੀ ਪੱਧਰ ਤੇ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਕਣਕ ਦੀ ਫਸਲ ਦੇ ਨਾਲ ਨਾਲ ਹੋਰ ਫਸਲਾਂ, ਸਬਜ਼ੀਆਂ ਆਦਿ ਦੀ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਬਿਜਾਈ ਕਰਨੀ ਹੈ। ਉੱਥੇ ਇਹ ਮਸ਼ੀਨਾਂ ਪਰਾਲੀ ਦੀ ਸਾਂਭ-ਸੰਭਾਲ ਕਰਦੇ ਹੋਏ ਸਮੇਂ ਸਿਰ ਖੇਤ ਨੂੰ ਤਿਆਰ ਕਰਨ ਵਿਚ ਸਹਾਈ ਹੋਣਗੀਆਂ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਤੇਜਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨੂੰ ਚਲਾਉਣ ਵਾਲੇ ਕਿਸਾਨਾਂ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਹੋਰ ਬੇਲਰ ਮਾਲਕਾਂ ਦੀ ਸੂਚੀ ਕਿਸਾਨਾਂ ਦੇ ਵੱਟਸਐਪ ਗਰੁੱਪਾਂ, ਖੇਤੀਬਾੜੀ ਵਿਭਾਗ ਦੇ ਬਲਾਕ ਦਫਤਰਾਂ ਅਤੇ ਜ਼ਿਲ੍ਹੇ ਦੀਆਂ ਸਮੂਹ ਸਹਿਕਾਰੀ ਸਭਾਵਾਂ ਨਾਲ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ, ਤਾਂ ਜੋ ਉਹ ਕਿਸਾਨ ਜਿਨ੍ਹਾਂ ਨੇ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਵਾਉਣੀਆਂ ਹਨ, ਉਹ ਕਿਸਾਨ ਆਪਣੇ ਨੇੜਲੇ ਬੇਲਰ ਮਾਲਕ ਨਾਲ ਸੰਪਰਕ ਕਰਕੇ ਆਪਣੇ ਖੇਤ ਵਿਚ ਪਰਾਲੀ ਦੀਆਂ ਗੱਠਾਂ ਬਣਵਾ ਸਕਣ। ਇਸ ਮੌਕੇ ਮੈਸ: ਸੁਖਬੀਰ ਐਗਰੋ ਐਨਰਜੀ ਲਿਮਟਿਡ ਦੇ ਪ੍ਰਬੰਧਕ, ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਜ਼ਿਲ੍ਹੇ ਦੇ ਅਗਾਂਹ ਵਧੂ ਕਿਸਾਨ ਹਾਜ਼ਰ ਸਨ।