ਕੈਪਟਨ ਸਰਕਾਰ ਵਲੋਂ ‘ਮਿਸ਼ਨ ਫ਼ਤਿਹ’ ਤਹਿਤ ਉਸਾਰੀ ਕਿਰਤੀਆਂ ਦੀ ਸੇਵਾ ਕੇਂਦਰਾਂ ‘ਚ ਰਜਿਸਟਰੇਸ਼ਨ ਸ਼ੁਰੂ- ਡਿਪਟੀ ਕਮਿਸ਼ਨਰ
ਕਿਹਾ, ਕਰਫਿਉ ਅਤੇ ਲਾੱਕਡਾਉਨ ਦੌਰਾਨ ਸਰਕਾਰ ਵਲੋਂ ਜਿਲੇ ਦੇ 21,740 ਮਜਦੂਰਾਂ ਦੇ ਬੈੰਕ ਖਾਤਿਆਂ ਵਿਚ 13.44 ਕਰੋੜ ਰੁਪਏ ਦੀ ਰਕਮ ਭੇਜੀ ਗਈ
ਫਿਰੋਜਪੁਰ, 06 ਜੂਨ 2020
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ‘ਮਿਸ਼ਨ ਫ਼ਤਿਹ’ ਤਹਿਤ ਉਸਾਰੀ ਕਿਰਤੀਆਂ ਨੂੰ ਰਾਹਤ ਪਹੁੰਚਾਉਣ ਦੇ ਉਦੇਸ਼ ਨਾਲ ਪੰਜਾਬ ਬਿਲਡਿੰਗ ਅਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਵਲੋਂ ਜ਼ਿਲੇ ਭਰ ਦੇ ਸਾਰੇ 25 ਸੇਵਾ ਕੇਂਦਰਾਂ ਵਿਖੇ ਯੋਗ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਕਰਨੀ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਿਰੋਜਪੁਰ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਸਾਰੇ ਮਜ਼ਦੂਰ ਜਿਨਾਂ ਵਿੱਚ ਮਿਸਤਰੀ, ਦਿਹਾੜੀਦਾਰ, ਪਲੰਮਬਰ, ਤਰਖਾਣ, ਪੇਂਟਰ, ਇਲੈਕਟਰੀਸ਼ਨ, ਭੱਠਿਆਂ ‘ਤੇ ਕੰਮ ਕਰਨ ਵਾਲੇ ਕਾਮੇ, ਸਟੀਲ ਫਿਕਸਰ, ਵੈਲਡਰ ਆਦਿ ਅਪਣੇ ਨੇੜੇ ਦੇ ਸੇਵਾ ਕੇਂਦਰ ਵਿਖੇ 25 ਰੁਪਏ ਫੀਸ ਦੀ ਅਦਾਇਗੀ ਕਰਕੇ ਅਪਣੇ ਆਪ ਨੂੰ ਸਕੀਮ ਤਹਿਤ ਰਜਿਸਟਰਡ ਕਰਵਾ ਸਕਦੇ ਹਨ। ਉਨਾਂ ਕਿਹਾ ਕਿ ਇਸ ਰਜਿਸਟਰੇਸ਼ਨ ਨਾਲ ਉਹ ਬੋਰਡ ਅਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਉਠਾਉਣ ਦੇ ਯੋਗ ਹੋ ਸਕਣਗੇ। ਉਨਾਂ ਕਿਹਾ ਕਿ ਸੇਵਾ ਕੇਂਦਰ ਵਿਖੇ ਪ੍ਰੋਸੈਸਿੰਗ ਫੀਸ ਕੇਵਲ 10 ਰੁਪਏ ਹੈ ਜਦਕਿ ਕਿਰਤੀ ਨੂੰ 10 ਰੁਪਏ ਪ੍ਰਤੀ ਮਹੀਨਾ ਯੋਗਦਾਨ ਪਾਉਣਾ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਸਾਰੀ ਕਿਰਤੀ ਰਜਿਸਟਰੇਸ਼ਨ ਤੋਂ ਬਾਅਦ ਸਹੂਲਤਾਂ ਜਿਵੇਂ ਐਕਸ ਗ੍ਰੇਸ਼ੀਆ, ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ, ਵਿਦਿਆਰਥੀਆਂ ਦਾ ਵਜ਼ੀਫਾ ਸਕੀਮ, ਲੜਕੀ ਦੇ ਵਿਆਹ ਅਤੇ ਹੋਰ ਸਕੀਮਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਕਰਫ਼ਿਊ/ਲਾਕਡਾਊਨ ਦੌਰਾਨ ਬੋਰਡ ਵਲੋਂ 21,740 ਲਾਭਪਾਤਰੀਆਂ ਨੂੰ 13.44 ਕਰੋੜ ਰੁਪਏ ਦਾ ਲਾਭ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਮਾਰਚ ਅਤੇ ਅਪ੍ਰੈਲ ਮਹੀਨੇ ਦੌਰਾਨ 6000 ਰੁਪਏ ਦਾ ਲਾਭ ਹਰ ਲਾਭਪਾਤਰੀ ਦੇ ਬੈਂਕ ਖਾਤਿਆਂ ਵਿੱਚ ਦੋ ਕਿਸਤਾਂ ਵਿੱਚ ਤਬਦੀਲ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ-19 ਖਿਲਾਫ਼ ਜੰਗ ਨੂੰ ਹੇਠਲੇ ਪੱਧਰ ਤੱਕ ਲੜਨ ਲਈ ‘ਮਿਸ਼ਨ ਫ਼ਤਿਹ’ ਤਹਿਤ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ ਮਹੀਨਾ ਭਰ ਚੱਲਣ ਵਾਲੀ ਜਨ ਜਾਗਰੂਕਤਾ ਮੁਹਿੰਮ ਦੀ ਪਹਲੀ ਜੂਨ ਤੋਂ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦਾ ਮੁੱਖ ਮੰਤਵ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਜੰਗ ਨੂੰ ਮੋਹਰਲੀਆਂ ਕਤਾਰਾਂ ਵਿੱਚ ਟਾਕਰਾ ਕਰਨ ਵਾਲਿਆਂ ਤੋਂ ਅੱਗੇ ਲੈ ਕੇ ਇਸ ਖਿਲਾਫ਼ ਪੰਜਾਬ ਦੇ ਹਰ ਵਿਅਕਤੀ ਨੂੰ ਸ਼ਾਮਿਲ ਕਰਕੇ ਕੋਵਿੰਡ ਜੰਗ ਨੂੰ ਲੋਕਾਂ ਦੀ ,ਲੋਕਾਂ ਦੁਆਰਾ ਅਤੇ ਲੋਕਾਂ ਲਈ ਬਣਾਉਣਾ ਹੈ।
ਸਹਾਇਕ ਕਿਰਤ ਕਮਿਸ਼ਨਰ ਫਿਰੋਜਪੁਰ ਸ਼੍ਰੀ ਵਿਪਨ ਪਰਮਾਰ ਨੇ ਦੱਸਿਆ ਕਿ ਕਿਰਤ ਵਿਭਾਗ ਸੰਕਟ ਦੀ ਇਸ ਘੜੀ ਵਿੱਚ ਗਰੀਬ ਅਤੇ ਜਰੂਰਤਮੰਦ ਮਜਦੂਰਾਂ ਤੱਕ ਰਾਹਤ ਪਹੁੰਚਾਣ ਲਈ 24 ਘੰਟੇ ਕੰਮ ਕਰ ਰਿਹਾ ਹੈ । ਉਨ੍ਹਾਂ ਨੇ ਦੱਸਿਆ ਕਿ ਲਾਕਡਾਉਨ ਅਤੇ ਕਰਫਿਊ ਪੀਰਿਅਡ ਵਿੱਚ 2717 ਉਸਾਰੀ ਮਜਦੂਰਾਂ ਨੂੰ 2. 93 ਕਰੋੜ ਰੁਪਏ ਦਾ ਮੁਨਾਫ਼ਾ ਪ੍ਰਦਾਨ ਕਰਣ ਲਈ ਉਨ੍ਹਾਂ ਦੇ ਕੇਸ ਉਸਾਰੀ ਸ਼ਰਮਿਕ ਵੈਲਫੇਇਰ ਬੋਰਡ ਦੇ ਵੱਲੋਂ ਅਪ੍ਰੂਵ ਕਰ ਲੇ ਗਏ ਹਨ ਅਤੇ ਛੇਤੀ ਹੀ ਇਹ ਰਾਸ਼ੀ ਉਸਾਰੀ ਮਜਦੂਰਾਂ ਦੇ ਬੈਂਕ ਖਾਤੀਆਂ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਵਿਭਾਗ ਕੋਰੋਨਾ ਵਾਇਰਸ ਦੇ ਖਿਲਾਫ ਚੱਲ ਰਹੀ ਇਸ ਲੜਾਈ ਵਿੱਚ ਇਸ ਮਹੱਤਵਪੂਰਣ ਵਰਗ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ ਤਾਂਕਿ ਇਹ ਸਭ ਲੋਕ ਇਸ ਮੁਸੀਬਤ ਤੋਂ ਪਾਰ ਪਾ ਸਕਣ ।