ਖੇਡ ਮੰਤਰੀ ਰਾਣਾ ਸੋਢੀ ਨੇ ਪੈਰਾ ਏਸ਼ੀਅਨ ਖੇਡਾਂ ਦੇ ਕਾਂਸੀ ਤਮਗ਼ਾ ਜੇਤੂਆਂ ਨੂੰ 1.5 ਕਰੋੜ ਵੰਡੇ
ਖੇਡ ਮੰਤਰੀ ਨੇ ਕਿਹਾ, 1101 ਤਮਗ਼ਾ ਜੇਤੂਆਂ ਨੂੰ ਸਤੰਬਰ ਮਹੀਨੇ ਤੱਕ ਕਰੀਬ ਪੰਜ ਕਰੋੜ ਰੁਪਏ ਨਗਦ ਪੁਰਸਕਾਰ ਵਜੋਂ ਦਿੱਤੇ ਜਾਣਗੇ
ਫਿਰੋਜ਼ਪੁਰ,23 ਜੁਲਾਈ
ਤੀਜੀਆਂ ਪੈਰਾ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂਆਂ ਨੂੰ ਮਾਨਤਾ ਦਿੰਦਿਆਂ ਅਤੇ ਤਮਗ਼ਾ ਜੇਤੂਆਂ ਨੂੰ ਨਗਦ ਰਾਸ਼ੀ ਪ੍ਰਦਾਨ ਕਰਨ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਦਿਆਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਆਪਣੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਪੈਰਾ ਏਸ਼ੀਆਈ ਖੇਡਾਂ ਵਿੱਚ ਕਾਂਸੀ ਦੇ ਤਮਗ਼ੇ ਜਿੱਤਣ ਵਾਲੇ ਤਿੰਨ ਖਿਡਾਰੀਆਂ ਨੂੰ 1.5 ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ।
ਜਕਾਰਤਾ (ਇੰਡੋਨੇਸ਼ੀਆ) ਵਿਖੇ 6 ਤੋਂ 13 ਅਕਤੂਬਰ, 2018 ਦੌਰਾਨ ਹੋਈਆਂ ਤੀਜੀਆਂ ਪੈਰਾ ਏਸ਼ੀਅਨ ਖੇਡਾਂ ਵਿੱਚ ਕਾਂਸੀ ਦੇ ਤਮਗ਼ੇ ਜਿੱਤਣ ਵਾਲੇ ਪਾਵਰ ਲਿਫਟਰ ਪਰਮਜੀਤ ਕੁਮਾਰ (ਜਲੰਧਰ), ਸ਼ਾਟ-ਪੁੱਟਰ ਮੁਹੰਮਦ ਯਾਸੀਰ (ਸੰਗਰੂਰ) ਅਤੇ ਬੈਡਮਿੰਟਨ ਖਿਡਾਰੀ ਰਾਜ ਕੁਮਾਰ (ਪਟਿਆਲਾ) ਨੂੰ 50-50 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕਰਦਿਆਂ ਰਾਣਾ ਸੋਢੀ ਨੇ ਤਿੰਨਾਂ ਖਿਡਾਰੀਆਂ ਨੂੰ ਆਪਣੇ ਨਿਰਧਾਰਤ ਟੀਚਿਆਂ ਨੂੰ ਹੋਰ ਮਿਹਨਤ ਨਾਲ ਪੂਰਾ ਕਰਨ ਅਤੇ ਰਾਜ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ। ਉਨ੍ਹਾਂ ਖਿਡਾਰੀਆਂ ਨੂੰ ਵਿੱਤੀ ਸਹਾਇਤਾ, ਬੁਨਿਆਦੀ ਢਾਂਚਾ ਅਤੇ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਸਣੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਰਾਣਾ ਸੋਢੀ ਨੇ ਦੱਸਿਆ ਕਿ ਤਮਗ਼ਾ ਜੇਤੂਆਂ ਨੂੰ ਨਗਦ ਪੁਰਸਕਾਰਾਂ ਨਾਲ ਸਨਮਾਨਿਤ ਕਰਨ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਖੇਡ ਵਿਭਾਗ ਨੇ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀਆਂ ਨਗਦ ਪੁਰਸਕਾਰਾਂ ਲਈ ਪ੍ਰਾਪਤ ਅਰਜ਼ੀਆਂ ਦੀ ਪੜਤਾਲ ਕੀਤੀ ਅਤੇ 1101 ਤਮਗ਼ਾ ਜੇਤੂਆਂ ਦੀ ਸੂਚੀ ਬਣਾਈ ਹੈ। ਇਨ੍ਹਾਂ ਖਿਡਾਰੀਆਂ ਨੂੰ ਪੰਜਾਬ ਸਰਕਾਰ ਸਤੰਬਰ ਮਹੀਨੇ ਤੱਕ 4,85,46,100 ਰੁਪਏ ਦੀ ਪੁਰਸਕਾਰ ਰਾਸ਼ੀ ਨਾਲ ਸਨਮਾਨਿਤ ਕਰੇਗੀ। ਉਨ੍ਹਾਂ ਕਿਹਾ ਕਿ ਪੁਰਸਕਾਰਾਂ ਨੂੰ ਵੱਖ-ਵੱਖ ਤਮਗ਼ਾ ਵਰਗ ਅਤੇ ਖੇਡਾਂ ਦੇ ਆਧਾਰ ’ਤੇ ਦਿੱਤਾ ਜਾਵੇਗਾ ਕਿਉਂਕਿ ਕੋਵਿਡ-19 ਮਹਾਂਮਾਰੀ ਦੌਰਾਨ ਵੱਡੇ ਇਕੱਠ ਨਹੀਂ ਸੱਦੇ ਜਾ ਸਕਦੇ।
ਖੇਡ ਮੰਤਰੀ ਨੇ ਕਿਹਾ ਕਿ ਵੱਖ-ਵੱਖ ਕੌਮਾਂਤਰੀ ਅਤੇ ਕੌਮੀ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਵੱਲੋਂ ਤਮਗ਼ਾ ਜਿੱਤਣਾ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਦ੍ਰਿੜ੍ਹਤਾ ਦਾ ਨਤੀਜਾ ਹੈ ਅਤੇ ਰਾਜ ਸਰਕਾਰ ਉਨ੍ਹਾਂ ਨੂੰ ਖੇਡਾਂ ਪ੍ਰਤੀ ਸਮਰਪਣ ਭਾਵਨਾ ਲਈ ਸ਼ਾਨਦਾਰ ਨਗਦ ਪੁਰਸਕਾਰ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਖਿਡਾਰੀਆਂ ਨੂੰ ਖੇਡਾਂ ਦੀਆਂ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਵਿਆਪਕ ਖੇਡ ਨੀਤੀ-2018 ਨੂੰ ਮਾਰਚ 2019 ਵਿੱਚ ਨੋਟੀਫਾਈ ਕੀਤਾ ਗਿਆ ਸੀ, ਜਿਸ ਤਹਿਤ ਨਗਦ ਪੁਰਸਕਾਰਾਂ ਦੀ ਰਾਸ਼ੀ ਵਿੱਚ ਚਾਰ ਗੁਣਾ ਵਾਧਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਨੇ ਨਵੀਂ ਨੀਤੀ ਅਨੁਸਾਰ ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ 2018 ਦੇ ਜੇਤੂਆਂ ਨੂੰ ਵਧੇ ਹੋਏ ਨਗਦ ਪੁਰਸਕਾਰ ਵੰਡੇ ਹਨ।
ਰਾਣਾ ਸੋਢੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਏਸ਼ੀਅਨ ਖੇਡਾਂ ਦੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗ਼ਾ ਜੇਤੂਆਂ ਲਈ ਨਗਦ ਪੁਰਸਕਾਰ ਕ੍ਰਮਵਾਰ 26 ਲੱਖ ਰੁਪਏ, 16 ਲੱਖ ਰੁਪਏ ਅਤੇ 11 ਲੱਖ ਰੁਪਏ ਦਿੱਤੇ ਜਾਂਦੇ ਸਨ, ਜਿਨ੍ਹਾਂ ਨੂੰ ਵਧਾ ਕੇ ਕ੍ਰਮਵਾਰ 1 ਕਰੋੜ, 75 ਲੱਖ ਰੁਪਏ ਅਤੇ 50 ਲੱਖ ਰੁਪਏ ਕੀਤਾ ਗਿਆ ਹੈ। ਇਸੇ ਤਰ੍ਹਾਂ ਰਾਸ਼ਟਰਮੰਡਲ ਖੇਡਾਂ ਦੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗ਼ਾ ਜੇਤੂਆਂ ਨੂੰ ਨਗਦ ਪੁਰਸਕਾਰ 16 ਲੱਖ ਰੁਪਏ, 11 ਲੱਖ ਰੁਪਏ ਅਤੇ 6 ਲੱਖ ਰੁਪਏ ਸੀ, ਜਿਸ ਨੂੰ ਵਧਾ ਕੇ 75 ਲੱਖ, 50 ਲੱਖ ਅਤੇ 40 ਲੱਖ ਰੁਪਏ ਕਰ ਦਿੱਤਾ ਗਿਆ ਹੈ।
ਖੇਡ ਮੰਤਰੀ ਨੇ ਕਿਹਾ ਕਿ ਨਵੀਂ ਖੇਡ ਨੀਤੀ ਤਹਿਤ ਪੈਰਾਲੰਪਿਕਸ, ਪੈਰਾ ਏਸ਼ੀਅਨ ਅਤੇ ਪੈਰਾ ਰਾਸ਼ਟਰਮੰਡਲ ਖੇਡਾਂ ਦੇ ਸਾਰੇ ਤਮਗ਼ਾ ਜੇਤੂਆਂ ਨੂੰ ਉਲੰਪਿਕ, ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਤਮਗ਼ਾ ਜੇਤੂ ਖਿਡਾਰੀਆਂ ਦੇ ਬਰਾਬਰ ਨਗਦ ਪੁਰਸਕਾਰ ਦਿੱਤੇ ਜਾ ਰਹੇ ਹਨ।
ਰਾਣਾ ਸੋਢੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਨੇ ਸਰਕਾਰੀ ਨੌਕਰੀਆਂ ਵਿੱਚ ਖਿਡਾਰੀਆਂ ਲਈ ਵੱਖਰਾ ਕੋਟਾ ਰਾਖਵਾਂ ਰੱਖਣ ਨੂੰ ਸਿਧਾਂਤਕ ਤੌਰ ’ਤੇ ਪ੍ਰਵਾਨਗੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਾਰੀਆਂ ਸਰਕਾਰੀ ਨੌਕਰੀਆਂ ਸਮੇਤ ਬੋਰਡਾਂ, ਕਾਰਪੋਰੇਸ਼ਨਾਂ, ਸਹਿਕਾਰੀ/ਵਿਧਾਨਕ ਸੰਸਥਾਵਾਂ ਅਤੇ ਸਥਾਨਕ ਅਥਾਰਟੀਆਂ ਵਿੱਚ ਪੰਜਾਬ ਦੇ ਵਾਸੀ ਤੇ ਗਰੇਡਿਡ ਖਿਡਾਰੀਆਂ, ਜਿਹੜੇ ਕੌਮੀ ਪੱਧਰ ਉਤੇ ਸੂਬੇ ਦੀ ਨੁਮਾਇੰਦਗੀ ਕਰ ਚੁੱਕੇ ਹਨ, ਲਈ ਤਿੰਨ ਫੀਸਦੀ ਕੋਟਾ ਜਾਰੀ ਰੱਖਣ ਲਈ ਵੀ ਵਚਨਬੱਧ ਹੈ। ਇਸ ਤੋਂ ਇਲਾਵਾ ਹਾਲ ਹੀ ਵਿੱਚ ਹੋਈ ਕੈਬਨਿਟ ਮੀਟਿੰਗ ਦੌਰਾਨ ਖਿਡਾਰੀਆਂ ਨੂੰ ਰੋਜ਼ਗਾਰ ਦੇ ਹੋਰ ਮੌਕੇ ਮੁਹੱਈਆ ਕਰਨ ਦਾ ਵੀ ਫ਼ੈਸਲਾ ਲਿਆ ਗਿਆ। ਇਸ ਫ਼ੈਸਲੇ ਨਾਲ ਕੌਮੀ ਖੇਡਾਂ/ਸੀਨੀਅਰ ਕੌਮੀ ਚੈਂਪੀਅਨਸ਼ਿਪਾਂ/ਮਾਨਤਾ ਪ੍ਰਾਪਤ ਕੌਮਾਂਤਰੀ ਟੂਰਨਾਮੈਂਟ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗ਼ਾ ਜੇਤੂ ਖਿਡਾਰੀ ਸਰਕਾਰੀ ਨੌਕਰੀਆਂ ਵਿੱਚ ਗਰੁੱਪ-1 ਤੇ ਗਰੁੱਪ-2 ਉਤੇ ਭਰਤੀ ਲਈ ਯੋਗ ਹੋਣਗੇ।
ਇਸ ਮੌਕੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ, ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ, ਡਿਪਟੀ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਅਤੇ ਪੈਰਾਲੰਪਿਕਸ ਐਸੋਸੀਏਸ਼ਨ ਦੇ ਸ੍ਰੀ ਪਰਮਿੰਦਰ ਸਿੰਘ ਫੁੱਲਾਂਵਾਲ ਅਤੇ ਸ੍ਰੀ ਜਸਵੰਤ ਜ਼ਫ਼ਰ ਵੀ ਹਾਜ਼ਰ ਸਨ।