Ferozepur News

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਿੰਨ ਨਵੰਬਰ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮਨਾਉਣਗੇ

ਤਿੰਨ ਨਵੰਬਰ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮਨਾਉਣਗੇ ਕਿਸਾਨ 

Ferozepur, October 29, 2019: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਦੀ ਅਗਵਾਈ ਵਿੱਚ ਅਹਿਮ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਮਾਗਮ ਹੋਣਗੇ। ਆਗੂਆਂ ਨੇ ਕਿਹਾ ਕਿ ਹੋਣ ਵਾਲੇ ਸਮਾਗਮ 3 ਨਵੰਬਰ ਨੂੰ ਫਿਰੋਜ਼ਪੁਰ ਦੇ ਨਜ਼ਦੀਕ ਪਿੰਡ ਆਸਲ, 4 ਨਵੰਬਰ ਨੂੰ ਸੁਲਤਾਨਪੁਰ ਲੋਧੀ, 5 ਨਵੰਬਰ ਨੂੰ ਡੇਹਰਾ ਸਾਹਿਬ (ਤਰਨਤਾਰਨ), 7 ਨਵੰਬਰ ਨੂੰ ਚੱਬਾ (ਅੰਮ੍ਰਿਤਸਰ), 9 ਨਵੰਬਰ ਨੂੰ ਹੁਸ਼ਿਆਰਪੁਰ, 10 ਨਵੰਬਰ ਨੂੰ ਗੁਰਦਾਸਪੁਰ ਵਿਖੇ ਵਿਸ਼ਾਲ ਸਮਾਗਮ ਕਰਵਾਏ ਜਾਣਗੇ। ਜਿਸ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ ਪਰਿਵਾਰਾਂ ਸਮੇਤ ਬੜੀ ਸ਼ਰਧਾ ਨਾਲ ਸ਼ਾਮਲ ਹੋਣਗੇ ਅਤੇ ਗੁਰੂ ਸਾਹਿਬ ਜੀ ਦੀ ਇਨਕਲਾਬੀ ਤੇ ਵਿਗਿਆਨਿਕ ਵਿੱਚਾਰਧਾਰਾ ਮੁਤਾਬਿਕ ਜ਼ਿੰਦਗੀ ਜਿਉਣ ਤੇ ਬਰਾਬਰਤਾ, ਸਾਂਝੀਵਾਲਤਾ ਦੇ ਭਲੇ ਵਾਲਾ ਸਮਾਜ ਸਿਰਜਨ ਲਈ ਤਿੱਖੇ ਸੰਘਰਸ਼ ਵਿੱਢਣ ਦਾ ਸੰਕਲਪ ਕਰਨਗੇ। ਕਿਸਾਨ ਆਗੂਆਂ ਨੇ ਦੱਸਿਆ ਕਿ ਗੁਰੂ ਸਾਹਿਬ ਦੇ ਵੇਲੇ ਦੇਸ਼ ਦਾ ਰਾਜ ਪ੍ਰਬੰਧ ਪੂਰੀ ਤਰ੍ਹਾਂ ਭ੍ਰਿਸ਼ਟ ਤੇ ਲੋਕਾਂ ਤੇ ਜਬਰ ਜ਼ੁਲਮ, ਅੱਤਿਆਚਾਰ ਦੇ ਹੱਦਾਂ ਬੰਨ੍ਹੇ ਟੱਪਣ, ਲੁੱਟ ਖਸੁੱਟ ਉੱਤੇ ਅਧਾਰਿਤ ਸੀ। ਭਾਵੇਂ ਉਹ ਲੋਧੀ ਵੰਸ਼ ਵੀ ਸੀ ਤੇ ਭਾਵੇਂ ਬਾਬਰ ਮੁਗਲ ਰਾਜ ਸੀ।

ਦੂਜੇ ਪਾਸੇ ਬ੍ਰਾਹਮਣਵਾਦ ਰਾਹੀਂ ਹਿੰਦੂ ਧਰਮ ਦੇ ਠੇਕੇਦਾਰਾਂ ਵੱਲੋਂ ਸਮਾਜ ਨੂੰ ਚਾਰ ਵਰਨਾ ਵਿੱਚ ਵੰਡ ਕੇ ਜਾਤ, ਪਾਤ, ਊਚ, ਨੀਚ, ਵਹਿਮਾਂ, ਭਰਮਾਂ, ਕਰਮ ਕਾਂਡਾਂ, ਮੂਰਤੀ ਤੇ ਬੁੱਤ ਪੂਜਾ ਤੇ ਹੋਰ ਅਨੇਕਾਂ ਤਰ੍ਹਾਂ ਦੇ ਰੀਤੀ ਰਿਵਾਜ ਚਲਾ ਕੇ ਸ਼ੂਦਰ ਤੇ ਨੀਵੀਆਂ ਜਾਤਾਂ ਦੀ ਆਰਥਿਕ, ਧਾਰਮਿਕ ਤੇ ਸਮਾਜਿਕ ਤੌਰ ਤੇ ਵੱਡੇ ਪੱਧਰ ਤੇ ਲੁੱਟ ਕੀਤੀ ਜਾ ਰਹੀ ਸੀ। ਗੁਰੂ ਸਾਹਿਬ ਨੇ ਉਸ ਮੌਕੇ ਬੜੀ ਦ੍ਰਿੜ੍ਹਤਾ ਨਾਲ ਸੱਚ ਦਾ ਪੱਲਾ ਫੜ ਲਿਆ। ਸਮੇਂ ਦੇ ਨਿਰਦਈ ਹਾਕਮਾਂ ਨੂੰ ਸ਼ਹਾਂ ਤੇ ਮੁਕੱਦਮਾ ਨੂੰ ਕੁੱਤਿਆ ਦਾ ਦਰਜਾ ਦਿੰਦਿਆਂ ਸਿੱਧਾ ਮੱਥਾ ਲਗਾਇਆ ਤੇ ਬਗਾਵਤੀ ਸੁਰ ਉੱਚੇ ਕੀਤੇ।

ਇਸੇ ਤਰ੍ਹਾਂ ਬ੍ਰਾਹਮਣਵਾਦ ਦੇ ਨਾਮ ਹੇਠ ਜਨਤਾ ਦੀ ਕੀਤੀ ਜਾ ਰਹੀ ਧਾਰਮਿਕ ਤੌਰ ਤੇ ਲੁੱਟ, ਜਾਤੀ ਪਾਤੀ ਵਿਵਸਥਾ 'ਤੇ ਕਰਾਰੀ ਚੋਟ ਕਰਦਿਆਂ ਸਾਂਝੀਵਾਲਤਾ, ਬਰਾਬਰਤਾ ਤੇ ਕੁਦਰਤ ਵੱਲੋਂ ਹਰ ਇੱਕ ਮਨੁੱਖ ਵਿੱਚ ਇੱਕ ਜੋਤ ਹੋਣ ਤੇ ਕੁਦਰਤ ਵੱਲੋਂ ਕਿਸੇ ਵੀ ਮਨੁੱਖ ਨਾਲ ਵਿਤਕਰਾ ਨਾ ਕਰਨ ਦਾ ਤਰਕ ਦੇ ਕੇ ਕੁਦਰਤ ਦੇ ਸਾਰੇ ਪੈਦਾਵਾਰੀ ਸਾਧਨਾਂ 'ਤੇ ਸਾਰੇ ਮਨੁੱਖਾਂ ਦਾ ਬਰਾਬਰ ਅਧਿਕਾਰ ਹੋਣ ਦਾ ਹੋਕਾ ਲਗਾਤਾਰ 22 ਸਾਲ ਸੰਸਾਰ ਦੀਆਂ ਚਾਰ ਉਦਾਸੀਆਂ ਕਰਕੇ ਦਿੱਤਾ। ਕਿਰਤ ਕਰੋ, ਵੰਡ ਕੇ ਛਕੋ ਤੇ ਨਾਮ ਜਪੋ ਦੇ ਸਿਧਾਂਤ ਨੂੰ ਲਾਗੂ ਕਰਦਿਆਂ ਕਰਤਾਰਪੁਰ ਵਿਖੇ 18 ਸਾਲ ਹੱਥੀਂ ਕਿਰਤ ਕੀਤੀ ਤੇ ਲੁੱਟ ਖਸੁੱਟ ਰਹਿਤ ਭਾਈ ਲਾਲੋਆਂ ਨੂੰ ਇਨਸਾਫ ਦੇਣ ਵਾਲਾ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ। 

Related Articles

Back to top button