ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਸਹਿਯੋਗ ਦੇਣ ਵਾਲੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦਾ ਵਿਧਾਇਕ ਪਿੰਕੀ ਨੇ ਕੀਤਾ ਧੰਨਵਾਦ, ਆਪਣੇ ਨਿਵਾਸ ਸਥਾਨ ਤੇ ਬੁਲਾ ਕੇ ਕੀਤਾ ਸਨਮਾਨਿਤ
ਕਿਹਾ, ਮੁਸ਼ਕਲ ਦੀ ਇਸ ਘੜੀ ਵਿਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ
ਫਿਰੋਜ਼ਪੁਰ 19 ਮਈ 2020 ਕੋਰੋਨਾ ਵਾਇਰਸ ਦੇ ਮੱਦੇਨਜ਼ਰ ਗੰਭੀਰ ਸਥਿਤੀ ਨੂੰ ਦੇਖਦਿਆਂ ਫਿਰੋਜ਼ਪੁਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਫਿਰੋਜ਼ਪੁਰ ਦੇ ਲੋਕਾਂ ਲਈ ਜੋ ਕੰਮ ਕੀਤੇ ਗਏ ਹਨ ਉਸ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਫਿਰੋਜ਼ਪੁਰ ਦੀਆਂ ਸਮਾਜ ਸੇਵੀ ਸੰਸਥਾਵਾਂ ਦਾ ਆਪਣੇ ਨਿਵਾਸ ਸਥਾਨ ਵਿਖੇ ਧੰਨਵਾਦ ਕਰਦਿਆਂ ਕੀਤਾ।
ਵਿਧਾਇਕ ਪਿੰਕੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਪੈਦਾ ਹੋਈ ਸੰਕਟ ਦੀ ਘੜੀ ਵਿਚ ਫਿਰੋਜ਼ਪੁਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਕੋਵਿਡ19 ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰਤਮੰਦਾਂ ਲੋਕਾਂ ਦੀ ਦਿਨ-ਰਾਤ ਮਦਦ ਕੀਤੀ ਹੈ। ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦ ਲੋਕਾਂ ਨੂੰ ਪਹਿਲਾਂ ਤਾਂ ਸੁੱਕਾ ਰਾਸ਼ਨ ਵੰਡਿਆ ਗਿਆ, ਫਿਰ ਉਸ ਤੋਂ ਬਾਅਦ ਵੱਡੀ ਗਿਣਤੀ ਵਿਚ ਰੋਜ਼ਾਨਾ ਲੰਗਰ ਤਿਆਰ ਕਰ ਕੇ ਵੰਡਿਆ ਗਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਤਾਰ ਲੋਕਾਂ ਅਤੇ ਪ੍ਰਸ਼ਾਸਨ ਨੂੰ ਮਾਸਕ, ਸੈਨੀਟਾਈਜ਼ਰ, ਦਸਤਾਨੇ ਅਤੇ ਪੀਪੀਈ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਵਿੱਚ ਮਯੰਕ ਫਾਂਉਡੇਸ਼ਨ, ਫਿਰੋਜ਼ਪੁਰ ਲੰਗਰ ਸੇਵਾ, ਹੈਲਪਿੰਗ ਹੈਂਡ, ਲਾਈਫ਼ ਸੇਵਰ, ਰਾਮ ਸ਼ਰਨਮ ਆਸ਼ਰਮ, ਰਾਧਾ ਸੁਆਮੀ ਡੇਰਾ, ਮਾਨਸ ਸੇਵਾ ਸਮਿਤੀ, ਅਮਿੱਤ ਫਾਂਉਡੇਸ਼ਨ, ਰਾਧੇ-ਰਾਧੇ ਵੈੱਲਫੇਅਰ, ਬਾਬਾ ਰਾਮਲਾਲ ਗੁਰਦੁਆਰਾ ਲੰਗਰ ਸੇਵਾ ਸ਼ਾਮਲ ਹਨ ਜਿਨ੍ਹਾਂ ਵੱਲੋਂ ਮੁਸ਼ਕਲ ਦੀ ਇਸ ਘੜੀ ਵਿਚ ਫਿਰੋਜ਼ਪੁਰ ਦੇ ਲੋਕਾਂ ਲਈ ਦਿਨ ਰਾਤ ਸੇਵਾ ਕੀਤੀ ਗਈ ਹੈ। ਇਸ ਦੌਰਾਨ ਵਿਧਾਇਕ ਵੱਲੋਂ ਤਿਆਰ ਕਰਵਾਏ ਗਏ 50 ਹਜ਼ਾਰ ਮਾਸਕ ਵੀ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਸੌਂਪੇ ਗਏ ਜੋ ਕਿ ਅੱਗੇ ਲੋਕਾਂ ਨੂੰ ਵੰਡੇ ਜਾਣਗੇ।