Ferozepur News

ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾ ਸਸ਼ਕਤੀਕਰਨ ਦੋੜ ਦਾ ਆਯੋਜਨ

ਫ਼ਿਰੋਜ਼ਪੁਰ 08 ਮਾਰਚ 2018 ( ) ਮਹਿਲਾ ਸ਼ਸਕਤੀਕਰਨ ਨੂੰ ਉਤਸ਼ਾਹਿਤ ਕਰਨ ਅਤੇ ਮਹਿਲਾਵਾਂ ਦੀ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ  ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵੱਲੋਂ ਮਹਿਲਾ ਸਸ਼ਕਤੀਕਰਨ ਦੌੜ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਸਕੂਲਾਂ/ਕਾਲਜਾਂ/ਸੰਸਥਾਵਾਂ ਦੀਆਂ 500 ਤੋਂ ਵੱਧ ਵਿਦਿਆਰਥਣਾਂ ਅਤੇ ਮਹਿਲਾਵਾਂ ਨੇ ਹਿੱਸਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਆਈ.ਏ.ਐਸ ਅਤੇ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਹਾਜ਼ਰ ਸਨ।

ਸ੍ਰ: ਪਰਮਿੰਦਰ ਸਿੰਘ ਪਿੰਕੀ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਨੇ ਕਿਹਾ ਕਿ ਫ਼ਿਰੋਜ਼ਪੁਰ ਵਿਚ ਪਹਿਲੀ ਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾ ਸਸ਼ਕਤੀਕਰਨ ਦੋੜ ਕਰਵਾਈ ਗਈ ਹੈ ਜੋ ਕਿ ਮਹਿਲਾਵਾਂ ਪ੍ਰਤੀ ਲੋਕੀ ਦੀ ਸੋਚ ਬਦਲਣ ਲਈ ਬਹੁਤ ਵੱਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਹਿਲਾਵਾਂ ਦੀ ਭਲਾਈ, ਉਨ੍ਹਾਂ ਦੀ ਸੁਰੱਖਿਆ ਅਤੇ ਸਮਾਜ ਵਿਚ ਉਨ੍ਹਾਂ ਦਾ ਰੁਤਬਾ ਉੱਚਾ ਚੁੱਕਣ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਤੇ ਵਿਕਾਸ ਵਿਚ ਮਹਿਲਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਦੇਸ਼ ਵਿਚ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਮਹਿਲਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੀ ਕਾਬਲੀਅਤ ਨਾਲ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਉਸੇ ਤਰ੍ਹਾਂ ਕੋਈ ਵੀ ਮਹਿਲਾ ਸਮਾਜ ਦੇ ਹਰ ਖੇਤਰ ਵਿਚ ਆਪਣੇ ਆਪ ਨੂੰ ਅੱਗੇ ਲੈ ਕੇ ਆ ਸਕਦੀ ਹੈ ਲੋੜ ਹੈ ਤਾਂ ਸਿਰਫ਼ ਆਪਣੇ ਹੱਕਾਂ ਦੀ ਪਹਿਚਾਣ ਕਰਨ ਦੀ।

ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਸਮਾਜ ਵਿਚ ਮਹਿਲਾਵਾਂ ਪ੍ਰਤੀ ਸਨਮਾਨ ਤੇ  ਸਤਿਕਾਰ ਵਧਾਉਣ, ਸਮਾਜ ਵਿਚ ਮਹਿਲਾਵਾਂ ਦੀ ਮਹੱਤਤਾ ਅਤੇ ਮਹਿਲਾਵਾਂ ਦੀਆਂ ਪ੍ਰਾਪਤੀਆਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਇਹ ਦੋੜ ਕਰਵਾਈ ਗਈ ਹੈ। ਇਹ ਦੋੜ ਗੁਰਦੁਆਰਾ ਸਾਰਾਗੜ੍ਹੀ ਫ਼ਿਰੋਜ਼ਪੁਰ ਛਾਉਣੀ ਤੋਂ ਸ਼ੁਰੂ ਹੋ ਕੇ ਆਰਮੀ ਗੋਲਫ ਕਲੱਬ ਤੋਂ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸਮਾਪਤ ਹੋਈ। ਉਨ੍ਹਾਂ ਦੱਸਿਆ ਕਿ ਮੈਰਾਥਨ ਦੋੜ ਵਿਚ ਬੜੇ ਹੀ ਉਤਸ਼ਾਹ ਨਾਲ ਵਿਦਿਆਰਥਣਾਂ/ਮਹਿਲਾਵਾਂ ਵੱਲੋਂ ਹਿੱਸਾ ਲਿਆ ਗਿਆ ਹੈ ਅਤੇ ਇਸ ਦੌੜ ਵਿਚ ਵਿਜੇਤਾ ਰਹਿਣ ਵਾਲੀ ਵਿਦਿਆਰਥਣ ਗੁਰਪ੍ਰੀਤ ਕੌਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਨੂੰ ਪਹਿਲਾ ਇਨਾਮ 11 ਹਜ਼ਾਰ ਰੁਪਏ ਦੇ ਕੇ, ਵਿਦਿਆਰਥਣ ਜਸਪ੍ਰੀਤ ਕੌਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਨੂੰ ਦੂਜਾ ਇਨਾਮ 8000 ਰੁਪਏ ਅਤੇ ਵਿਦਿਆਰਥਣ ਜਗਜੀਵਨ ਕੌਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ  ਨੂੰ  ਤੀਜਾ ਇਨਾਮ 5000 ਰੁਪਏ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਅਗਲੇ ਦਸ ਸਥਾਨਾਂ ਤੇ ਰਹਿਣ ਵਾਲੀਆਂ ਵਿਦਿਆਰਥਣਾਂ/ਮਹਿਲਾਵਾਂ ਨੂੰ ਵੀ 1-1 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਮਹਿਲਾਵਾਂ ਪ੍ਰਤੀ ਸਤਿਕਾਰਯੋਗ ਸੋਚ ਅਪਣਾਉਣ ਦੀ ਵੀ ਅਪੀਲ ਕੀਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ, ਸ੍ਰ: ਹਰਜੀਤ ਸਿੰਘ ਸੰਧੂ ਐਸ.ਡੀ.ਐਮ ਫ਼ਿਰੋਜ਼ਪੁਰ, ਐਸ.ਪੀ.(ਐਚ) ਸ੍ਰ: ਅਮਰਜੀਤ ਸਿੰਘ ਸੰਧੂ, ਜ਼ਿਲ੍ਹਾ ਖੇਡ ਅਫ਼ਸਰ ਸ੍ਰ: ਬਲਵੰਤ ਸਿੰਘ, ਸ਼੍ਰੀਮਤੀ ਸਪਨਾ ਤਾਇਲ ਉਪ ਪ੍ਰਧਾਨ ਕੰਨਟੋਨਮੈਂਟ ਬੋਰਡ, ਸ਼੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ, ਸ਼੍ਰੀ ਕਮਲ ਬਾਗ਼ੀ, ਸ਼੍ਰੀ ਗੁਲਸ਼ਨ ਮੌਂਗਾ, ਸ਼੍ਰੀ ਰਿੰਕੂ ਗਰੋਵਰ ਆਦਿ ਹਾਜ਼ਰ ਸਨ।

Related Articles

Back to top button