ਜਲ-ਬੱਸ 'ਤੇ ਖਰਚੇ 20 ਕਰੋੜ ਰੁ: ਦੀ ਕਰਵਾਈ ਜਾਵੇਗੀ ਜਾਂਚ
ਮੱਖੂ, 17 ਜੂਨ () ਪੰਜਾਬ ਦੀ ਨਵੀਂ ਚੁਣੀ ਗਈ ਕਾਂਗਰਸ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਤਹਿਤ ਪਿਛਲੀ ਸਰਕਾਰ ਸਮੇਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਹਰੀਕੇ ਝੀਲ ਵਿੱਚ ਚਲਾਈ ਗਈ ਪਾਣੀ ਵਾਲੀ ਬੱਸ ਬੰਦ ਕਰ ਦਿੱਤੀ ਗਈ। ਅੱਜ ਦੁਪਿਹਰ ਹਰੀਕੇ ਹੈਡ ਵਰਕਸ 'ਤੇ ਪਹੁੰਚੇ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਰੀਕੇ ਜਲਗਾਹ ਵਿਖੇ ਪਹੁੰਚ ਕੇ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ ਪਿੰਕੀ ਵਿਧਾਇਕ ਫ਼ਿਰੋਜ਼ਪੁਰ ਸ਼ਹਿਰ, ਸੁਖਪਾਲ ਸਿੰਘ ਭੁੱਲਰ ਵਿਧਾਇਕ ਵਲਟੋਹਾ, ਸਾਬਕਾ ਮੰਤਰੀ ਪੰਜਾਬ ਇੰਦਰਜੀਤ ਸਿੰਘ ਜ਼ੀਰਾ, ਵਿਜੇ ਕਾਲੜਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਚਮਕੌਰ ਸਿੰਘ ਢੀਂਡਸਾ ਦੀ ਹਾਜ਼ਰੀ ਵਿੱਚ ਬੱਸ ਨੂੰ ਦੇਖਣ ਉਪਰੰਤ ਫ਼ੈਸਲਾ ਲੈਂਦਿਆਂ ਕਿਹਾ ਕਿ ਇਸ ਜਲਗਾਹ ਵਿੱਚ ਬੱਸ ਦੀ ਥਾਂ 'ਤੇ ਪੈਰਾਂ ਨਾਲ ਚੱਲਣ ਵਾਲੀਆਂ ਕਿਸ਼ਤੀਆਂ ਚਲਾਈਆਂ ਜਾਣਗੀਆਂ, ਕਿਉਂਕਿ ਬੱਸ ਦੇ ਚੱਲਣ ਨਾਲ ਪ੍ਰਵਾਸੀ ਪੰਛੀ ਪ੍ਰਭਾਵਿਤ ਹੁੰਦੇ ਹਨ। ਉਹਨਾਂ ਕਿਹਾ ਕਿ ਇਹ ਜਲ ਬੱਸ ਚਲਾਉਣ ਦੀ ਕੋਈ ਤੁਕ ਨਹੀਂ ਬਣਦੀ ਅਤੇ ਪਿਛਲੀ ਸਰਕਾਰ ਨੇ ਇਸ ਬੱਸ 'ਤੇ ਵੀ 20 ਕਰੋੜ ਰੁਪਏ ਦਾ ਨਜ਼ਾਇਜ਼ ਖਰਚਾ ਕੀਤਾ ਹੈ। ਇਸ ਸਮੇਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬੱਸ ਚਲਾਉਣ ਦੇ ਮਾਮਲੇ ਵਿੱਚ ਖਰਚ ਹੋਈ ਰਾਸ਼ੀ ਦੀ ਜਾਂਚ ਕਰਾਈ ਜਾਵੇਗੀ ਅਤੇ ਜੇਕਰ ਇਸ ਮਾਮਲੇ ਵਿੱਚ ਬੇ-ਨਿਯਮੀ ਪਾਈ ਗਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਸਿੱਧੂ ਨੇ ਬਾਦਲ ਪਰਿਵਾਰ 'ਤੇ ਤਾਬੜਤੋੜ ਹਮਲਾ ਕਰਦਿਆਂ ਹੋਇਆਂ ਕਿਹਾ ਕਿ ਪਾਣੀ ਵਿੱਚ ਚੱਲਣ ਵਾਲੀ ਬੱਸ ਦੇ ਨਾਲ-ਨਾਲ ਬਾਦਲ ਪਰਿਵਾਰ ਦੀ ਮਾਲਕੀਅਤ ਵਾਲੀਆਂ ਪ੍ਰਾਈਵੇਟ ਬੱਸਾਂ ਜੋ ਕਿ ਇੱਕ ਪਰਮਿਟ 'ਤੇ ਕਈ-ਕਈ ਚੱਲ ਰਹੀਆਂ ਹਨ, ਬੰਦ ਕੀਤੀਆਂ ਜਾਣਗੀਆਂ ਅਤੇ ਉਹਨਾਂ ਦੀ ਥਾਂ 'ਤੇ ਪੰਜਾਬ ਸਰਕਾਰ ਦੀਆਂ ਪੀ.ਆਰ.ਟੀ.ਸੀ ਅਤੇ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਬੱਸਾਂ ਸੜਕਾਂ 'ਤੇ ਚੱਲਣਗੀਆਂ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮੱਖੂ ਦੀ ਦਾਣਾ ਮੰਡੀ ਵਿਖੇ ਮਹਿੰਦਰ ਮਦਾਨ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮੱਖੂ ਦੇ ਦਫਤਰ ਵਿਖੇ ਪਹੁੰਚੇ ਅਤੇ ਹਲਕਾ ਜ਼ੀਰਾ ਦੇ ਵਿਕਾਸ ਲਈ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਭਰੋਸਾ ਦਿੱਤਾ ਕਿ ਮੱਖੂ ਵਿਖੇ ਬੱਸ ਸਟੈਂਡ ਤੋਂ ਇਲਾਵਾ ਇਕ ਆਈ.ਟੀ.ਆਈ ਖੋਲਿਆ ਜਾਵੇਗਾ। ਇਸ ਮੌਕੇ ਮਹਿੰਦਰ ਮਦਾਨ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਗੁਰਮੇਜ ਸਿੰਘ ਬਾਹਰਵਾਲੀ, ਬੋਹੜ ਸਿੰਘ ਸੱਦਰਵਾਲਾ, ਰੂਪਲਾਲ ਮਦਾਨ, ਰਮੇਸ਼ ਠੁਕਰਾਲ, ਬਲਜੀਤ ਸਿੰਘ ਫ਼ੇਮੀਵਾਲਾ, ਮਨਮੋਹਨ ਗਰੋਵਰ, ਜਗੀਰ ਸਿੰਘ ਮੱਲ੍ਹੀ, ਰਣਜੀਤ ਸਿੰਘ ਰਾਣਾ ਬਾਹਰਵਾਲੀ, ਅਸ਼ਵਨੀ ਨਾਰੰਗ, ਨਰਿੰਦਰ ਮਹਿਤਾ, ਗੁਰਮੇਜ ਸਿੰਘ ਤਲਵੰਡੀ ਨਿਪਾਲਾਂ, ਅਜੇ ਸੇਠੀ ਮੱਲਾਂਵਾਲਾ, ਅਮਿਤ ਕਾਲੜਾ, ਰਵੀ ਚੋਪੜਾ, ਵਿਨੂੰ ਠੁਕਰਾਲ, ਹਰਪ੍ਰੀਤ ਸਿੰਘ ਗੋਰਾ, ਸੋਨੂੰ ਚੋਪੜਾ, ਬੰਟੀ ਨਾੰਰਗ, ਸਰਿੰਦਰ ਅਹੂਜਾ ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜ਼ਰ ਸਨ।