ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ ਨਕਲੀ ਡੀ ਏ ਪੀ ਵੇਚਣ ਵਾਲੇ ਠੱਗਾਂ ਤੇ ਕਾਰਵਾਈ ਕਰਨ ਸਬੰਧੀ ਸੌਪਿਆ ਮੰਗ ਪੱਤਰ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਨੇ ਨਕਲੀ ਡੀ ਏ ਪੀ ਵੇਚਣ ਵਾਲੇ ਠੱਗਾਂ ਤੇ ਕਾਰਵਾਈ ਕਰਨ ਸਬੰਧੀ ਸੌਪਿਆ ਮੰਗ ਪੱਤਰ।
3/11/23–ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਜਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ ਤੇ ਜਿਲ੍ਹਾ ਖਜਾਨਚੀ ਰਣਜੀਤ ਸਿੰਘ ਖੱਚਰ ਵਾਲਾ ਨੇ ਏ ਡੀ ਸੀ ਮੈਡਮ ਡਾ ਨਿੱਧੀ ਤੇ ਖੇਤੀਬਾੜੀ ਚੀਫ਼ ਜਗੀਰ ਸਿੰਘ ਨੂੰ ਨਕਲੀ ਡੀ ਏ ਪੀ ਖਾਦ ਸਬੰਧੀ ਮੰਗ ਪੱਤਰ ਦਿੱਤਾ। ਕਣਕ ਦੀ ਬਜਾਈ ਦਾ ਸਮਾਂ ਹੋਣ ਕਰਕੇ ਜਿਲ੍ਹੇ ਭਰ ਵਿੱਚ ਡੀ ਏ ਪੀ ਖਾਦ ਦੀ ਘਾਟ ਚੱਲ ਰਹੀ ਹੈ । ਕੁਝ ਠੱਗਾਂ ਵੱਲੋਂ ਇਸਦੀ ਕਾਲਾ ਬਜਾਰੀ ਤੇ ਨਕਲੀ ਡੀ ਏ ਪੀ ਖਾਦ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਜਿਸਦੀ ਦੀ ਉਦਹਾਰਣ ਕੱਲ ਉਦੋਂ ਵੇਖਣ ਨੂੰ ਮਿਲੀ ਜਦੋਂ ਜਿਉਣ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਬਸਤੀ ਖੱਚਰਾਂ ਵਾਲਾ (ਮੱਲਾਂ ਵਾਲਾ) ਨੇ ਡੀ ਏ ਪੀ ਕਾਰਗਿਲ ਕੰਪਨੀ ਦੀ ਖਾਦ ਜਦੋਂ ਕਣਕ ਬੀਜਣ ਵਾਸਤੇ ਲਿਆਦੀ ਤਾਂ ਬੈਗ ਖੋਲ੍ਹ ਕੇ ਚੈਕ ਕਰਨ ਤੇ ਦੇਖਿਆ ਕਿ ਖਾਦ ਦੀ ਜਗ੍ਹਾ ਪੱਥਰ ਨੂੰ ਪਾਲਿਸ਼ ਕੀਤਾ ਸੀ। ਇਹ ਖਾਦ ਮਨਪ੍ਰੀਤ ਸਿੰਘ ਬੱਗੇ ਵਾਲਾ ਤੋਂ ਲਿਆਂਦੀ ਸੀ। ਜਦੋਂ ਉਸ ਨਾਲ ਫੋਨ ਤੇ ਰਾਬਤਾ ਕੀਤਾ ਗਿਆ ਕਿ ਇਹ ਖਾਦ ਕਿਸ ਡਿਸਟ੍ਰੀਬਿਊਟਰ ਤੋਂ ਲਿਆਦੀ ਹੈ। ਪਰ ਉਸ ਵੱਲੋਂ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ।
ਇਸ ਕਰਕੇ ਅੱਜ ਖੇਤੀਬਾੜੀ ਵਿਭਾਗ ਤੇ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਮੰਗ ਕੀਤੀ ਕਿ ਡੀ ਏ ਪੀ ਖਾਦ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾਵੇ,ਨਕਲੀ ਖਾਦ ਬਣਾਉਣ ਵਾਲੇ ਗਿਰੋਹ ਦਾ ਪਰਦਾ ਫਾਸ਼ ਕੀਤਾ ਜਾਵੇ ਤੇ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ।
ਉਹਨਾਂ ਵੱਲੋਂ ਕਿਹਾ ਗਿਆ ਕਿ ਖਾਦ ਦੇ ਰੈਕ ਲੱਗ ਰਹੇ ਹਨ। ਸੁਸਾਇਟੀਆਂ ਨੂੰ ਪਹਿਲ ਦੇ ਅਧਾਰ ਤੇ ਖਾਦ ਭੇਜੀ ਜਾਵੇਗੀ ਤੇ ਨਕਲੀ ਖਾਦ ਵੇਚਣ ਵਾਲੀਆਂ ਤੇ ਜਲਦ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਪੀੜਤ ਕਿਸਾਨ ਜਿਉਣ ਸਿੰਘ ਵੀ ਹਾਜਰ ਸੀ।