ਕੋਰੋਨਾ ਪੋਜਟਿਵ ਕੋਸ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਸੀਲ ਕੀਤਾ ਪੂਰਾ ਪਿੰਡ, ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਚ ਕੀਤਾ ਸ਼ਿਫ਼ਟ -ਡਿਪਟੀ ਕਮਿਸ਼ਨਰ
ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਪੋਜਟਿਵ ਮਰੀਜ਼ ਦੇ ਸੰਪਰਕ ਕੇਸਾਂ ਨੂੰ ਲੱਭਣ ਲਈ ਸ਼ੁਰੂ ਕੀਤੀ ਸਪੈਸ਼ਲ ਮੁਹਿੰਮ
ਫਿਰੋਜ਼ਪੁਰ 17 ਅਪ੍ਰੈਲ – ਪਿੰਡ ਵਾੜਾ ਭਾਈ ਕਾ ਵਿਚ ਕੋਰੋਨਾ ਪੋਜਟਿਵ ਮਰੀਜ਼ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਪ੍ਰੋਟੋਕਾਲ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਪੋਜਟਿਵ ਮਰੀਜ਼ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸ਼ਿਫ਼ਟ ਕਰ ਦਿੱਤਾ ਹੈ ਨਾਲ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਹੋਮ ਕੁਆਰਨਟਾਈਨ ਕਰ ਦਿੱਤਾ ਹੈ। ਇਹ ਜਾਣਕਾਰੀ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਲੁਧਿਆਣਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫ਼ਤਰ ਨੂੰ 15 ਅਪ੍ਰੈਲ ਨੂੰ ਲਿਖਤੀ ਸੂਚਨਾ ਭੇਜੀ ਗਈ ਸੀ ਜਿਸ ਵਿੱਚ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਤਲਾਸ਼ ਕਰਨ ਲਈ ਲਿਖਿਆ ਗਿਆ ਸੀ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਪ੍ਰਸ਼ਾਸਨ ਵੱਲੋਂ ਚਿੱਠੀ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਮਰੀਜ਼ ਦੇ ਪੋਜੇਟਿਵ ਹੋਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਤੁਰੰਤ ਪੂਰੇ ਪਿੰਡ ਨੂੰ ਸੀਲ ਕਰਕੇ ਸਰਕਾਰ ਵੱਲੋਂ ਨਿਰਧਾਰਿਤ ਪ੍ਰੋਟੋਕਾਲ ਤਹਿਤ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਅਤੇ ਐੱਸ.ਡੀ.ਐੱਮ ਸ੍ਰੀ. ਅਮਿਤ ਗੁਪਤਾ, ਸਿਵਲ ਸਰਜਨ ਡਾ. ਨਵਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਖ਼ੁਦ ਪਿੰਡ ਵਿੱਚ ਬੈਠ ਕੇ ਸਾਰੀ ਕਾਰਵਾਈ ਦੀ ਨਿਗਰਾਨੀ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਖਿਲਾਫ ਚੱਲ ਰਹੀ ਲੜਾਈ ਵਿੱਚ ਉਹ ਲੋਕਾਂ ਦਾ ਸਹਿਯੋਗ ਦੇਣ ਤੇ ਆਪਣੇ ਘਰਾਂ ਵਿੱਚ ਹੀ ਰਹਿਣ ਕਿਉਂਕਿ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰਕੇ ਹੀ ਅਸੀਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਸ ਲੜਾਈ ਨੂੰ ਜਿੱਤਣਾ ਮੁਸ਼ਕਲ ਹੈ ਇਸ ਲਈ ਲੋਕ ਕਰਫ਼ਿਊ ਦਾ ਪਾਲਨ ਕਰਨ ਅਤੇ ਘਰਾਂ ਵਿੱਚ ਹੀ ਰਹਿਣ।
ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਕੋਰੋਨਾ ਪੋਜਟਿਵ ਕੇਸ ਨੂੰ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਆਈਸੋਲੇਟ ਕੀਤਾ ਗਿਆ ਹੈ। ਉਸਦੇ ਸੰਪਰਕ ਵਾਲੇ 10 ਪਰਿਵਾਕ ਮੈਂਬਰਾਂ ਨੂੰ ਘਰ ਅੰਦਰ ਇਕਾਂਤਵਾਸ ਕੀਤਾ ਗਿਆ ਹੈ ਅਤੇ ੳਨ੍ਹਾਂ ਦੇ ਕਰੋਨਾ ਟੈਸਟ ਲਈ ਸੈਂਪਲ ਵੀ ਲਏ ਗਏ ਹਨ। ਉਨ੍ਹਾ ਜ਼ਿਲਾ ਨਿਵਾਸੀਆਂ ਨੂੰ ਕਿਸੇ ਕਿਸਮ ਦੀ ਘਬਰਾਹਟ ਵਿੱਚ ਨਾ ਆਉਣ ਅਤੇ ਪ੍ਰਸ਼ਾਸ਼ਣ ਵੱਲੋਂ ਜਾਰੀ ਹਿਦਾੲਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।