ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ 21 ਫਰਵਰੀ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਦੇ ਕੀਤੇ ਐਲਾਨ
ਜ਼ਿਲ੍ਹਾ ਗੁਰਦਾਸਪੁਰ ਵਿੱਚ ਗੰਨੇ ਦੇ ਸੈਂਕੜੇ ਕਰੋੜ ਦੇ ਬਕਾਏ ਲੈਣ ਲਈ ਲਗਾਏ ਪੱਕੇ ਮੋਰਚੇ
ਜ਼ਿਲ੍ਹਾ ਕਮੇਟੀ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਗੰਨੇ ਦੇ ਸੈਂਕੜੇ ਕਰੋੜ ਦੇ ਬਕਾਏ ਲੈਣ ਲਈ ਲਗਾਏ ਪੱਕੇ ਮੋਰਚੇ ਤੇ 21 ਫਰਵਰੀ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਦੇ ਕੀਤੇ ਐਲਾਨ ਦੀ ਪੁਰਜ਼ੋਰ ਹਮਾਇਤ ਕੀਤੀ ਤੇ ਗੰਨੇ ਦੇ ਬਕਾਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ
ਫ਼ਿਰੋਜ਼ਪੁਰ, 20.2.2020: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਇਕਾਈ ਫ਼ਿਰੋਜ਼ਪੁਰ ਦੀ ਮੀਟਿੰਗ ਅੱਜ ਆਸਲ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਮਤਾ ਪਾਸ ਕਰਕੇ ਫੈਸਲਾ ਕੀਤਾ ਗਿਆ ਕਿ ਗੰਨੇ ਦੇ ਪਿਛਲੇ ਤੇ ਇਸ ਸੀਜ਼ਨ ਦੇ ਸੈਂਕੜੇ ਕਰੋੜ ਦੇ ਬਕਾਏ ਲੈਣ ਤੇ ਹੋਰ ਮਸਲਿਆਂ ਨੂੰ ਲੈ ਕੇ ਗੁਰਦਾਸਪੁਰ ਦੇ D.C ਦਫ਼ਤਰ ਅੱਗੇ ਚੱਲ ਰਹੇ ਪੱਕੇ ਮੋਰਚੇ ਤੇ 21 ਫਰਵਰੀ ਨੂੰ ਗੁਰਦਾਸਪੁਰ ਵਿਖੇ ਰੇਲਾਂ ਦਾ ਚੱਕਾ ਜਾਮ ਕਰਨ ਦੇ ਕੀਤੇ ਐਲਾਨ ਦੀ ਜ਼ਿਲ੍ਹਾ ਇਕਾਈ ਫ਼ਿਰੋਜ਼ਪੁਰ ਪੂਰਨ ਹਮਾਇਤ ਕਰਦੀ ਹੈ ਤੇ ਗੰਨੇ ਦੇ ਬਕਾਏ 15% ਵਿਆਜ ਸਮੇਤ ਹਾਈਕੋਰਟ ਦੇ ਹੁਕਮ ਮੁਤਾਬਕ ਤੁਰੰਤ ਦਿੱਤੇ ਜਾਣ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਸਾਹਿਬ ਸਿੰਘ ਦੀਨੇਕੇ, ਮੀਤ ਸਕੱਤਰ ਰਣਬੀਰ ਸਿੰਘ ਰਾਣਾ, ਧਰਮ ਸਿੰਘ ਸਿੱਧੂ ਤੇ ਨਰਿੰਦਰਪਾਲ ਸਿੰਘ ਜਤਾਲਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਦੀ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਕੇ ਕਿਸਾਨੀ ਕਿੱਤੇ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਤੇ ਖੇਤੀ ਮੰਡੀ ਤੋੜ ਕੇ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦਾ ਫ਼ੈਸਲਾ ਕਰੀ ਬੈਠੀ ਹੈ । ਦੂਜੇ ਪਾਸੇ ਪੰਜਾਬ ਸਰਕਾਰ ਖੇਤੀ ਵਿਭਿੰਨਤਾ ਦਾ ਢਿਡੋਰਾ ਪਿੱਟ ਕੇ ਕਣਕ ਝੋਨੇ ਦੀ ਥਾਂ ਤੇ ਬਦਲਵੀਆਂ ਫਸਲਾਂ ਬੀਜਣ ਲਈ ਆਖ ਰਹੀ ਹੈ। ਜੇਕਰ ਕਿਸਾਨਾਂ ਨੇ ਝੋਨੇ ਕਣਕ ਦੀ ਥਾਂ ਉੱਤੇ ਗੰਨੇ ਦੀ ਫ਼ਸਲ ਬੀਜੀ ਹੈ ਤਾਂ ਉਸ ਨੂੰ ਅਜੇ ਤੱਕ ਪਿਛਲੇ ਸਾਲ ਤੇ ਇਸ ਸਾਲ ਦੇ ਸੈਂਕੜੇ ਕਰੋੜ ਰੁਪਏ ਨਹੀਂ ਮਿਲੇ ਹਨ, ਜਦੋਂ ਕਿ ਕਿਸਾਨ ਕਰਜ਼ੇ ਦੀ ਮਾਰ ਹੇਠ ਹਰ ਰੋਜ਼ ਖੁਦਕੁਸ਼ੀਆਂ ਕਰ ਰਿਹਾ ਹੈ ਤੇ ਉਸ ਦੀਆਂ ਕਰਜ਼ੇ ਕਾਰਨ ਕੁਰਕੀਆਂ, ਗ੍ਰਿਫਤਾਰੀਆਂ ਹੋ ਰਹੀਆਂ ਹਨ। ਕਿਸਾਨ ਆਗੂਆਂ ਨੇ ਇਸ ਮੌਕੇ ਜ਼ੋਰਦਾਰ ਮੰਗ ਕੀਤੀ ਕਿ ਗੰਨੇ ਦਾ ਰੇਟ 400 ਰੁਪਏ ਕੁਇੰਟਲ ਕੀਤਾ ਜਾਵੇ ਤੇ ਵਿਆਜ ਸਮੇਤ ਤੁਰੰਤ ਅਦਾਇਗੀ ਕੀਤੀ ਜਾਵੇ। R.P.F ਵੱਲੋਂ ਅੰਦੋਲਨ ਦੌਰਾਨ ਕਿਸਾਨ ਆਗੂਆਂ ਉੱਤੇ ਕੀਤੇ 13 ਪਰਚੇ ਰੱਦ ਕੀਤੇ ਜਾਣ ਤੇ ਅਦਾਲਤਾਂ ਵਿੱਚ ਪਾਏ ਕੇਸ ਵਾਪਸ ਲਏ ਜਾਣ, ਰਜਿਸਟਰੀ ਕਰਵਾਉਣ ਲਈ ਇਜਾਜ਼ਤ ਲੈਣ ਲਈ ਕਿਸਾਨਾਂ ਉੱਤੇ 500 ਰੁਪਏ ਤੋਂ ਲੈ ਕੇ 5 ਹਜ਼ਾਰ ਤੱਕ ਪਾਇਆ ਵਿੱਤੀ ਬੋਝ ਤੁਰੰਤ ਰੱਦ ਕੀਤਾ ਜਾਵੇ, ਬਿਜਲੀ ਦਰ 1 ਰੁਪਏ ਯੂਨਿਟ ਕੀਤੀ ਜਾਵੇ ਤੇ 3 ਬਿਜਲੀ ਕੰਪਨੀਆਂ ਨਾਲ ਪੰਜਾਬ ਮਾਰੂ ਕੀਤੇ ਸਮਝੌਤੇ ਰੱਦ ਕੀਤੇ ਜਾਣ ਤੇ 20 ਤੋਂ 25% ਤੱਕ ਪਾਏ ਜਾ ਰਹੇ ਫੁਟਕਲ ਖਰਚੇ ਬੰਦ ਕੀਤੇ ਜਾਣ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ। ਇਸ ਮੌਕੇ ਅੰਗਰੇਜ਼ ਸਿੰਘ ਬੂਟੇ ਵਾਲਾ, ਰਣਜੀਤ ਸਿੰਘ ਖੱਚਰ ਵਾਲਾ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਖਿਲਾਰਾ ਸਿੰਘ ਆਸਲ ,ਗੁਰਦਿਆਲ ਸਿੰਘ ਟਿੱਬੀ ਕਲਾਂ, ਸੁਖਵੰਤ ਸਿੰਘ ਲੋਹੁਕਾ, ਬਲਜਿੰਦਰ ਸਿੰਘ ਤਲਵੰਡੀ, ਮੰਗਲ ਸਿੰਘ ਗੁੱਦੜ ਢੰਡੀ, ਅਮਨਦੀਪ ਸਿੰਘ ਕੱਚਰ ਭੰਨ ਕੈਪਟਨ ਨਛੱਤਰ ਸਿੰਘ ,ਗੁਰਮੇਲ ਸਿੰਘ ਫੱਤੇ ਵਾਲਾ, ਬਲਕਾਰ ਸਿੰਘ ਲਖਵਿੰਦਰ ਸਿੰਘ ਜੋਗੇਵਾਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।