ਜ਼ਿਲ੍ਹਾ ਚੋਣ ਅਫਸਰ ਨੇ ਲੋਕ ਸਭਾ ਚੋਣਾਂ ਸਬੰਧੀ ਪੱਤਰਕਾਰਾਂ ਨਾਲ ਕੀਤੀ ਗੱਲਬਾਤ
ਦਿਵਿਯਾਂਗਜਨ ਅਤੇ ਬਜ਼ੁਰਗ ਘਰ ਬੈਠੇ ਹੀ ਪਾ ਸਕਦੇ ਹਨ ਵੋਟ
-ਗਰਮੀ ਦੇ ਚੱਲਦਿਆਂ ਪੋਲਿੰਗ ਬੂਥਾਂ ਤੇ ਕੀਤੇ ਜਾਣਗੇ ਖਾਸ ਪ੍ਰਬੰਧ
-ਦਿਵਿਯਾਂਗਜਨ ਅਤੇ ਬਜ਼ੁਰਗ ਘਰ ਬੈਠੇ ਹੀ ਪਾ ਸਕਦੇ ਹਨ ਵੋਟ
-ਕਿਸੇ ਵੀ ਸ਼ਿਕਾਇਤ ਲਈ ਸਿ-ਵਿਜਿਲ ਐਪ ਜਾਂ ਟੋਲ ਫਰੀ ਨੰ:1950 ਤੇ ਸੰਪਰਕ ਕਰੋ
-ਚੋਣ ਜਾਬਤੇ ਨੂੰ ਇਨ ਬਿੰਨ ਲਾਗੂ ਕੀਤਾ ਜਾਵੇਗਾ
-ਜ਼ਿਲ੍ਹਾ ਚੋਣ ਅਫਸਰ ਨੇ ਲੋਕ ਸਭਾ ਚੋਣਾਂ ਸਬੰਧੀ ਪੱਤਰਕਾਰਾਂ ਨਾਲ ਕੀਤੀ ਗੱਲਬਾਤ
ਫਿਰੋਜ਼ਪੁਰ 2 ਮਈ ( ) ਲੋਕ ਸਭਾ ਚੋਣਾਂ 2024 ਦੌਰਾਨ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਜ਼ਿਲ੍ਹਾ ਚੋਣ ਅਫਸਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਣ ਜਾ ਰਹੀ ਹੈ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪੁੱਖਤਾ ਪ੍ਰਬੰਧ ਕਰਨ ਲਈ ਵੱਖ ਵੱਖ ਅਧਿਕਾਰੀਆਂ/ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਰੇਕ ਵੋਟਰ ਬਿਨ੍ਹਾਂ ਕਿਸੇ ਡਰ-ਭੈਅ ਤੋਂ ਆਪਣੀ ਵੋਟ ਪਾ ਸਕਦਾ ਹੈ।
ਪੋਲਿੰਗ ਦੌਰਾਨ ਗਰਮੀਂ ਤੋਂ ਰਾਹਤ ਸਬੰਧੀ ਪੱਤਰਕਾਰ ਵੱਲੋਂ ਪੁੱਛ ਇੱਕ ਸਵਾਲ ਦਾ ਜਵਾਬ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਗੱਲ ਵਲ ਪਹਿਲਾਂ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਗਰਮੀ ਨੂੰ ਦੇਖਦਿਆਂ ਪੋਲਿੰਗ ਬੂਥਾਂ ਤੇ ਖਾਸ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ ਤੇ ਟੈਂਟ, ਵਾਟਰ ਕੂਲਰ, ਪੱਖੇ, ਕੁਰਸੀਆਂ ਆਦਿ ਸਾਰੇ ਪ੍ਰਬੰਧ ਹੋਣਗੇ ਅਤੇ ਇਸ ਤੋਂ ਇਲਾਵਾ ਪੋਲਿੰਗ ਬੂਥਾਂ ਨੇੜੇ ਠੰਡ/ਮਿੱਠੇ ਪਾਣੀ ਦੀਆਂ ਛਬੀਲਾਂ ਵੀ ਲਗਾਈਆ ਜਾਣਗੀਆਂ ਜਿਸ ਲਈ ਸਮਾਜ ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਸਵੇਰ ਦੇ ਸਮੇਂ ਨੂੰ ਤਰਜੀਹ ਦੇਣ।
ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲੀ ਵਾਰ ਭਾਰਤ ਚੋਣ ਕਮਿਸ਼ਨ ਵਲੋਂ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਦਿਵਿਆਂਗਜਨਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬਜ਼ੁਰਗ ਜਾਂ ਦਿਵਿਆਂਗਜਨ ਘਰ ਬੈਠ ਕੇ ਵੋਟ ਪਾਉਣ ਚਾਹੁੰਦਾ ਹੋਵੇ ਤਾਂ ਉਸ ਲਈ ਫਾਰਮ ਡੀ ਨਾਲ ਲੈਕੇ ਬੀ.ਐਲ.ਓਜ਼ ਵਲੋਂ 25 ਤੋਂ 27 ਮਈ ਤੱਕ ਉਨ੍ਹਾਂ ਦੇ ਘਰ ਜਾ ਕੇ ਬੈਲਟ ਪੇਪਰ ਮੁਹੱਈਆ ਕਰਵਾਏ ਜਾਣਗੇ ਅਤੇ ਉਨ੍ਹਾਂ ਦੀ ਇੱਛਾ ਤੇ ਫਾਰਮ ਡੀ ਵਿੱਚ ਸਹਿਮਤੀ ਲੈਕੇ ਉਨ੍ਹਾਂ ਵੱਲੋਂ ਬੈਲਟ ਪੇਪਰਾਂ ਰਾਹੀਂ ਵੋਟ ਪੁਆਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ ਤੇ ਵੀ ਬਜ਼ੂਰਗਾਂ ਅਤੇ ਦਿਵਿਆਂਗਜਨਾਂ ਲਈ ਵਹੀਲਚੇਅਰ, ਮੈਡੀਕਲ ਕਿੱਟਾ ਆਦਿ ਸਹੂਲਤਾਂ ਮੁਹੱਈਆਂ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਚੋਣ ਜ਼ਾਬਤੇ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ‘ਤੇ ਤਿੱਖੀ ਨਜ਼ਰ ਰੱਖਣ ਲਈ ਵੱਖ ਵੱਖ ਟੀਮਾਂ ਪੂਰੀ ਤਰ੍ਹਾਂ ਸਰਗਰਮ ਹਨ। ਵੋਟਰ ਬਿਨ੍ਹਾਂ ਕਿਸੇ ਡਰ ਤੋਂ ਆਪਣੀ ਵੋਟ ਪਾ ਕੇ ਆ ਸਕਦੇ ਹਨ। ਉਨਾਂ ਕਿਹਾ ਆਪਣੀ ਵੋਟ ਪਾਉਣ ਲਈ ਵੋਟਰ ਕਾਰਡ ਤੋਂ ਇਲਾਵਾ ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੰਸ, ਮਨਰੇਗਾ ਜੌਬ ਕਾਰਡ ਸਮੇਤ 12 ਚੋਣਵੇਂ ਦਸਤਾਵੇਜ਼ਾਂ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਚੋਣਾਂ ਸਬੰਧੀ ਕੋਈ ਸ਼ਿਕਾਇਤ ਕਰਨ ਚਾਹੁੰਦਾ ਹੈ ਤਾਂ ਉਹ ਸੀਵਿਜਿਲ ਐਪ ਦੀ ਵਰਤੋਂ ਕਰ ਸਕਦਾ ਹੈ ਜਾਂ ਟੋਲ ਫਰੀ ਨੰ: 1950 ਜਾਂ 18001802510 ਤੇ ਸਪੰਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ.) ਡਾ. ਨਿੱਧੀ ਕੁਮੁਦ ਬਾਮਬਾ, ਤਹਿਸੀਲਦਾਰ ਚੋਣਾਂ ਸ੍ਰੀ ਚਾਂਦ ਪ੍ਰਕਾਸ਼, ਜ਼ਿਲ੍ਹਾ ਲੋਕ ਸੰਪਰਕ ਅਫਸਰ ਸ. ਅਮਰੀਕ ਸਿੰਘ ਵੀ ਹਾਜ਼ਰ ਸਨ।