Ferozepur News

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਹਜ਼ਾਰਾਂ ਕਿਰਤੀਆਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਫਿਰੋਜ਼ਪੁਰ ਦੇ ਨਜ਼ਦੀਕ ਪਿੰਡ ਆਸਾਲ ਵਿਖੇ ਕਰਵਾਏ ਗਏ ਵਿਸ਼ਾਲ ਸਮਾਗਮ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਹਜ਼ਾਰਾਂ ਕਿਰਤੀਆਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਫਿਰੋਜ਼ਪੁਰ ਦੇ ਨਜ਼ਦੀਕ ਪਿੰਡ ਆਸਾਲ ਵਿਖੇ ਕਰਵਾਏ ਗਏ ਵਿਸ਼ਾਲ ਸਮਾਗਮ

Ferozepur, 3.11.2019: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਅੱਜ ਹਜ਼ਾਰਾਂ ਕਿਰਤੀਆਂ ਵੱਲੋਂ ਪਰਿਵਾਰਾਂ ਸਮੇਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਫਿਰੋਜ਼ਪੁਰ ਦੇ ਨਜ਼ਦੀਕ ਪਿੰਡ ਆਸਾਲ ਵਿਖੇ ਕਰਵਾਏ ਗਏ ਵਿਸ਼ਾਲ ਸਮਾਗਮ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਸ਼ਮੂਲੀਅਤ ਕੀਤੀ ਗਈ। ਹਜ਼ਾਰਾਂ ਕਿਰਤੀਆਂ ਨੇ ਗੁਰੂ ਸਾਹਿਬ ਦੀ ਵਿਗਿਆਨਕ ਤੇ ਕ੍ਰਾਂਤੀਕਾਰੀ ਵਿਚਾਰਧਾਰਾ 'ਤੇ ਹੋਈ ਸਾਰਥਿਕ ਚਰਚਾ ਨੂੰ ਬੜੇ ਧਿਆਨਪੂਰਵਕ ਸੁਣਿਆ ਤੇ ਆਪਣੇ ਮਨਾਂ ਵਿੱਚ ਕਈ ਪ੍ਰਕਾਰ ਦੀਆਂ ਬਣੀਆਂ ਅੰਧ ਵਿਸ਼ਵਾਸ ਦੀਆਂ ਕੰਧਾਂ ਢਾਹੁਣ ਦਾ ਸੰਕਲਪ ਕੀਤਾ। ਵਿਸ਼ਾਲ ਸਮਾਗਮ ਦੀ ਸਟੇਜ ਦੀ ਕਾਰਵਾਈ ਕਰਦਿਆਂ ਕਿਸਾਨ ਆਗੂ ਧਰਮ ਸਿੰਘ ਸਿੱਧ, ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸਕੱਤਰ ਸਵਰਨ ਸਿੰਘ ਪੰਧੇਰ ਅਤੇ ਐਡਵੋਕੇਟ ਰਘਬੀਰ ਸਿੰਘ ਬਾਗੀ ਨੇ ਗੁਰੂ ਸਾਹਿਬ ਦੀ ਉਸ ਵੇਲੇ ਦੀ ਜਾਬਰ, ਸਥਾਪਤੀ ਰਾਜਨੀਤਿਕ ਅਵਸਥਾ ਵਿਰੁੱਧ ਬਹੁਤ ਕਰੜੇ ਸ਼ਬਦਾਂ ਵਿੱਚ ਅਵਾਜ਼ ਚੁੱਕਣ, ਜਾਤੀ ਪਾਤੀ ਪ੍ਰਥਾ 'ਤੇ ਵੱਡੇ ਵਾਰ ਕਰਨ ਤੇ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਕੀਤੇ ਸੰਘਰਸ਼ ਤੋਂ ਪ੍ਰੇਰਣਾ ਲੈਣ ਤੇ ਜ਼ੋਰ ਦਿੰਦਿਆਂ ਅੱਜ ਦੇ ਸਮੇਂ ਇਸ ਕ੍ਰਾਂਤੀਕਾਰੀ ਵਿਚਾਰਧਾਰਾ 'ਤੇ ਚੱਲ ਕੇ ਲੁਟੇਰੇ ਮਲਕ ਭਾਗੋਆਂ ਖ਼ਿਲਾਫ਼ ਤਿੱਖਾ ਸੰਘਰਸ਼ ਹਰ ਫਰੰਟ ਤੇ ਵਿੱਢਣ ਦਾ ਐਲਾਣ ਕੀਤਾ।

ਕਿਸਾਨ ਆਗੂਆਂ ਨੇ ਅੱਜ ਦੇ ਲੁੱਟ ਘਸੁੱਟ ਵਾਲੇ ਰਾਜ ਪ੍ਰਬੰਧ ਦੀ ਤੁਲਨਾ ਗੁਰੂ ਸਾਹਿਬ ਦੇ ਵੇਲੇ ਦੇ ਹਾਕਮਾਂ ਨਾਲ ਕਰਦਿਆਂ ਕਿਹਾ ਕਿ ਅੱਜ ਵੀ ਦੇਸ਼ ਤੇ ਪੰਜਾਬ ਵਿੱਚ ਜਾਤ ਪਾਤ, ਫ਼ਿਰਕਾਪ੍ਰਸਤੀ, ਊਚ ਨੀਚ, ਕਰਮਕਾਂਡ, ਝੂਠ ਫਰੇਬ ਰਾਹੀਂ ਲੋਕਾਂ ਦੀ ਕਿਰਤ ਤੇ ਬੌਧਿਕ ਸੋਚ ਲੁੱਟ ਕੇ ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਿਕ ਤੌਰ ਤੇ ਕਿਰਤੀ ਜਨਤਾ ਨੂੰ ਬੁਰੀ ਤਰ੍ਹਾਂ ਬੇਵੱਸ ਤੇ ਨਿਢਾਲ ਕਰ ਦਿੱਤਾ ਹੈ ਅਤੇ 16 ਮਲਕ ਭਾਗੋ ਦੇਸ਼ ਦੇ 73 ਪ੍ਰਤੀਸ਼ਤ ਕੁਦਰਤੀ ਸਾਧਨਾਂ 'ਤੇ ਨਾਜਾਇਜ਼ ਕਬਜ਼ਾ ਕਰ ਗਏ ਹਨ। ਇਸ ਲਈ ਗੁਰੂ ਸਾਹਿਬ ਦੇ ਕਿਰਤ ਕਰਨ ਵਾਲੇ 99 ਪ੍ਰਤੀਸ਼ਤ ਭਾਈ ਲਾਲੋਆਂ ਸਾਹਮਣੇ ਬੜੀ ਵੱਡੀ ਚੁਣੌਤੀ ਹੈ ਕਿ ਗੁਰੂ ਸਾਹਿਬ ਦੇ ਦੱਸੇ ਮਾਰਗ ਅਨੁਸਾਰ ਜਾਤਾਂ ਪਾਤਾਂ ਮਿਟਾ ਕੇ ਊਚ ਨੀਚ, ਗਰੀਬਾਂ, ਅਮੀਰਾਂ ਵਿੱਚ ਆਰਥਿਕ ਪਾੜੇ ਨੂੰ ਮੇਟਣ ਲਈ ਜੱਥੇਬੰਧਕ ਹੋ ਕੇ ਬੜੀ ਵੱਡੀ ਜਾਨਹੂਲਵੀ ਟੱਕਰ ਲਈ ਮਾਨਸਿਕ, ਬੌਧਿਕ ਤੇ ਸਰੀਰਕ ਰੂਪ ਵਿੱਚ ਤਿਆਰ ਹੋ ਕੇ ਸੰਘਰਸ਼ਾਂ ਦੇ ਮੈਦਾਨ ਵਿੱਚ ਕੁੱਦਣਾ ਹੀ ਦੁੱਖਾਂ ਤੋਂ ਮੁਕਤੀ ਦਵਾ ਸਕਦਾ ਹੈ।

ਇਸ ਮੌਕੇ ਸਮਾਗਮ ਨੂੰ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ, ਨਰਿੰਦਰਪਾਲ ਸਿੰਘ ਜੁਤਾਲਾ, ਅਮਨਦੀਪ ਸਿੰਘ ਕੱਚਰਭੰਨ, ਸਾਹਿਬ ਸਿੰਘ ਦੀਨੇਕੇ, ਸੁਰਿੰਦਰ ਸਿੰਘ, ਮਹਿਤਾਬ ਸਿੰਘ ਕੱਚਰਭੰਨ, ਗੁਰਦਿਆਲ ਸਿੰਘ, ਖਲਾਰਾ ਸਿੰਘ ਆਸਲ, ਮੰਗਲ ਸਿੰਘ ਗੁੱਦੜਢੰਡੀ, ਸੁਖਵੰਤ ਸਿੰਘ ਮਾਦੀਕੇ, ਅੰਗਰੇਜ਼ ਸਿੰਘ ਬੂਟੇਵਾਲਾ, ਫੁੰਮਣ ਸਿੰਘ ਰਾਓਕੇ, ਸੁਰਜੀਤ ਸਿੰਘ ਤੇ ਰਸ਼ਪਾਲ ਸਿੰਘ ਗੱਟਬਾਦਸ਼ਾਹ, ਬਲਰਾਜ ਸਿੰਘ ਫੈਰੋਕੇ, ਲਖਵਿੰਦਰ ਸਿੰਘ ਬਸਤੀ ਨਾਮਦੇਵ, ਬਲਕਾਰ ਸਿੰਘ, ਲਖਵਿੰਦਰ ਸਿੰਘ ਜੋਗੇਵਾਲਾ, ਸੁਖਵੰਤ ਸਿੰਘ ਲਹੁਕਾ ਆਦਿ ਨੇ ਵੀ ਸੰਬੋਧਨ ਕੀਤਾ।

Related Articles

Back to top button