ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਬਿਆਸ ਮੈਨਜਮੈਂਟ ਬੋਰਡ ਵਿੱਚ ਪੰਜਾਬ ਤੇ ਹਰਿਆਣਾ ਦੀ ਨੁਮਾਇੰਦਗੀ ਖ਼ਤਮ ਕਰ 5 ਮਾਰਚ ਨੂੰ ਪੰਜਾਬ ਭਰ ਵਿਚ 60 ਥਾਂਵਾਂ ਉੱਤੇ ਬਲਾਕ, ਜ਼ੋਨ ਪੱਧਰੀ ਇਕੱਠ ਕਰਕੇ ਪੁਤਲੇ ਫੂਕਣ ਦਾ ਐਲਾਨਨ ਤੇ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੱਜ ਸੂਬਾ ਕੋਰ ਕਮੇਟੀ ਦੀ ਮੀਟਿੰਗ ਕਰਕੇ ਭਾਖੜਾ ਬਿਆਸ ਮੈਨਜਮੈਂਟ ਬੋਰਡ ਵਿੱਚ ਪੰਜਾਬ ਤੇ ਹਰਿਆਣਾ ਦੀ ਨੁਮਾਇੰਦਗੀ ਖ਼ਤਮ ਕਰਨ ਤੇ ਇਸ ਦਾ ਨਿੱਜੀ ਕਰਨ ਦੇ ਇਰਾਦੇ ਵਾਲੀ ਕੇਂਦਰ ਸਰਕਾਰ ਦੇ ਖ਼ਿਲਾਫ਼ 5 ਮਾਰਚ ਨੂੰ ਪੰਜਾਬ ਭਰ ਵਿਚ 60 ਥਾਂਵਾਂ ਉੱਤੇ ਬਲਾਕ, ਜ਼ੋਨ ਪੱਧਰੀ ਇਕੱਠ ਕਰਕੇ ਪੁਤਲੇ ਫੂਕਣ ਦਾ ਐਲਾਨ।
2.3.2020: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜ: ਸਕੱਤਰ ਸਵਰਣ ਸਿੰਘ ਪੰਧੇਰ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਅੱਜ 11 ਮੈਂਬਰੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਸੂਬਾ ਹੈੱਡਕੁਆਰਟਰ ਸ਼ਹੀਦ ਅੰਗਰੇਜ ਸਿੰਘ ਬਾਕੀਪੁਰ ਯਾਦਗਾਰ ਭਵਨ ਵਿਖੇ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਨਿੱਜੀਕਰਨ ਦੀ ਨੀਤੀ ਉੱਤੇ ਚੱਲਦੇ ਹੋਏ ਸੂਬੇ ਦੇ ਸੰਘੀ ਢਾਂਚੇ ਉਤੇ ਵੱਡਾ ਵਾਰ ਕਰਦਿਆਂ ਹੋਇਆਂ ਭਾਖੜਾ ਬਿਆਸ ਮੈਨਜਮੈਂਟ ਬੋਰਡ ਵਿੱਚ ਪੰਜਾਬ ਤੇ ਹਰਿਆਣਾ ਤੋਂ ਇਕ ਮੈਂਬਰ ਇੱਕ ਮੈਂਬਰ ਦੀ ਨੁਮਾਇੰਦਗੀ ਲੈਣ ਦੀ ਵਿਧੀ ਖਤਮ ਕਰਕੇ ਬਾਹਰਲੇ ਰਾਜਾਂ ਦੇ ਮੈਂਬਰ ਚੁਣਨ ਦਾ ਨੋਟੀਫਿਕੇਸ਼ਨ ਕਰ ਦੇਣ ਵਿਰੁੱਧ ਪੰਜਾਬ ਭਰ ਵਿੱਚ 60 ਥਾਂਵਾਂ ਉੱਤੇ ਬਲਾਕ /ਜ਼ੋਨ ਪੱਧਰੀ ਇਕੱਠ ਕਰਕੇ 5 ਮਾਰਚ ਨੂੰ ਸੜਕਾਂ ਜਾਮ ਕੀਤੀਆਂ ਜਾਣਗੀਆਂ ਤੇ ਪੁਤਲੇ ਫੂਕ ਰੋਸ ਮੁਜ਼ਾਹਰੇ ਕੀਤੇ ਜਾਣਗੇ ਤੇ ਮੰਗ ਕੀਤੀ ਜਾਵੇਗੀ ਕਿ ਪੰਜਾਬ ਦੀ ਧਰਤੀ ਤੇ ਬਣੇ ਡੈਮ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕੀਤਾ ਜਾਵੇ। ਇਸ ਦਾ ਨਿੱਜੀਕਰਨ ਕਰਨਾ ਬੰਦ ਕਰਕੇ ਕੀਤਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ ਤੇ ਰੋਪਡ਼, ਹਰੀਕੇ-ਫਿਰੋਜ਼ਪੁਰ ਹੈੱਡ ਵਰਕਸ ਪੰਜਾਬ ਤੋਂ ਖੋਹ ਕੇ ਨਿੱਜੀਕਰਨ ਕਰਨ ਦੀ ਤਜਵੀਜ਼ ਰੱਦ ਕੀਤੀ ਜਾਵੇ।
ਇਸ ਤੋਂ ਇਲਾਵਾ ਮੀਟਿੰਗ ਵਿਚ ਮਤਾ ਪਾਸ ਕਰਕੇ ਪੰਜਾਬ ਸਿੱਖਿਆ ਬੋਰਡ ਵੱਲੋਂ ਗੁਰੂਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਤਰਾਜ਼ਯੋਗ ਟਿੱਪਣੀਆਂ ਵਾਲੀ ਇਤਿਹਾਸ ਦੀ ਕਿਤਾਬ ਪਾਠ ਕ੍ਰਮ ਵਿਚ ਪਡ਼੍ਹਾਉਣ ਖ਼ਿਲਾਫ਼ ਪੰਜਾਬ ਸਿੱਖਿਆ ਬੋਰਡ ਮੁਹਾਲੀ ਅੱਗੇ ਲੱਗੇ ਧਰਨੇ ਦੀ ਹਮਾਇਤ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਇਹ ਇਤਰਾਜ਼ਯੋਗ ਕਿਤਾਬ ਤੁਰੰਤ ਜ਼ਬਤ ਕੀਤੀ ਜਾਵੇ ਤੇ ਇਸ ਨੂੰ ਛਾਪਣ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿਚ ਇਕ ਹੋਰ ਮਤੇ ਰਾਹੀਂ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ 9 ਦਸੰਬਰ ਲਿਖਤੀ ਸਹਿਮਤੀ ਪੱਤਰ ਵਿਚ ਮੰਨੀਆਂ ਹੋਈਆਂ ਸਾਰੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ਤੇ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਦੀ ਜ਼ਮਾਨਤ ਰੱਦ ਕਰਵਾਈ ਜਾਵੇ ਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕਰਕੇ 120B ਵਿਚ ਗ੍ਰਿਫ਼ਤਾਰ ਕੀਤਾ ਜਾਵੇ।