ਕੈਬਨਿਟ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਨੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਲਹਿਰਾਇਆ ਕੌਮੀ ਝੰਡਾ
ਅੱਜ ਤੋਂ 67 ਵਰ੍ਹੇ ਪਹਿਲਾ ਦੇਸ਼ ਨੂੰ ਪ੍ਰਭੂ ਸੱਤਾ ਸੰਪੰਨ ਲੋਕਤੰਤਰ ਗਣਰਾਜ ਘੋਸ਼ਿਤ ਕੀਤਾ ਗਿਆ ਸੀ ਅਤੇ ਇਸ ਦਿਹਾੜੇ ਨੂੰ ਅਸੀਂ ਹਰ ਸਾਲ ਬੜੇ ਜੋਸ਼-ਖਰੋਸ਼ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਉਂਦੇ ਹਾਂ। ਦੇਸ਼ ਦੀ ਕੁੱਲ ਆਬਾਦੀ ਦਾ 2.5 ਫ਼ੀਸਦੀ ਹਿੱਸਾ ਹੋਣ ਦੇ ਬਾਵਜੂਦ ਪੰਜਾਬੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਚੋ: ਸੁਰਜੀਤ ਕੁਮਾਰ ਜਿਆਣੀ ਨੇ ਵੋਟਰ ਜਾਗਰੂਕਤਾ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਮਨਾਏ ਗਏ 68 ਵੇਂ ਆਜ਼ਾਦੀ ਗਣਤੰਤਰ ਦਿਵਸ ਤੇ ਪੰਜਾਬੀਆਂ ਦੇ ਨਾਂ ਸੰਦੇਸ਼ ਦਿੰਦਿਆਂ ਕੀਤਾ। ਇਸ ਮੌਕੇ ਕਮਿਸ਼ਨਰ ਫ਼ਿਰੋਜ਼ਪੁਰ/ਫ਼ਰੀਦਕੋਟ ਡਵੀਜਨ ਸ੍ਰੀ ਵੀ.ਕੇ.ਮੀਨਾ,ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਸ: ਸੁਖਚੈਨ ਸਿੰਘ, ਡਿਪਟੀ ਕਮਿਸ਼ਨਰ ਸ: ਬਲਵਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ.ਐਸ. ਕੇ. ਅਗਰਵਾਲ ਤੋਂ ਇਲਾਵਾ ਸ੍ਰੀ ਗੌਰਵ ਗਰਗ ਜ਼ਿਲ੍ਹਾ ਪੁਲਿਸ ਮੁਖੀ ਵੀ ਹਾਜ਼ਰ ਸਨ।
ਸ੍ਰੀ: ਸੁਰਜੀਤ ਕੁਮਾਰ ਜਿਆਣੀ ਨੇ ਇਸ ਮੌਕੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਵੱਖ-ਵੱਖ ਸਮੇਂ ਆਜ਼ਾਦੀ ਸੰਗਰਾਮ ਜਿਵੇਂ ਕਿ ਕੂਕਾ ਲਹਿਰ, ਕਾਮਾਗਾਟਾਮਾਰੂ ਲਹਿਰ ਅਤੇ ਬੱਬਰ ਅਕਾਲੀ ਲਹਿਰਾ ਆਦਿ ਦੀ ਅਗਵਾਈ ਵੀ ਪੰਜਾਬੀਆਂ ਨੇ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਭਗਤੀ ਅਤੇ ਕੁਰਬਾਨੀਆਂ ਦਾ ਜਜ਼ਬਾ ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਅਰਜਨ ਦੇਵ, ਸ੍ਰੀ ਗੁਰੂ ਤੇਗ਼ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਵਿਰਸੇ ਵਿੱਚ ਪ੍ਰਾਪਤ ਕੀਤਾ ਹੈ ਜਿਨ੍ਹਾਂ ਨੇ ਮੁਗ਼ਲ ਹਕੂਮਤਾਂ ਵੱਲੋਂ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਘਾਣ ਵਿਰੁੱਧ ਅਣਥੱਕ ਲੜਾਈਆਂ ਲੜੀਆਂ ਅਤੇ ਭੋਲੇ-ਭਾਲੇ ਅਤੇ ਬੇਸਹਾਰੇ ਲੋਕਾਂ ਨੂੰ ਉਨ੍ਹਾਂ ਦੇ ਜ਼ੁਲਮਾਂ ਤੋਂ ਬਚਾਇਆ। ਇਸੇ ਤਰ੍ਹਾਂ ਬੀਤੇ ਸਮਿਆਂ ਤੋਂ ਅਣਗਿਣਤ ਸ਼ਹੀਦਾਂ ਦੀਆਂ ਕੁਰਬਾਨੀਆਂ ਵੀ ਪੰਜਾਬੀਆਂ ਲਈ ਇੱਕ ਪ੍ਰੇਰਨਾ ਸਰੋਤ ਰਹੀਆਂ ਹਨ ਜਿਸ ਦੇ ਸਿੱਟੇ ਵਜੋਂ ਪੰਜਾਬੀ ਹਮੇਸ਼ਾ ਦੇਸ਼ ਦੀ ਰਾਖੀ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਹਨ।
ਚੋ: ਜਿਆਣੀ ਨੇ ਕਿਹਾ ਕਿ ਸਾਡੇ ਸੰਵਿਧਾਨ ਨੇ 18 ਸਾਲ ਤੋ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ। ਜਿਸ ਦੀ ਵਰਤੋ ਕਰਕੇ ਅਸੀਂ ਇੱਕ ਸੁਰੱਖਿਅਤ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਮਿਲੇ ਵੋਟ ਪਾਉਣ ਦੇ ਅਧਿਕਾਰ ਤੋ ਕਦੇ ਵੀ ਅਵੇਸਲੇ ਨਹੀਂ ਹੋਣਾ ਚਾਹੀਦਾ ਕਿਉਂਕਿ ਵੋਟ ਬਣਾਉਣਾ ਜਿੱਥੇ ਹਰੇਕ ਨਾਗਰਿਕ ਦਾ ਸੰਵਿਧਾਨਿਕ ਫ਼ਰਜ਼ ਹੈ ਉੱਥੇ ਹੀ ਵੋਟ ਦੀ ਸਹੀ ਵਰਤੋਂ ਸਾਡੀ ਸਮਾਜਿਕ ਜ਼ਿੰਮੇਵਾਰੀ ਵੀ ਬਣਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵੋਟ ਦਾ ਸਹੀ ਇਸਤੇਮਾਲ ਕਰਕੇ ਅਸੀਂ ਆਪਣੇ ਸ਼ਹੀਦਾਂ ਵੱਲੋਂ ਲਏ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਾਂ। ਇਸ ਲਈ ਭਵਿੱਖ ਦੀ ਸਰਕਾਰ ਬਣਾਉਣ ਲਈ ਹਰੇਕ ਨਾਗਰਿਕ ਨੂੰ ਆਪਣੀ ਵੋਟ ਦਾ ਬਿਨਾਂ ਕਿਸੇ ਲਾਲਚ, ਡਰ ਅਤੇ ਭੈਅ ਤੋ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ।
ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਕੈਬਨਿਟ ਮੰਤਰੀ ਸ: ਸੁਰਜੀਤ ਕੁਮਾਰ ਜਿਆਣੀ ਨੇ ਸ਼ਾਨਦਾਰ ਪਰੇਡ ਦਾ ਨਰੀਖਣ ਕੀਤਾ। ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਵਿੰਗ, ਪੰਜਾਬ ਹੋਮਗਾਰਡ ਸਕਾਊਟ ਅਤੇ ਗਾਇਡ ਐਨ. ਸੀ. ਸੀ. ਅਤੇ ਭਾਰਤੀ ਫੌਜ ਦੇ ਬੈਂਡ ਦੀਆਂ ਟੁਕੜੀਆਂ ਵੱਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਤੇ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦਾ ਪ੍ਰੋਗਰਾਮ, ਗਿੱਧਾ, ਭੰਗੜਾ, ਪੀ.ਟੀ.ਸੋਅ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਇਸ ਇਤਿਹਾਸਕ ਮੌਕੇ ਤੇ ਮਹਾਨ ਆਜ਼ਾਦੀ ਘੁਲਾਟੀਆਂ ਅਤੇ ਕਾਰਗਿਲ ਦੀ ਲੜਾਈ ਦੇ ਸ਼ਹੀਦਾਂ ਦੇ ਵਾਰਸਾਂ ਅਤੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਅਧਿਆਪਕਾਂ ਅਤੇ ਵਿਦਿਆਾਰਥੀਆਂ ਵੱਲੋਂ ਤਿਆਰ ਵੋਟਰ ਜਾਗਰੂਕਤਾ ਦੀ ਸੀ.ਡੀ ਵੀ ਰਲੀਜ਼ ਕੀਤੀ ਗਈ। ਇਸ ਮੌਕੇ ਵੋਟਰਾਂ ਨੂੰ ਜਾਗਰੂਕ ਕਰਦੀ ਜਾਗੋ ਵੀ ਕੱਢੀ ਗਈ।
ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਪਹਿਲਾ ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਰਾਜ ਮਾਤਾ ਸ੍ਰੀਮਤੀ ਵਿੱਦਿਆ ਵਤੀ ਦੀਆਂ ਯਾਦਗਾਰਾਂ ਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਅਦੁੱਤੀ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
ਇਸ ਮੌਕੇ ਜ਼ਿਲ੍ਹਾ ਫ਼ਿਰੋਜ਼ਪੁਰ ਜ਼ਿਲ੍ਹੇ ਲਈ ਨਿਯੁਕਤ ਚੋਣ ਅਬਜ਼ਰਵਰ (ਜਨ) ਸ੍ਰੀ ਸੁਰਿੰਦਰ ਵਿਕਰਮ, ਸ੍ਰੀ ਮਨੀਸ਼ ਗਰਗ ਚੋਣ ਅਬਜ਼ਰਵਰ (ਜਨ), ਸ੍ਰੀ ਦੇਵ ਜੋਤੀ ਰਾਏ ਪੁਲਿਸ ਅਬਜ਼ਰਵਰ, ਸ੍ਰੀ ਰਾਮਾ ਨੰਦ ਰੈਡੀ ਖਰਚਾ ਨਿਗਰਾਨ, ਸ੍ਰੀ ਸੌਰਵ ਕੁਮਾਰ ਰਾਏ ਖਰਚਾ ਨਿਗਰਾਨ, ਮੈਡਮ ਸ਼ਰੂਤੀ ਸ਼ਰਮਾ ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ (ਜਨ), ਸ੍ਰੀ ਵਨੀਤ ਕੁਮਾਰ ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫ਼ਿਰੋਜ਼ਪੁਰ, ਸ: ਹਰਜੀਤ ਸਿੰਘ ਐਸ.ਡੀ.ਐਮ, ਸ.ਰਣਜੀਤ ਸਿੰਘ ਸਹਾਇਕ ਕਮਿਸ਼ਨਰ, ਸਕੱਤਰ ਰੈਡ ਕਰਾਸ ਸ੍ਰੀ ਅਸ਼ੋਕ ਬਹਿਲ, ਡਾ. ਸਤਿੰਦਰ ਸਿੰਘ, ਚਾਂਦ ਪ੍ਰਕਾਸ਼ ਤਹਿਸੀਲਦਾਰ ਚੋਣਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਸਮੂਹ ਇਲਾਕਾ ਨਿਵਾਸੀ ਅਤੇ ਸਕੂਲਾਂ ਦੇ ਵਿਦਿਆਰਥੀ ਵੀ ਹਾਜ਼ਰ ਸਨ।