ਚੋਰੀ ਦਾ ਮੋਟਰਸਾਈਕਲ, ਇਕ ਪਿਸਤੌਲ, ਰੌਂਦ ਅਤੇ ਕਿਰਚ ਸਮੇਤ ਤਿੰਨ ਮੈਂਬਰੀ ਲੁਟੇਰਾ ਗਿਰੋਹ ਗ੍ਰਿਫਤਾਰ
ਫਿਰੋਜ਼ਪੁਰ 24 ਫਰਵਰੀ (ਏ. ਸੀ. ਚਾਵਲਾ): ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਮੈਂਬਰੀ ਗਿਰੋਹ ਨੂੰ ਸੀ ਆਈ ਏ ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਚੋਰੀ ਦੇ ਇਕ ਮੋਟਰਸਾਈਕਲ, ਇਕ ਪਿਸਤੌਲ 32 ਬੋਰ, 4 ਰੌਂਦ ਅਤੇ ਇਕ ਕਿਰਚ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸੀ ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਜਦੋਂ ਏ. ਐਸ. ਆਈ. ਗੁਰਬਖਸ਼ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਚੂੰਗੀ ਨੰਬਰ 7 ਫਿਰੋਜ਼ਪੁਰ ਛਾਉਣੀ ਵਿਖੇ ਨਾਕੇਬੰਦੀ ਕਰਕੇ ਸ਼ੱਕੀ ਵਿਅਕਤੀ ਦੀ ਚੈਕਿੰਗ ਕਰ ਰਹੇ ਸਨ ਤਾਂ ਉਸ ਵੇਲੇ ਕਿਸੇ ਵਿਅਕਤੀ ਨੇ ਗੁਪਤ ਇਤਲਾਹ ਦਿੱਤੀ ਕਿ 3 ਵਿਅਕਤੀ ਇਕ ਮੋਟਰਸਾਈਕਲ ਤੇ ਸਵਾਰ ਹੋ ਕੇ ਫਿਰੋਜ਼ਪੁਰ ਵੱਲ ਨੂੰ ਆ ਰਹੇ ਹਨ ਜੋ ਚੋਰੀ ਆਦਿ ਦੀ ਵਾਰਦਾਤ ਨੂੰ ਅੰਜਾਮ ਦੇਣ ਚੱਲੇ ਹਨ। ਪੁਲਸ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ਤੇ ਰੋਕ ਉਕਤ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਨ•ਾਂ ਕੋਲੋਂ ਇਕ ਪਿਸਤੌਲ 32 ਬੋਰ ਸਮੇਤ 4 ਰੌਂਦ ਅਤੇ ਇਕ ਕਿਰਚ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੀ ਪਛਾਣ ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਦੀਵਾਨ ਸਿੰਘ ਵਾਸੀ ਪਿੰਡ ਝੋਕ ਹਰੀ ਹਰ, ਰਮਨ ਕੁਮਾਰ ਉਰਫ ਰਮਨੀ ਪੁੱਤਰ ਅਸ਼ੋਕ ਕੁਮਾਰ ਵਾਸੀ ਬਸਤੀ ਆਵਾ ਫਿਰੋਜ਼ਪੁਰ ਸ਼ਹਿਰ ਅਤੇ ਸੁਨੀਲ ਭੱਟੀ ਉਰਫ ਜਾਦੂ ਪੁੱਤਰ ਥੋਮਸ ਭੱਟੀ ਵਾਸੀ ਪਿੰਡ ਝੋਕ ਹਰੀਹਰ ਵਜੋਂ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ•ਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।