Ferozepur News
ਚੋਣ ਕਮਿਸ਼ਨ ਦਾ ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਦੇ ਘਰਾਂ ਤੱਕ ਪਹੁੰਚ ਕਰਕੇ ਵੋਟ ਪਵਾਉਣ ਦਾ ਸ਼ਲਾਘਾਯੋਗ ਕਦਮ
85 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਅਤੇ ਦਿਵਿਆਂਗ ਵੋਟਰਾਂ ਨੂੰ ਘਰ-ਘਰ ਜਾ ਕੇ ਪਵਾਈ ਵੋਟ
ਚੋਣ ਕਮਿਸ਼ਨ ਦਾ ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਦੇ ਘਰਾਂ ਤੱਕ ਪਹੁੰਚ ਕਰਕੇ ਵੋਟ ਪਵਾਉਣ ਦਾ ਸ਼ਲਾਘਾਯੋਗ ਕਦਮ
85 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਅਤੇ ਦਿਵਿਆਂਗ ਵੋਟਰਾਂ ਨੂੰ ਘਰ-ਘਰ ਜਾ ਕੇ ਪਵਾਈ ਵੋਟ
ਫ਼ਿਰੋਜ਼ਪੁਰ, 25 ਮਈ 2024
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫ਼ਿਰੋਜ਼ਪੁਰ ਸ਼ਹਿਰੀ, ਫ਼ਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ ਤੇ ਜੀਰਾ ਦੇ 85 ਸਾਲ ਤੋਂ ਵੱਧ ਉਮਰ ਵਾਲੇ ਅਤੇ ਪੀ.ਡਬਲਯੂ.ਡੀ. ਕੈਟਾਗਰੀ ਦੇ ਵੋਟਰ ਜਿਨ੍ਹਾਂ ਵੱਲੋਂ 12-ਡੀ ਫਾਰਮ ਸਮੇਂ ਸਿਰ ਜਮ੍ਹਾਂ ਕਰਵਾਏ ਗਏ ਅਤੇ ਸਹੀ ਪਾਏ ਗਏ ਸਨ, ਉਨ੍ਹਾਂ ਵੋਟਰਾਂ ਦੇ ਘਰ ਜਾ ਕੇ ਨਿਯੁਕਤ ਕੀਤੇ ਗਏ ਚੋਣ ਅਮਲੇ ਵੱਲੋਂ ਪੋਸਟਲ ਬੈਲਟ ਰਾਹੀਂ ਵੋਟ ਪਵਾਈ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਉਕਤ ਕੈਟਾਗਰੀ ਦੇ ਵੋਟਰਾਂ ਨੂੰ ਘਰ ਵਿੱਚ ਰਹਿ ਕੇ ਹੀ ਪੋਸਟਲ ਬੈਲਟ ਰਾਹੀਂ ਅੱਜ ਵੋਟ ਪਵਾਈ ਗਈ। ਜੇਕਰ ਕਿਸੇ ਕਾਰਨ ਕਰਕੇ 25 ਮਈ ਨੂੰ ਵੋਟਰ ਵੋਟ ਪਾਉਣ ਤੋਂ ਰਹਿ ਜਾਂਦਾ ਹੈ ਤਾਂ ਉਸ ਦੀ ਵੋਟ 27 ਮਈ ਨੂੰ ਪਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ਼ ਅਤੇ ਸੁਰੱਖਿਆ ਕਰਮਚਾਰੀਆਂ ਦੀ ਸਮੁੱਚੀ ਟੀਮ ਦੀ ਸ਼ਮੂਲੀਅਤ ਨਾਲ ਘਰ ਤੋਂ ਵੋਟਿੰਗ ਕਰਵਾਈ ਗਈ। ਵੋਟਿੰਗ ਦੀ ਗੁੱਪਤਤਾ ਯਕੀਨੀ ਬਣਾਉਣ ਲਈ ਪੂਰੀ ਸਾਵਧਾਨੀ ਵਰਤੀ ਜਾਂਦੀ ਹੈ ਅਤੇ ਪਾਰਦਰਸ਼ਤਾ ਲਈ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ।
ਇਸ ਦੌਰਾਨ ਘਰ ਤੋਂ ਵੋਟ ਪਾਉਣ ਦੀ ਸਹੂਲਤ ਦਾ ਲਾਭ ਲੈਣ ਵਾਲੇ ਵੋਟਰਾਂ ਨੇ ਭਾਰਤ ਚੋਣ ਕਮਿਸ਼ਨ ਅਤੇ ਚੋਣ ਕਮਿਸ਼ਨਰ ਪੰਜਾਬ ਦਾ ਧੰਨਵਾਦ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਫੈਸਲਾ ਵਧੇਰੇ ਨਿਆਂਸੰਗਤ ਅਤੇ ਯੋਗ ਨੁਮਾਂਇੰਦਾ ਚੁਣਨ ਅਤੇ ਲੋਕਤੰਤਰ ਦੀ ਮਜ਼ਬੂਤੀ ਦੀ ਦਿਸ਼ਾ ਵਿੱਚ ਵੱਡਾ ਫੈਸਲਾਕੁੰਨ ਕਦਮ ਹੈ ਜੋ ਸਰੀਰਕ ਸਮੱਸਿਆਵਾਂ ਜਾਂ ਵਡੇਰੀ ਉਮਰ ਦੇ ਨਾਗਰਿਕਾਂ ਨੂੰ ਵੋਟ ਪਾਉਣ ਦੇ ਸੰਵਿਧਾਨਿਕ ਹੱਕ ਘਰ ਬੈਠਿਆਂ ਦਿੰਦਾ ਹੈ ਅਤੇ ਉਨ੍ਹਾਂ ਨੂੰ ਮਹਿਸੂਸ ਕਰਾਉਂਦਾ ਹੈ ਕਿ ਭਾਰਤੀ ਲੋਕਤੰਤਰ ਵਿੱਚ ਹਰੇਕ ਨਾਗਰਿਕ ਦੀ ਵੋਟ ਮਾਇਨੇ ਰੱਖਦੀ ਹੈ। ਉਨ੍ਹਾਂ ਇਸ ਸਹੂਲਤ ਲਈ ਚੋਣ ਕਮਿਸ਼ਨ ਅਤੇ ਪੋਲਿੰਗ ਸਟਾਫ਼ ਤੇ ਸੁਰੱਖਿਆ ਕਰਮਚਾਰੀਆਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।
ਵੋਟ ਪਾਉਣ ਤੋਂ ਬਾਅਦ ਬਜ਼ੁਰਗ ਪੱਤਰਕਾਰ ਸ਼੍ਰੀ ਐਮ.ਐਲ. ਤਿਵਾੜੀ ਨੇ ਕਿਹਾ ਕਿ ਬਹੁਤ ਹੀ ਖ਼ੁਸ਼ੀ ਹੋਈ ਕਿ ਸਾਡੇ ਵਿੱਚੋਂ ਜਿਨ੍ਹਾਂ ਦੀ ਉਮਰ 85 ਸਾਲ ਤੋਂ ਉੱਪਰ ਹੈ ਜਾਂ ਜਿਹੜੇ ਵੋਟਰ ਸਰੀਰਿਕ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦੀ ਸਹੂਲਤ ਦਿੱਤੀ ਗਈ ਹੈ, ਜਿਸਦੇ ਲਈ ਮੈਂ ਚੋਣ ਕਮਿਸ਼ਨ ਦਾ ਬਹੁਤ ਧੰਨਵਾਦੀ ਹਾਂ।
ਜ਼ਿਲ੍ਹਾ ਚੋਣ ਅਫ਼ਸਰ ਨੇ ਲੋਕ ਸਭਾ ਹਲਕਾ 10 ਫਿਰੋਜ਼ਪੁਰ ਦੇ ਹਰੇਕ ਵੋਟਰ ਨੂੰ 1 ਜੂਨ ਨੂੰ ਆਪਣੀ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ, ਤਾਂ ਜੋ ਲੋਕਤੰਤਰ ਦੀ ਮਜ਼ਬੂਤੀ ਵਿੱਚ ਹਰੇਕ ਨਾਗਰਿਕ ਆਪਣਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਅਤੇ ਦਿਵਿਆਂਗਜਨਾਂ ਦੀ ਸਹੂਲਤ ਲਈ ਵਹੀਲਚੇਅਰ, ਆਵਾਜਾਈ ਅਤੇ ਵਲੰਟੀਅਰ ਵਰਗੀਆਂ ਸਹੂਲਤਾਂ ਮੌਜੂਦ ਰਹਿਣਗੀਆਂ। ਉਨ੍ਹਾਂ ਕਿਹਾ ਕਿ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਪੋਲਿੰਗ ਸਟੇਸ਼ਨਾਂ ‘ਤੇ ਪੀਣ ਵਾਲੇ ਪਾਣੀ, ਸਾਫ਼-ਸਫ਼ਾਈ, ਵਹੀਲਚੇਅਰ, ਰੈਂਪ ਆਦਿ ਦੇ ਪੁਖਤਾ ਪ੍ਰਬੰਧ ਕਰਨ ਤਾਂ ਜੋ ਵੋਟਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।