ਕੋਵਿਡ19 ਕਾਰਨ ਪੈਡਿੰਗ ਪਏ ਕੰਮਾਂ ਨੂੰ ਜਲਦੀ ਨਿਪਟਾਉਣ ਲਈ ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਫ਼ਿਰੋਜ਼ਪੁਰ 11 ਦਸੰਬਰ 2020 ( ) ਕੋਵਿਡ19 ਕਾਰਨ ਵੱਖ ਵੱਖ ਵਿਭਾਗਾਂ ਚ ਪਏ ਸਰਕਾਰੀ ਕੰਮਾਂ ਨੂੰ ਜਲਦੀ ਮੁਕੰਮਲ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਪਹਿਲਾਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਜਮੀਨਾਂ ਦੀਆਂ ਜਮਾਂਬੰਦੀਆਂ, ਇੰਤਕਾਲ, ਨਿਸ਼ਾਨਦੇਹੀਆਂ ਅਤੇ ਖਾਨਗੀ ਤਕਸੀਮਾਂ ਸਬੰਧੀ ਵਿਚਾਰ ਚਰਚਾ ਕਰ ਕੇ ਇਨ੍ਹਾਂ ਕੰਮਾਂ ਨੂੰ ਜਲਦੀ ਨਿਪਟਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਜ਼ਿਲ੍ਹੇ ਅੰਦਰ ਚੱਲ ਰਹੇ ਅਤੇ ਹੋਣ ਵਾਲੇ ਵਿਕਾਸ ਕਾਰਜਾਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਵਿਕਾਸ ਦੇ ਕੰਮਾਂ ਜਿਵੇਂ ਕਿ ਸੜਕਾਂ ਦੀ ਉਸਾਰੀ/ਮੁਰੰਮਤ, ਸੀਵਰੇਜ, ਪਖਾਨਿਆਂ, ਪੈਨਸ਼ਨਾਂ, ਆਸ਼ੀਰਵਾਦ ਸਕੀਮ, ਡੱਕ ਵੀਡ ਅਤੇ ਰੂਰਲ ਸੈਨੀਟੇਸ਼ਨ ਨਾਲ ਸਬੰਧਿਤ ਵੱਖ-ਵੱਖ ਵਿਕਾਸ ਕੰਮਾਂ ਸਬੰਧੀ ਅਧਿਕਾਰੀਆਂ ਤੋਂ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਅਤੇ ਪੂਰੇ ਹੋ ਚੁੱਕੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਵੀ ਜਲਦੀ ਜਮਾਂ ਕਰਵਾਉਣ ।
ਇਸ ਦੌਰਾਨ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੋਵਿਡ19 ਸਬੰਧੀ ਰੋਜਾਨਾ ਹੋ ਰਹੀ ਸੈਂਪਲਿੰਗ ਆਦਿ ਸਬੰਧੀ ਵੀ ਵਿਚਾਰ ਚਰਚਾ ਕੀਤੀ ਅਤੇ ਲੋਕਾਂ ਨੂੰ ਕੋਵਿਡ19 ਤੋਂ ਬਚਾਅ ਲਈ ਜਾਗਰੂਕ ਕਰਨ ਲਈ ਵੀ ਕਿਹਾ। ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਵੀ ਸੋਲਿਡ ਵੈਸਟ ਮੈਨਜਮੈਂਟ ਤਹਿਤ 100 ਫੀਸਦੀ ਡੋਰ ਟੂ ਡੋਰ ਕੂੜਾ ਕਲੈਕਸ਼ਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਸਿੱਖਿਆ, ਮਾਇਨਿੰਗ, ਪੈਨਸ਼ਨ, ਲੇਬਰ ਆਦਿ ਵਿਭਾਗਾਂ ਦੇ ਕੰਮਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ।
ਇਸ ਮੌਕੇ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨ.) ਰਾਜਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਗੁਜਰਾਲ, ਐਸਡੀਐਮ ਫਿਰੋਜ਼ਪੁਰ ਅਮਿੱਤ ਗੁਪਤਾ, ਐਸਡੀਐਮ ਗੁਰੂਹਰਸਹਾਏ ਰਵਿੰਦਰ ਸਿੰਘ, ਐਸਡੀਐਮ ਜ਼ੀਰਾ ਰਣਜੀਤ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।