ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮਨਾਇਆ
ਫਿਰੋਜ਼ਪੁਰ 21 ਮਾਰਚ 2017 ( ) ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਫਿਰੋਜ਼ਪੁਰ ਵੱਲੋਂ ਜਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਫਿਰੋਜ਼ਪੁਰ ਅਤੇ ਜਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਸ੍ਰ. ਰਣਜੀਤ ਸਿੰਘ, ਸਹਾਇਕ ਕਮਿਸ਼ਨਰ (ਜਨ) ਫਿਰੋਜ਼ਪੁਰ ਵੱਲੋਂ ਕੀਤੀ ਗਈ।
ਇਸ ਮੌਕੇ ਸ੍ਰ.ਬਲਰਾਜ ਸਿੰਘ ਜਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਾ ਫਿਰੋਜ਼ਪੁਰ, ਸ੍ਰ. ਬਲਦੇਵ ਸਿੰਘ ਭੁੱਲਰ ਮੈਂਬਰ ਜਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਫਿਰੋਜ਼ਪੁਰ, ਸ਼੍ਰੀ ਅਸ਼ਵਨੀ ਕੁਮਾਰ ਜੋਸ਼ੀ ਸੁਪਰਡੰਟ ਜਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਫਿਰੋਜ਼ਪੁਰ, ਡਾ. ਵੰਦਨਾ ਕੁਮਾਰੀ ਖੁਰਾਕ ਸਪਲਾਈ ਅਫਸਰ ਫਿਰੋਜ਼ਪੁਰ, ਜਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਭਾਗਾਂ ਤੋਂ ਐਨ.ਜੀ.ਓਜ਼ ਅਤੇ ਵੱਡੀ ਗਿਣਤੀ ਵਿੱਚ ਖਪਤਕਾਰ ਹਾਜ਼ਰ ਹੋਏ। ਇਸ ਮੌਕੇ ਤੇ ਸ਼੍ਰੀ ਬਲਦੇਵ ਸਿੰਘ ਭੁੱਲਰ ਮੈਂਬਰ ਜਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਫਿਰੋਜ਼ਪੁਰ ਜੀ ਵੱਲੋਂ ਹਾਜ਼ਰ ਸਮੂਹ ਖਪਤਕਾਰਾਂ ਨੂੰ ਖਪਤਕਾਰ ਸੁਰੱਖਿਆ ਐਕਟ 1986 ਤਹਿਤ ਖਪਤਕਾਰਾਂ ਨੂੰ ਮਿਲੇ ਹੱਕਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਈ ਵੀ ਖਪਤਕਾਰ ਕਿਹੜੇ-ਕਿਹੜੇ ਕਾਰਨਾਂ ਕਰਕੇ ਜਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਵਿੱਚ ਆਪਣੀ ਲਿਖਤੀ ਅਰਜ਼ੀ ਦਾਇਰ ਕਰ ਸਕਦਾ ਹੈ ਅਤੇ ਖਪਤਕਾਰ ਨੂੰ ਆਪਣੇ ਹੱਕਾਂ ਪ੍ਰਤੀ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ।
ਇਸ ਦੇ ਨਾਲ ਹੀ, ਸ਼੍ਰੀ ਭੁੱਲਰ ਜੀ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਖਪਤਕਾਰ ਸੁਰੱਖਿਆ ਐਕਟ ਤਹਿਤ ਦਿੱਤੇ ਗਏ ਅੱਧਿਕਾਰਾਂ ਪ੍ਰਤੀ ਹਰੇਕ ਨਾਗਰਿਕ ਨੂੰ ਜਾਣੂ ਹੋਣਾ ਚਾਹੀਦਾ ਹੈ। ਇਸ ਲਈ ਜੇਕਰ ਸਮੂਹ ਹਾਜ਼ਰ ਨਾਗਰਿਕ ਆਪਣੇ ਸੰਪਰਕ ਵਿੱਚ ਆਉਣ ਵਾਲੇ ਹਰ ਨਾਗਰਿਕ ਨੂੰ ਇਸ ਐਕਟ ਸਬੰਧੀ ਜਾਣਕਾਰੀ ਪਹੁੰਚਾਉਣਗੇ ਤਾਂ ਹੀ ਵੱਧ ਤੋਂ ਵੱਧ ਨਾਗਰਿਕ ਇਸ ਐਕਟ ਪ੍ਰਤੀ ਜਾਗਰੂਕ ਹੋ ਸਕਣਗੇ ਅਤੇ ਇਸ ਦਾ ਲਾਭ ਵੱਧ ਤੋਂ ਵੱਧ ਲੈ ਸਕਣਗੇ। ਇਸ ਦੇ ਨਾਲ ਹੀ ਸ਼੍ਰੀ ਭੁੱਲਰ ਜੀ ਵੱਲੋਂ ਬੀਤੇ ਸਮੇਂ ਦੌਰਾਨ ਜਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਫਿਰੋਜ਼ਪੁਰ ਵੱਲੋਂ ਕੀਤੇ ਗਏ ਫੈਸਲਿਆਂ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਜਿਲ੍ਹਾ ਕੰਟਰੋਲਰ ਫਿਰੋਜ਼ਪੁਰ ਅਤੇ ਜਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਫਿਰੋਜ਼ਪੁਰ ਤੋਂ ਹਾਜ਼ਰ ਸਟਾਫ ਅਤੇ ਐਨ.ਜੀ.ਓ.ਓਜ਼ ਵੱਲੋਂ ਵੀ ਇਸ ਮੌਕੇ ਤੇ ਖਪਤਕਾਰਾਂ ਦੇ ਹੱਕਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸਮਾਰੋਹ ਦੇ ਮੌਕੇ ਪ੍ਰਧਾਨ ਜੀ ਵੱਲੋਂ ਸਮੂਹ ਹਾਜ਼ਰੀਨ ਨੂੰ ਸੂਚਿਤ ਕੀਤਾ ਕਿ ਦੇਸ਼ ਦਾ ਹਰੇਕ ਨਾਗਰਿਕ ਖਪਤਕਾਰ ਹੈ। ਇਸ ਲਈ ਹਰੇਕ ਨਾਗਰਿਕ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪ੍ਰਧਾਨ ਜੀ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਜੋ ਰਾਈਟ ਟੂ ਸਰਵਿਸ ਐਕਟ-2011 ਲਾਗੂ ਕੀਤਾ ਗਿਆ ਹੈ ਜਿਸ ਦੇ ਤਹਿਤ ਹਰੇਕ ਨਾਗਰਿਕ ਨੂੰ ਇਸ ਐਕਟ ਅਧੀਨ ਨੋਟੀਫਾਈਡ ਸੇਵਾਵਾਂ ਨਿਰਧਾਰਤ ਸਮੇਂ ਅੰਦਰ ਪ੍ਰਾਪਤ ਕਰਨ ਦਾ ਹੱਕ ਹੈ ਅਤੇ ਇਹ ਐਕਟ ਵੀ ਖਪਤਕਾਰ ਸੁਰੱਖਿਆ ਐਕਟ 1986 ਦਾ ਹੀ ਇੱਕ ਹਿੱਸਾ ਹੈ।
ਇਸ ਸਮਾਰੋਹ ਦੇ ਅੰਤ ਵਿੱਚ ਸ਼੍ਰੀ ਬਲਰਾਜ ਸਿੰਘ, ਜਿਲ੍ਹਾ ਖੁਰਾਕ ਸਪਲਾਈਜ਼ ਕੰਟਰੋਲਰ ਫਿਰੋਜ਼ਪੁਰ ਅਤੇ ਸ਼੍ਰੀ ਸੋਨਾ ਸਿੰਘ ਨਿਰੀਖਕ ਖੁਰਾਕ ਸਪਲਾਈ ਵੱਲੋਂ ਇਸ ਸਮਾਰੋਹ ਵਿੱਚ ਹਾਜ਼ਰ ਸਮੂਹ ਅਧਿਕਾਰੀਆਂ, ਕਰਮਚਾਰੀਆਂ, ਐਨ.ਜੀ.ਓਜ਼ ਅਤੇ ਸਮੂਹ ਹਾਜ਼ਰ ਨਾਗਰਿਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਮੂਹ ਹਾਜ਼ਰੀਨ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਉਹ ਖਪਤਕਾਰ ਸੁਰੱਖਿਆ ਐਕਟ 1986 ਤਹਿਤ ਪ੍ਰਾਪਤ ਹੱਕਾਂ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਸੂਚਨਾ ਪਹੁੰਚਾਉਣ ਤਾਂ ਕਿ ਇਸ ਐਕਟ ਤਹਿਤ ਪ੍ਰਾਪਤ ਹੱਕਾਂ ਬਾਰੇ ਹਰੇਕ ਨਾਗਰਿਕ ਜਾਣੂ ਹੋ ਸਕੇ।