ਕੋਰੋਨਾ ਵਾਇਰਸ ਦੇ ਇਲਾਜ ਦੇ ਬਾਅਦ 31 ਮਰੀਜਾਂ ਨੂੰ ਮਿਲੀ ਛੁੱਟੀ, ਹੁਣ ਤੱਕ ਕੁੱਲ 153 ਮਰੀਜ ਫਿਰੋਜ਼ਪੁਰ ਵਿੱਚ ਹੋਏ ਤੰਦਰੁਸਤ-ਡਿਪਟੀ ਕਮਿਸ਼ਨਰ
ਵੀਰਵਾਰ ਨੂੰ 15 ਨਵੇਂ ਪਾਜੇਟਿਵ ਕੇਸ ਸਾਹਮਣੇ ਆਉਣ ਦੇ ਬਾਅਦ ਕੁੱਲ ਕੇਸਾਂ ਦੀ ਸੰਖਿਆ ਹੋਈ 252, ਜਿਸ ਵਿੱਚੋਂ 94 ਕੇਸ ਹਨ ਐਕਟਿਵ
ਫਿਰੋਜ਼ਪੁਰ, 23 ਜੁਲਾਈ 2020
ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਇਲਾਜ ਦੇ ਬਾਅਦ ਫਿਰੋਜ਼ਪੁਰ ਵਿੱਚ 31 ਮਰੀਜ਼ ਤੰਦਰੁਸਤ ਹੋ ਗਏ ਹਨ, ਜਿਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 11 ਮਰੀਜ਼ ਹੋਮ ਆਈਸੋਲੇਸ਼ਨ ਵਿੱਚ ਸੀ, 3 ਮਰੀਜ਼ ਸਰਕਾਰੀ ਆਈਸੋਲੇਸ਼ਨ ਫੈਸਲਿਟੀ ਵਿੱਚ ਸਨ ਜਦਕਿ 17 ਮਰੀਜ਼ ਦੂਸਰੇ ਜ਼ਿਲ੍ਹਿਆਂ ਵਿੱਚ ਦਾਖਲ ਸੀ। ਇਨ੍ਹਾਂ ਸਾਰਿਆਂ ਨੂੰ ਠੀਕ ਹੋਣ ਦੇ ਬਾਅਦ ਛੁੱਟੀ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ. ਗੁਰਪਾਲ ਸਿੰਘ ਚਾਹਲ ਨੇ ਦੱ-ਸਆ ਕਿ ਜ਼ਿਲ੍ਹੇ ਵਿੱਚ ਹੁਣ ਕੁੱਲ 252 ਪਾਜੇਟਿਵ ਮਰੀਜ਼ ਰਿਪੋਰਟ ਹੋ ਚੁੱਕੇ ਹਨ, ਜਿਸ ਵਿੱਚੋਂ 153 ਮਰੀਜ਼ ਇਲਾਜ ਦੇ ਬਾਅਦ ਇਸ ਵਾਇਰਸ ਤੋਂ ਮੁਕਤੀ ਪਾ ਚੁੱਕੇ ਹਨ। ਜਦਕਿ 94 ਕੇਸ ਐਕਟਿਵ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਕਈ ਸਖਤ ਕਦਮ ਉਠਾਏ ਜਾ ਰਹੇ ਹਨ। ਰੋਜ਼ਾਨਾ 300 ਦੇ ਕਰੀਬ ਟੈਸਟ ਹੋ ਰਹੇ ਹਨ। ਹੁਣ ਤੱਕ 14 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਰਕਾਰ ਵੱਲੋਂ ਜਾਰੀ ਸੋਸ਼ਲ ਡਿਸਟੈਂਸਿੰਗ, ਮਾਸਕ ਪਹਿਨਣ ਅਤੇ ਵਾਰ-ਵਾਰ ਹੱਥ ਧੋਣ ਵਰਗੀਆਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣ ਕਰਨ ਤਾਂਕਿ ਇਸ ਬਿਮਾਰੀ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ।
ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਗੁਲ ਕਿਸ਼ੋਰ ਨੇ ਦੱਸਿਆ ਕਿ ਵੀਰਵਾਰ ਨੂੰ 15 ਨਵੇਂ ਪਾਜੇਟਿਵ ਕੇਸ ਰਿਪੋਰਟ ਹੋਏ ਹਨ, ਜਿਨ੍ਹਾਂ ਵਿੱਚੋਂ 7 ਫਰੰਟਲਾਈਨ ਵਰਕਰ ਹਨ ਅਤੇ 3 ਪਾਜੇਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਹੋਏ ਲੋਕ ਹਨ। ਇਸ ਤੋਂ ਇਲਾਵਾ 2 ਗਰਭਵਤੀ ਮਹਿਲਾਵਾਂ ਹਨ ਅਤੇ 3 ਮਰੀਜਾਂ ਵਿੱਚ ਵਾਇਰਸ ਦੇ ਲੱਛਣ ਹਨ। ਉਨ੍ਹਾਂ ਦੱਸਿਆ ਕਿ ਸਾਰੇ ਮਰੀਜ਼ਾ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੁੰ ਹਰ ਪ੍ਰਕਾਰ ਦੀ ਸਿਹਤ ਸੇਵਾਵਾਂ ਮੁਹੱਈਆ ਕਰਵਾਈ ਜਾ ਰਹੀ ਹੈ।