ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੱਜ ਗਰੁੱਪ 20 ਦੇਸ਼ਾਂ ਦੇ ਵਿਰੋਧ ਵਿੱਚ ਜ਼ਿਲ੍ਹੇ ਭਰ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ
ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੱਜ ਗਰੁੱਪ 20 ਦੇਸ਼ਾਂ ਦੇ ਅੰਮ੍ਰਿਤਸਰ ਹੋ ਰਹੇ ਸੰਮੇਲਨ ਦੇ ਵਿਰੋਧ ਵਿੱਚ ਜ਼ਿਲ੍ਹੇ ਭਰ ਵਿੱਚ ਰੋਸ ਮੁਜ਼ਾਹਰੇ ਕੀਤੇ ਗਏ ਤੇ ਪੁਤਲੇ ਫੂਕੇ ਗਏ, ਕਾਰਪੋਰੇਟ ਪੱਖੀ ਮਾਡਲ ਰੱਦ ਕਰਨ ਦੀ ਮੰਗ ਕੀਤੀ
ਫਿਰੋਜ਼ਪੁਰ, 14.3.2023: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਜੋਨਾਂ ਵਲੋਂ ਅੱਜ G20 ਸੰਮੇਲਨ ਜੋ ਅੰਮ੍ਰਿਤਸਰ ਵਿਖੇ ਹੋ ਰਿਹਾ ਹੈ ਦੇ ਵਿਰੋਧ ਵਿੱਚ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਸੰਬੰਧੀ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਕਿਹਾ ਕਿ ਦੇਸ਼ ਵਿਚ 1990 ਵਿਚ ਲਿਆਂਦਾ ਕਾਰਪੋਰੇਟ-ਪੱਖੀ ਕਿਸਾਨ ਮਜ਼ਦੂਰ ਵਿਰੋਧੀ ਮਾਡਲ ਰੱਦ ਕਰਕੇ ਮਨੁੱਖ ਤੇ ਕੁਦਰਤ ਪੱਖੀ ਵਿਕਾਸ ਮਾਡਲ ਲਾਗੂ ਕਰਨ ਦੀ ਮੰਗ ਕੀਤੀ।
ਰੋਸ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਜੋ 20 ਦੇਸ਼ਾਂ ਦਾ ਸੰਮੇਲਨ ਹੋ ਰਿਹਾ ਹੈ, ਇਸ ਨੂੰ ਸਾਮਰਾਜੀ ਦੇਸ਼ ਅਮਰੀਕਾ, ਇੰਗਲੈਂਡ, ਫਰਾਂਸ, ਜਰਮਨ, ਜਪਾਨ, ਇਟਲੀ, ਕਨੇਡਾ ਆਦਿ ਕੰਟਰੋਲ ਕਰ ਰਹੇ ਹਨ, ਜੋ ਵਿਸ਼ਵ ਵਪਾਰ ਸੰਸਥਾ, ਮੁਦਰਾ ਫੰਡ, ਵਿਸ਼ਵ ਬੈਂਕ ਰਾਹੀਂ ਗ਼ਰੀਬ ਦੇਸ਼ਾਂ ਉਤੇ ਦਬਾ ਬਣਾ ਕੇ ਉਨ੍ਹਾਂ ਦੇ ਆਰਥਿਕ ਸੋਮੇ ਤੇ ਪਬਲਿਕ ਅਦਾਰੇ ਆਪਣੇ ਕਬਜ਼ੇ ਵਿਚ ਲੈਣ ਤੇ ਉਨ੍ਹਾਂ ਦੀ ਲੁੱਟ-ਖੋਹ ਕਰਕੇ ਵੱਡੇ ਮੁਨਾਫ਼ੇ ਕਮਾਉਣ ਦਾ ਜੁਗਾੜ ਕਰਦੇ ਹਨ।
ਭਾਰਤੀ ਹਾਕਮ ਨਰਿੰਦਰ ਮੋਦੀ ਤੇ ਭਗਵੰਤ ਮਾਨ ਇਹਨਾਂ ਸੰਮੇਲਨਾਂ ਨੂੰ ਪੰਜਾਬ ਤੇ ਦੇਸ਼ ਦਾ ਵਿਕਾਸ ਦੱਸ ਰਹੇ ਹਨ, ਅਸਲ ਵਿੱਚ ਇਹ ਵਿਕਾਸ ਨਾਂਹ ਹੋਕੇ ਲੋਕਾਂ ਦਾ ਵਿਨਾਸ਼ ਹੈ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਅਮਰੀਕਾ ਦੀ ਅਗਵਾਈ ਹੇਠ ਵਿਕਸਿਤ ਦੇਸ਼ ਜੋ ਮੰਦਵਾੜੇ ਦਾ ਸ਼ਿਕਾਰ ਹਨ, ਜਿਵੇਂ ਅਮਰੀਕਾ ਵਿੱਚ ਸਿਲੀਕਾਨ ਅਤੇ ਸਿਗਨੇਢਰ ਬੈਂਕਾਂ ਡੁੱਬ ਚੁੱਕੀਆਂ ਹਨ ਉੱਤੇ ਪਰਦਾ ਪਾਉਣ ਲਈ ਗ਼ਰੀਬ ਦੇਸ਼ਾਂ ਦੇ ਕੁਦਰਤੀ ਸਾਧਨਾਂ ਨੂੰ ਕਬਜ਼ੇ ਹੇਠ ਲੈਣ ਲਈ ਤਰਲੋ-ਮੱਛੀ ਹੋ ਰਹੇ ਹਨ। ਪੰਜਾਬ ਦੇ ਕਿਸਾਨਾਂ ਤੋਂ ਜਮੀਨਾਂ ਖੋਹ ਕੇ ਉਨ੍ਹਾਂ ਨੂੰ ਸਸਤੀ ਲੇਬਰ ਵਿੱਚ ਤਬਦੀਲ ਕਰਨਾ ਹੈ।👏👏 ਬਲਜਿੰਦਰ ਤਲਵੰਡੀ