ਜ਼ਿਲ੍ਹਾ ਉਦਯੋਗ ਕੇਂਦਰ ਫ਼ਿਰੋਜ਼ਪੁਰ ਵੱਲੋਂ ਜਾਗਰੂਕਤਾ ਕੈਂਪ ਦਾ ਆਯੋਜਨ
ਜ਼ਿਲ੍ਹਾ ਉਦਯੋਗ ਕੇਂਦਰ ਫ਼ਿਰੋਜ਼ਪੁਰ ਵੱਲੋਂ ਜਾਗਰੂਕਤਾ ਕੈਂਪ ਦਾ ਆਯੋਜਨ
ਫਿਰੋਜ਼ਪੁਰ, 27 ਸਤੰਬਰ 2023 :ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਗਵਿੰਦਰ ਸਿੰਘ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਫਿਰੋਜ਼ਪੁਰ ਦੀ ਅਗਵਾਈ ‘ਚ ਪ੍ਰਧਾਨ ਮੰਤਰੀ ਮਾਈਕਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ (ਪੀ.ਐਮ.ਐੱਫ.ਐਮ.ਈ.) ਸਕੀਮ ਅਧੀਨ ਲਘੂ ਅਤੇ ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੁਲਤ ਕਰਨ ਸਬੰਧੀ ਬਲਾਕ ਪੱਧਰ ‘ਤੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਫ਼ਿਰੋਜ਼ਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ।
ਕੈਂਪ ਦੌਰਾਨ ਉਦਯੋਗ ਵਿਭਾਗ ਦੇ ਗੁਰਮੁੱਖ ਸਿੰਘ ਉੱਚ ਉਦਯੋਗਿਕ ਉੱਨਤੀ ਅਫਸਰ ਨੇ ਵਿਸਤਾਰਪੂਰਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਲਘੂ ਅਤੇ ਛੋਟੀਆਂ ਉਦਯੋਗਿਕ ਇਕਾਈਆ ਲਾਭ ਲੈ ਸਕਦੀਆਂ ਹਨ। ਜਿਸ ਵਿਚ 35% (ਵੱਧ ਤੋਂ ਵੱਧ 10 ਲੱਖ) ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਸਕੀਮ ਅਧੀਨ ਆਉਣ ਵਾਲੇ ਉਦਯੋਗ ਜਿਵੇਂ ਕਿ ਰਾਈਸ ਸ਼ੈਲਰ, ਤੇਲ ਮਿੱਲ, ਆਟਾ ਚੱਕੀ, ਬੇਕਰੀ, ਆਚਾਰ, ਮੁਰੱਬਾ, ਸ਼ਹਿਦ ਉਦਯੋਗ ਅਤੇ ਕੈਟਲ ਫੀਡ ਆਦਿ ਪ੍ਰਮੁੱਖ ਹਨ। ਪੰਜਾਬ ਐਗਰੋ ਦੇ ਜ਼ਿਲ੍ਹਾ ਰਿਸੋਰਸ ਪਰਸਨ ਗੁਰਦੇਵ ਸਿੰਘ ਵੱਲੋਂ ਸਕੀਮ ਦਾ ਲਾਭ ਲੈਣ ਲਈ ਚਾਹਵਾਨ ਲੋਕਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ।
ਇਸ ਮੌਕੇ ਜਿਲ੍ਹਾ ਉਦਯੋਗ ਕੇਂਦਰ ਤੋਂ ਸ੍ਰੀ ਸੰਗੀਤ ਸਵੇਤਾ ਫੰਕਸ਼ਨਲ ਮੈਨੇਜਰ, ਸ੍ਰੀ ਬਲਵੰਤ ਸਿੰਘ ਸੁਪਰਡੈਂਟ, ਸ੍ਰੀ ਮਨਦੀਪ ਸਿੰਘ ਬੀ.ਐਲ.ਈ.ਓ. ਸ੍ਰੀ ਰਾਹੁਲ ਕੁਮਾਰ ਅਤੇ ਸ੍ਰੀ ਵਿਪਨ ਕੁਮਾਰ ਬਿਜਨਸ ਫੈਸਲੀਟੇਸ਼ਨ ਅਫਸਰ ਆਦਿ ਮੌਜੂਦ ਸਨ।