ਚੋਣ ਜਾਬਤਾ ਲੱਗਦਿਆ ਹੀ ਪੁਲਸ ਵਰਤਣ ਲੱਗੀ ਸਖਤੀ -ਸਤਲੁਜ ਦਰਿਆ ਦੀ ਫਾਟ 'ਤੋਂ ਸ਼ਰਾਬ ਦਾ ਜਖੀਰਾ ਬਰਾਮਦ
ਫਿਰੋਜ਼ਪੁਰ: -ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਜਾਇਜ਼ ਸ਼ਰਾਬ ਦੀ ਖਰੀਦਦਾਰੀ ਅਤੇ ਵਿਕਰੀ ਨੂੰ ਠੱਲ੍ਹ ਪਾਉਣ ਲਈ ਆਬਕਾਰੀ ਵਿਭਾਗ ਪੰਜਾਬ ਵਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਿਕ ਸਤਲੁਜ ਦਰਿਆ ਕੰਡੇ ਛਾਪੇਮਾਰੀ ਕੀਤੀ ਗਈ। ਐਕਸਾਈਜ਼ ਇੰਸਪੈਕਟਰ ਪ੍ਰਭਜੋਤ ਸਿੰਘ ਸਮੇਤ ਐਕਸਾਈਜ ਪੁਲਸ ਸਟਾਫ ਨਾਲ ਮਿਲ ਕੇ ਛਾਪੇਮਾਰੀ ਕੀਤੀ ਗਈ ਤਾਂ ਦੋ ਲੱਖ ਲੀਟਰ ਤੋਂ ਜ਼ਿਆਦਾ ਲਾਹਣ ਜਖੀਰਾ ਬਰਾਮਦ ਹੋਇਆ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਦੇ ਸਹਾਇਕ ਸਬ ਇੰਸਪੈਕਟਰ ਤਰਲੋਕ ਸਿੰਘ ਨੇ ਦੱਸਿਆ ਕਿ ਸਮੇਤ ਪੁਲਸ ਪਾਰਟੀ ਤੇ ਐਕਸਾਈਜ ਵਿਭਾਗ ਦੇ ਇੰਸਪੈਕਟਰ ਪ੍ਰਭਜੋਤ ਸਿੰਘ ਸਮੇਤ ਐਕਸਾਈਜ ਪੁਲਸ ਸਟਾਫ ਨਾਲ ਮਿਲ ਕੇ ਵੱਖ ਵੱਖ ਜਗਾਵਾਂ ਤੇ ਛਾਪੇਮਾਰੀ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਸ ਪਾਰਟੀ ਨੂੰ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਸਤਲੁਜ ਦਰਿਆ ਦੇ ਕੰਡੇ ਖੁੰਦਰ ਗੱਟੀ ਕੋਲ ਲਾਹਣ ਤਿਆਰ ਕਰਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਹੁਣ ਵੀ ਸ਼ਰਾਬ ਕੱਢ ਕੇ ਵੇਚ ਰਹੇ ਹਨ। ਪੁਲਸ ਨੇ ਦੱਸਿਆ ਕਿ ਮੁਖਬਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਉਕਤ ਜਗ੍ਹਾ ਤੇ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਸਤਲੁਜ ਦਰਿਆ ਦੀ ਫਾਟ ਖੁੰਦਰ ਗੱਟੀ ਦੇ ਉਤਰ ਵਾਲੇ ਪਾਸੇ ਸਰਕੰਡਿਆ ਦੇ ਵਿਚੋਂ ਭਾਰੀ ਮਾਤਰਾ ਵਿਚ ਲਾਹਣ ਬਰਾਮਦ ਹੋਈ, ਪਰ ਸ਼ਰਾਬ ਦਾ ਵੇਚਣ 'ਤੇ ਬਣਾਉਣ ਦਾ ਧੰਦਾ ਕਰਨ ਵਾਲੇ ਮੌਕਾ ਪਾ ਕੇ ਭੱਜਣ ਵਿਚ ਕਾਮਯਾਬ ਹੋ ਗਏ। ਪੁਲਸ ਨੇ ਦੱਸਿਆ ਕਿ ਤੋਲਣ ਤੇ ਲਾਹਣ 2 ਲੱਖ ਲੀਟਰ ਤੋਂ ਜ਼ਿਆਦਾ ਸੀ। ਪੁਲਸ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਬਣਾ ਕੇ ਵੇਚਣ ਵਾਲਿਆਂ ਦੀ ਪਛਾਣ ਪਿੱਪਲ ਸਿੰਘ ਪੁੱਤਰ ਜੰਗੀਰ ਸਿੰਘ, ਪੱਪੂ ਉਰਫ ਪੱਪੀ ਪੁੱਤਰ ਜੰਗੀਰ ਸਿੰਘ ਵਾਸੀਅਨ ਝੁੱਗੇ ਮਹਿਤਾਬ ਸਿੰਘ ਵਾਲੇ ਦਾਖਲੀ ਚਾਂਦੀ ਵਾਲਾ, ਕਾਲਾ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਚਾਂਦੀ ਵਾਲਾ, ਗੁਰਮੁੱਖ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕਮਾਲੇ ਵਾਲਾ ਵਜੋਂ ਹੋਈ ਹੈ।
ਦੂਜੇ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ ਦੇ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਖਬਰ ਵਲੋਂ ਦਿੱਤੀ ਗਈ ਇਤਲਾਹ ਦੇ ਮੁਤਾਬਿਕ ਜਦੋਂ ਪਿੰਡ ਚਾਂਦੀ ਵਾਲਾ ਵਿਖੇ ਛਾਪੇਮਾਰੀ ਕੀਤੀ ਗਈ ਤਾਂ ਉਥੋਂ 1600 ਕਿਲੋ ਲਾਹਣ ਅਤੇ 400 ਬੋਤਲ ਨਜਾਇਜ਼ ਸ਼ਰਾਬ ਬਰਾਮਦ ਹੋਈ, ਜਦਕਿ ਸ਼ਰਾਬ ਬਣਾ ਕੇ ਵੇਚਣ ਦਾ ਧੰਦਾ ਕਰਨ ਵਾਲੇ ਮੌਕਾ ਪਾ ਕੇ ਭੱਜਣ ਵਿਚ ਕਾਮਯਾਬ ਹੋ ਗਏ। ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਪ੍ਰਕਾਸ਼ ਸਿੰਘ ਉਰਫ ਪਾਸ਼ੀ ਪੁੱਤਰ ਨਰਾਇਣ ਸਿੰਘ, ਸੂਰਤ ਸਿੰਘ ਉਰਫ ਸੂਰਤੀ ਪੁੱਤਰ ਨਰਾਇਣ ਸਿੰਘ ਅਤੇ ਪ੍ਰੀਤਮ ਸਿੰਘ ਪੁੱਤਰ ਨਰਾਇਣ ਸਿੰਘ ਵਾਸੀ ਝੁੱਗੇ ਨਿਹੰਗਾਂ ਵਾਲੇ ਵਜੋਂ ਹੋਈ ਹੈ।
ਥਾਣਾ ਗੁਰੂਹਰਸਹਾਏ ਦੇ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੇ 300 ਲੀਟਰ ਲਾਹਣ ਸਮੇਤ ਬਲਵਿੰਦਰ ਸਿੰਘ ਪੁੱਤਰ ਬਾਜ ਸਿੰਘ ਅਤੇ ਲਛਮਣ ਸਿੰਘ ਪੁੱਤਰ ਰੁਲੀਆ ਸਿੰਘ ਵਾਸੀਅਨ ਛਾਂਗਾ ਰਾਏ ਉਤਾੜ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮਮਦੋਟ ਦੇ ਐਚ ਸੀ ਮਿਲਕਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੇ ਸਵਾ 9 ਬੋਤਲ ਨਜਾਇਜ਼ ਸ਼ਰਾਬ ਪਿੰਡ ਰਹੀਮੇ ਕੇ ਤੋਂ ਬਰਾਮਦ ਕੀਤੀ ਹੈ, ਜਦਕਿ ਦੋਸ਼ੀ ਮਹਿੰਦਰ ਸਿੰਘ ਪੁੱਤਰ ਹਰ ਸਿੰਘ ਵਾਸੀ ਚੱਕ ਭੰਗੇ ਵਾਲਾ ਮੌਕਾ ਪਾ ਕੇ ਭੱਜਣ ਵਿਚ ਕਾਮਯਾਬ ਹੋ ਗਿਆ।