ਕੋਵਿਡ19 ਮਹਾਂਮਾਰੀ ਦੇ ਬਾਵਜੂਦ ਕਣਕ ਦੀ ਖਰੀਦ ਦੀ ਸਾਰੀ ਪ੍ਰਕਿਆ ਵਧੀਆ ਢੰਗ ਤੇ ਸਮੇਂ ਸਿਰ ਕੀਤੀ ਗਈ ਮੁਕੰਮਲ- ਡਿਪਟੀ ਕਮਿਸ਼ਨਰ
ਜ਼ਿਲ੍ਹੇ ਦੀਆਂ ਮੰਡੀਆਂ ਵਿਚੋਂ 788438.8 ਮੀਟਿਰਕ ਟਨ ਕਣਕ ਦੀ ਖਰੀਦ ਕਰ ਕੇ ਕਿਸਾਨਾਂ ਨੂੰ 1500 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ
ਫਿਰੋਜ਼ਪੁਰ , 02 ਜੁਲਾਈ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਲਗਾਏ ਗਏ ਕਰਫਿਊ/ਲਾਕਡਾਊਨ ਦੇ ਬਾਵਜੂਦ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਣਕ ਦੀ ਖਰੀਦ ਦੇ ਸਮੁੱਚੇ ਤੇ ਵਧੀਆ ਪ੍ਰਬੰਧ ਕਰ ਕੇ ਪੂਰੇ ਕਣਕ ਦੀ ਖਰੀਦ ਨੂੰ ਵਧੀਆ ਤੇ ਸਮੇਂ ਸਿਰ ਮੁਕੰਮਲ ਕਰਵਾਇਆ ਗਿਅ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਕੋਵਿਡ19 ਮਹਾਮਾਰੀ ਦੌਰਾਨ ਕਿਸਾਨ ਆਪਣੀ ਕਣਕ ਵੀ ਵੇਚ ਸਕਣ ਤੇ ਉਨ੍ਹਾਂ ਨੂੰ ਸਿਹਤ ਪੱਖੋਂ ਵੀ ਕੋਈ ਦਿੱਕਤ ਨਾ ਆਵੇ ਇਸ ਲਈ ਸਰਕਾਰ ਵੱਲੋਂ ਇੱਕ ਯੋਜਨਾ ਤਿਆਰ ਕਰਕੇ ਕਣਕ ਦੀ ਖਰੀਦ ਦੀ ਪ੍ਰਕਿਆ ਸ਼ੁਰੂ ਕਰਵਾਈ ਗਈ ਸੀ। ਜਿਸ ਤਹਿਤ ਵਧੀਆ ਪ੍ਰਬੰਧ ਕਰ ਕੇ ਫਿਰੋਜ਼ਪੁਰ ਦੇ ਵੱਖ ਵੱਖ ਖਰੀਦ ਕੇਂਦਰਾਂ ‘ਤੇ ਕਿਸਾਨਾਂ ਦੀ ਕਣਕ ਦੀ ਫਸਲ ਦਾ ਇਕ-ਇਕ ਦਾਣਾ ਸਮੇਂ ਸਿਰ ਚੁੱਕਿਆ ਗਿਆ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਉਨਾਂ ਦੀ ਫਸਲ ਦੀ ਅਦਾਇਗੀ ਵੀ ਸਮੇਂ ਸਿਰ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਾਰ ਕਣਕ ਦੇ ਸੀਜਨ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਮੰਡੀਆਂ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 788438.8 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਅਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਖਰੀਦ ਕੀਤੀ ਗਈ ਕਣਕ ਦੀ 1500 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਮੰਡੀਆਂ ਅੰਦਰ ਕਿਸਾਨਾਂ ਲਈ ਸੈਨੇਟਾਈਜ਼ਰ, ਮਾਸਕ, ਸਮਾਜਿਕ ਦੂਰੀ, ਪੀਣ ਵਾਲੀ ਪਾਣੀ ਆਦਿ ਹੋਰ ਲੋੜੀਂਦੇ ਸੁਚੱਜੇ ਪ੍ਰਬੰਧਾਂ ਨੂੰ ਪਹਿਲਾ ਤੋਂ ਮੁਕੰਮਲ ਕਰ ਲਿਆ ਗਿਆ ਸੀ, ਤਾਂ ਜੋ ਖਰੀਦ ਵੇਲੇ ਕੋਵਿਡ-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਾਵਧਾਨੀਆਂ ਦੀਆਂ ਪਾਲਣਾ ਕਰਦੇ ਹੋਏ ਮੰਡੀਆਂ ਅੰਦਰ ਨਿਸ਼ਾਨਦੇਹੀ ਕੀਤੀ ਗਈ ਸੀ ਤਾਂ ਜੋ ਮੰਡੀਆਂ ਅੰਦਰ ਸਮਾਜਿਕ ਦੂਰੀ ਕਾਇਮ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਸਬੰਧਤ ਮਾਰਕੀਟ ਕਮੇਟੀਆਂ ਵੱਲੋਂ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਗਏ ਸਨ ਤਾਂ ਜੋ ਕਿਸਾਨ ਆਪਣੀ ਵਾਰੀ ਅਨੁਸਾਰ ਹੀ ਫਸਲ ਮੰਡੀਆਂ ਵਿੱਚ ਲੈ ਕੇ ਆਉਣ ਅਤੇ ਮੰਡੀਆਂ ਵਿੱਚ ਇਕੱਠ ਨਾ ਹੋ ਸਕੇ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਆਉਣ ਸਮੇਂ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੰਡੀਆਂ ਵਿੱਚ ਦਾਖਲ ਹੋਣ ਸਮੇਂ ਕਿਸਾਨਾਂ ਤੇ ਟਰੈਕਟਰਾਂ ਨੂੰ ਸੈਨੇਟਾਈਜ਼ ਕੀਤਾ ਜਾਂਦਾ ਰਿਹਾ ਸੀ।ਖਰੀਦ ਕੇਂਦਰਾਂ ਵਿੱਚ ਲੇਬਰ ਨੂੰ ਸੈਨੇਟਾਈਜ਼ਰ ਅਤੇ ਮਾਸਕ ਵੀ ਉਪਲੱਬਧ ਕਰਵਾਏ ਗਏ।ਮੰਡੀਆਂ ਵਿਖੇ ਕਿਸਾਨਾਂ ਤੇ ਖਰੀਦ ਅਮਲੇ ਵੱਲੋਂ ਸੋਸ਼ਲ ਡਿਸਟੈਂਸਿੰਗ ਤੇ ਹੋਰ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਗਈ। ਉਨਾਂ ਦੱਸਿਆ ਕਿ ਖਰੀਦ ਸੀਜ਼ਨ ਦੌਰਾਨ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਿਸਾਨ ਵੀਰਾਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਗਈ।