ਕੈਬਨਿਟ ਮੰਤਰੀ ਰਾਣਾ ਸੋਢੀ ਨੇ ਡੇਰਾ ਰਾਧਾ ਸੁਆਮੀ ਵੱਲੋਂ ਤਿਆਰ ਕੀਤੇ ਜਾ ਰਹੇ ਖਾਣੇ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਰਾਣਾ ਸੋਢੀ ਨੇ ਡੇਰਾ ਮੁਖੀ ਅਤੇ ਪ੍ਰਬੰਧਕਾਂ ਦਾ ਕੀਤਾ ਧੰਨਵਾਦ
ਕੈਬਨਿਟ ਮੰਤਰੀ ਰਾਣਾ ਸੋਢੀ ਨੇ ਡੇਰਾ ਰਾਧਾ ਸੁਆਮੀ ਵੱਲੋਂ ਤਿਆਰ ਕੀਤੇ ਜਾ ਰਹੇ ਖਾਣੇ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
– ਰਾਣਾ ਸੋਢੀ ਨੇ ਡੇਰਾ ਮੁਖੀ ਅਤੇ ਪ੍ਰਬੰਧਕਾਂ ਦਾ ਕੀਤਾ ਧੰਨਵਾਦ
ਗੁਰੂਹਰਸਹਾਏ, 4 ਅਪ੍ਰੈਲ (ਪਰਮਪਾਲ ਗੁਲਾਟੀ)- ਕੋਰੋਨਾ ਮਹਾਂਮਾਰੀ ਕਾਰਨ ਘਰਾਂ ਵਿਚ ਲਾਕਡਾਊਨ ਲੋਕਾਂ ਤੱਕ ਖਾਣਾ ਪਹੁੰਚਾਉਣ ਲਈ ਸੇਵਾ ਕਾਰਜ ਕਰ ਰਹੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸੈਂਟਰ ਗੁਰੂਹਰਸਹਾਏ ਵਿਖੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਹੁੰਚ ਕੇ ਖਾਣੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਡੇਰਾ ਪ੍ਰਬੰਧਕਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਕਰੀਬ ਡੇਢ ਹਜ਼ਾਰ ਤੋਂ ਵੱਧ ਲੋਕਾਂ ਲਈ ਖਾਣਾ ਤਿਆਰ ਕਰ ਰਹੇ ਹਨ ਅਤੇ ਇਸ ਖਾਣੇ ਦੀ ਵਧੀਆ ਢੰਗ ਨਾਲ ਪੈਕਿੰਗ ਕਰਕੇ ਪ੍ਰਸ਼ਾਸ਼ਨ ਦੇ ਸਪੁਰਦ ਕਰ ਰਹੇ ਹਨ ਤਾਂ ਜੋ ਇਹ ਖਾਣਾ ਹਰ ਲੋੜਵੰਦ ਤੱਕ ਪਹੁੰਚ ਸਕੇ। ਡੇਰਾ ਪ੍ਰਬੰਧਕਾਂ ਨੇ ਭਰੋਸਾ ਦਿਵਾਇਆ ਕਿ ਸੇਵਾਦਾਰਾਂ ਵਲੋਂ ਖਾਣੇ ਦੀ ਪੈਕਿੰਗ ਸਮੇਂ ਮਾਸਕ, ਇੱਕ-ਦੂਜੇ ਤੋਂ ਦੂਰੀ ‘ਤੇ ਬੈਠ ਕੇ ਅਤੇ ਹੱਥਾਂ ਤੇ ਦਸਤਾਨੇ ਪਾ ਕੇ ਪੂਰੀ ਸਾਵਧਾਨੀ ਵਰਤੀ ਜਾਂਦੀ ਹੈ।
ਇਸ ਮੌਕੇ ਰਾਣਾ ਸੋਢੀ ਨੇ ਸਤਿਸੰਗ ਘਰ ਅੰਦਰ ਤਿਆਰ ਕੀਤੇ ਜਾ ਰਹੇ ਖਾਣੇ ਅਤੇ ਪੈਕਿੰਗ ਆਦਿ ਪ੍ਰਬੰਧਾਂ ਨੂੰ ਜਾ ਕੇ ਦੇਖਿਆ ਅਤੇ ਆਪਣੀ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਡੇਰਾ ਪ੍ਰਬੰਧਕਾਂ ਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਡੇਰਾ ਰਾਧਾ ਸੁਆਮੀ ਬਿਆਸ ਦੇ ਸੇਵਾਦਾਰ ਤੇ ਪ੍ਰਬੰਧਕ ਪੂਰੀ ਮਿਹਨਤ, ਲਗਨ ਅਤੇ ਸਾਵਧਾਨੀ ਰੱਖ ਕੇ ਮਾਨਵਤਾ ਭਲਾਈ ਲਈ ਇਹ ਕਾਰਜ ਕਰ ਰਹੇ ਹਨ। ਰਾਣਾ ਸੋਢੀ ਨੇ ਕਿਹਾ ਕਿ ਇਸ ਪੂਰੀ ਦੁਨੀਆਂ ਵਿੱਚ ਜਿੱਥੇ ਕਰੀਬ 200 ਦੇਸ਼ਾਂ ਵਿਚ ਕੋਰੋਨਾ ਵਾਇਰਸ ਜਿਹੀ ਬਿਮਾਰੀ ਨੇ ਆਪਣੇ ਪੈਰ ਪਸਾਰੇ ਹੋਏ ਹਨ, ਉਥੇ ਭਾਰਤ ਅੰਦਰ ਵੀ ਹੁਣ ਤੱਕ ਕਰੀਬ ਤਿੰਨ ਹਜ਼ਾਰ ਲੋਕ ਇਸ ਤੋਂ ਗ੍ਰਸਤ ਹੋ ਚੁੱਕੇ ਹਨ, ਜਿਸ ਕਾਰਨ ਦੇਸ਼ ਅੰਦਰ ਲੱਗੇ ਕਰਫਿਊ ਦੌਰਾਨ ਲੋਕ ਘਰਾਂ ਅੰਦਰ ਲਾਕਡਾਊਨ ਹਨ। ਇਸ ਪ੍ਰਕੋਪ ਦੇ ਚੱਲਦਿਆਂ ਜਿੱਥੇ ਦੇਸ਼-ਪ੍ਰਦੇਸ਼ ਦੀਆਂ ਸਰਕਾਰਾਂ ਲੋਕਾਂ ਤੱਕ ਸੁਵਿਧਾਵਾਂ ਪਹੁੰਚਾ ਰਹੀਆਂ ਹਨ ਉਥੇ ਪੂਰੇ ਦੇਸ਼ ਅੰਦਰ ਵੱਖ-ਵੱਖ ਸਮਾਜਸੇਵੀ ਅਤੇ ਧਾਰਮਿਕ ਜਥੇਬੰਦੀਆਂ ਵੀ ਮੋਢੇ ਨਾਲ ਮੋਢਾ ਲਾ ਕੇ ਮਾਨਵਤਾ ਭਲਾਈ ਲਈ ਅੱਗੇ ਆ ਰਹੀਆਂ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਲੋਕ ਸਰਕਾਰੀ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ ਘਰ ਵਿਚ ਹੀ ਸੁਰੱਖਿਅਤ ਰਹਿਣ ਤਾਂ ਜੋ ਕੋਰੋਨਾ ਵਾਇਰਸ ਜਿਹੀ ਮਹਾਂਮਾਰੀ ਨੂੰ ਠੱਲ੍ਹ ਪਾਈ ਜਾ ਸਕੇ। ਇਸ ਮੌਕੇ ਅਨੁਮੀਤ ਸਿੰਘ ਹੀਰਾ ਸੋਢੀ, ਐਸ.ਐਚ.ਓ ਜਸਵਰਿੰਦਰ ਸਿੰਘ, ਵਿੱਕੀ ਨਰੂਲਾ, ਗੁਰਦੀਪ ਸਿੰਘ ਢਿੱਲੋਂ, ਅਮਰੀਕ ਸਿੰਘ, ਜੋਗਿੰਦਰਪਾਲ ਭਾਟਾ, ਅਤੇ ਡੇਰਾ ਪ੍ਰਬੰਧਕ ਵੀ ਹਾਜ਼ਰ ਸਨ।