ਕੋਰੋਨਾ ਦੀ ਰੋਕਥਾਮ ਲਈ ਲੋਕ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਨਾ ਕਰਨ, ਹਰ ਵਿਅਕਤੀ ਨੂੰ ਮਾਸਕ ਪਹਿਨਣਾ ਜ਼ਰੂਰੀ–ਸਿਵਲ ਸਰਜਨ
ਫਿਰੋਜ਼ਪੁਰ 23 ਅਪ੍ਰੈਲ 2020 ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਨਤਕ ਥਾਵਾਂ ਤੇ ਲੋਕਾਂ ਨੂੰ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ ਪਰ ਫਿਰ ਵੀ ਦੇਖਣ ਵਿਚ ਆਉਂਦਾ ਹੈ ਕਿ ਕੁੱਝ ਲੋਕਾਂ ਵੱਲੋਂ ਇਸ ਨੂੰ ਧਿਆਨ ਵਿਚ ਨਾ ਰੱਖਦਿਆਂ ਬਿਨਾਂ ਮੂੰਹ ਤੇ ਮਾਸਕ ਪਾਏ ਹੀ ਇੱਧਰ-ਉੱਧਰ ਆਉਣਾ-ਜਾਣਾ ਜਾਰੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਸ:ਬਲਬੀਰ ਸਿੰਘ ਸਿੱਧੂ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸਨ ਕਿ ਕੋਵਿਡ 19 ਦੀ ਇਸ ਖ਼ਤਰਨਾਕ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੋਈ ਵੀ ਨਾਗਰਿਕ ਘਰ ਤੋਂ ਬਾਹਰ ਨਿਕਲਣ ਲੱਗਿਆਂ ਮਾਸਕ ਦੀ ਵਰਤੋਂ ਜ਼ਰੂਰ ਕਰੇ ਅਤੇ ਇਹਨਾਂ ਹੁਕਮਾਂ ਨੂੰ ਲਾਗੂ ਕਰਨ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇੰਨਾ ਹੁਕਮਾਂ ਦੀ ਪਾਲਨਾ ਕਰਵਾਉਣ ਲਈ ਪੁਲਿਸ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਜਿਹੜੇ ਵਿਅਕਤੀ ਜਨਤਕ ਸਥਾਨਾਂ ਉੱਤੇ ਬਿਨਾ ਮਾਸਕ( ਚਾਹੇ ਘਰ ਬਣਿਆ ਹੋਵੇ ਜਾਂ ਕੋਈ ਹੋਰ)ਤੋਂ ਦੇਖਿਆ ਜਾਵੇ, ਉਸਦਾ ਮਹਾਂਮਾਰੀ ਕਾਨੂੰਨ ਦੀ ਧਾਰਾਵਾਂ ਅਨੁਸਾਰ ਚਲਾਨ ਕੱਟਿਆ ਜਾਵੇ।
ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਹਰ ਉਹ ਵਿਅਕਤੀ ਜੋ ਕਿਸੇ ਹਸਪਤਾਲ,ਦਫ਼ਤਰ ਉਦਯੋਗਿਕ ਸੰਸਥਾਨ ਜਾਂ ਕਿਤੇ ਵੀ ਹੋਰ ਕੰਮ ਕਰਦਾ ਹੈ ਮਾਸਕ ਪਹਿਨੇਗਾ। ਸਿਵਲ ਸਰਜਨ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਮਾਸਕ ਪਹਿਨਣ ਅਤੇ ਸਰਕਾਰ ਵੱਲੋ ਜਾਰੀ ਸਮੂਹ ਹਿਦਾਇਤਾਂ ਵਿਸ਼ੇਸ਼ ਕਰਕੇ ਸਮਾਜਿਕ ਦੂਰੀ ਨੂੰ ਅਮਲ ਵਿੱਚ ਜ਼ਰੂਰ ਲਿਆਉਣ, ਕਿਊਂਕਿ ਸਿਰਫ਼ ਖ਼ੁਦ ਦੀ ਸੁਰੱਖਿਆ ਲਈ ਹੀ ਨਹੀਂ ਬਲਕਿ ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਦੇ ਲੋਕਾਂ ਦੀ ਸੁਰੱਖਿਆ ਲਈ ਵੀ ਜ਼ਰੂਰੀ ਹੈ।