ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਲਗਭਗ 33 ਲੱਖ ਰੁਪਏ ਦੇ ਚੈੱਕ ਵੰਡੇ
ਪਿੰਡਾਂ ਦੇ ਵਿਕਾਸ ਕਾਰਜਾਂ ਤੇ ਖਰਚ ਕੀਤੇ ਜਾਣਗੇ ਇਹ ਪੈਸੇ-ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ
ਗੁਰੂਹਰਸਹਾਏ/ਫਿਰੋਜ਼ਪੁਰ 7 ਜੁਲਾਈ ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਮੰਗਲਵਾਰ ਨੂੰ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਖੁਦ ਦੌਰਾ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਲਈ ਲਗਭਗ 33 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ ਗਏ। ਚੈੱਕ ਵੰਡ ਸਮਾਗਮ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਹੋਣ ਦੇ ਬਾਵਜੂਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਦੇ ਵਿਕਾਸ ਲਈ ਲਗਾਤਾਰ ਗਰਾਂਟ ਜਾਰੀ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਪਿੰਡ ਵਿਕਾਸ ਕਾਰਜਾਂ ਦੀ ਸਹੂਲਤ ਤੋਂ ਵਾਂਝਾ ਨਾ ਰਹੇ।
ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਹਲਕੇ ਦੇ ਵੱਖ ਵੱਖ ਪਿੰਡਾਂ ਜਿਵੇਂ ਕਿ ਮੇਘਾ ਰਾਏ ਉਤਾੜ ਦੀ ਪੰਚਾਇਤ ਨੂੰ ਲਗਭਗ 7 ਲੱਖ 50 ਹਜ਼ਾਰ ਰੁਪਏ, ਮੇਘਾ ਪੰਜ ਗਰਾਈ ਹਿਠਾੜ ਦੀ ਪੰਚਾਇਤ ਨੂੰ 6 ਲੱਖ 11 ਹਜ਼ਾਰ 993 ਰੁਪਏ, ਪੰਜੇ ਕੇ ਉਤਾੜ ਦੀ ਪੰਚਾਇਤ ਨੂੰ ਲਗਭਗ 15 ਲੱਖ 789 , ਅਤੇ ਰਾਣਾ ਪੰਜ ਗਰਾਈ ਦੀ ਪੰਚਾਇਤ ਨੂੰ 4 ਲੱਖ 10 ਹਜ਼ਾਰ 158 ਰੁਪਏ ਦੀ ਰਾਸ਼ੀ ਦੇ ਚੈੱਕ ਸੌਂਪੇ ਗਏ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਪਿੰਡਾਂ ਦੇ ਵਿਕਾਸ ਕੰਮਾਂ ਜਿਵੇਂ ਕਿ ਸੜਕਾਂ, ਇੰਟਰਲੋਕਿੰਗ ਟਾਈਲਾਂ, ਜਿੰਮਾਂ, ਪਾਰਕਾਂ ਆਦਿ ਕੰਮਾਂ ਉਤੇ ਖਰਚ ਕੀਤੀ ਜਾਵੇਗੀ ਅਤੇ ਕੰਮ ਚੱਲਣ ਤੇ ਹੋਰ ਰਾਸ਼ੀ ਵੀ ਜਾਰੀ ਕੀਤੀ ਜਾਵੇਗੀ।ਉਨ੍ਹਾਂ ਮੇਘਾ ਰਾਏ ਉਤਾੜ ਦੀ ਪੰਚਾਇਤ ਨੂੰ ਕਿਹਾ ਕਿ ਜਲਦੀ ਹੀ ਪਿੰਡ ਵਿੱਚ ਕਮਿਊਨਿਟੀ ਹਾਲ ਵੀ ਬਣਾਇਆ ਜਾਵੇਗਾ। ਉਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਇਹ ਰਾਸ਼ੀ ਮਨਰੇਗਾ ਨਾਲ ਕਨਵਰਜ਼ ਕਰਕੇ ਖਰਚ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਸ਼ਹਿਰਾਂ ਵਰਗੀ ਦਿੱਖ ਪ੍ਰਦਾਨ ਕਰਨ ਲਈ ਉਨ੍ਹਾਂ ਵੱਲੋਂ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਪਿੰਡ ਵਿੱਚ ਜ਼ਰੂਰਤਮੰਦਾਂ ਲਈ ਘਰ ਬਣਵਾਉਣ ਦਾ ਕੰਮ ਵੀ ਲਗਾਤਾਰ ਜਾਰੀ ਹੈ ਤੇ ਇਸੇ ਲੜੀ ਤਹਿਤ ਕਈ ਪਿੰਡਾਂ ਵਿੱਚ ਘਰ ਬਣ ਚੁੱਕੇ ਹਨ ਤੇ ਹੋਰ ਘਰ ਬਣਵਾਏ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਆਗੂ ਅਮ੍ਰਿਤਪਾਲ ਸਿੰਘ,ਦਵਿੰਦਰ ਜੰਗ, ਵੇਦ ਪ੍ਰਕਾਸ਼ ਚੇਅਰਮੈਨ, ਸਿਮਰਨ ਭੰਡਾਰੀ, ਵਿੱਕੀ ਸਿੱਧੂ, ਗੁਰਦੀਪ ਸਿੰਘ ਢਿੱਲੋ, ਭੀਮ ਕੰਬੋਜ, ਸਿਮਰਨ ਭੰਡਾਰੀ, ਰਵੀ ਦੱਤ ਚਾਵਲਾ, ਦੇਸ ਰਾਜ ਸਰਪੰਚ, ਬਗੀਚਾ ਬੋਹੜੀਆਂ ਅਤੇ ਦਲੀਪ ਸਿੰਘ ਸੰਧੂ ਸਮੇਤ ਪਿੰਡਾਂ ਦੇ ਸਰਪੰਚ/ਪੰਚ ਆਦਿ ਹਾਜ਼ਰ ਸਨ।