ਕਿਸਾਨੀ ਸੰਘਰਸ਼ ਨੂੰ ਲੈ ਕੇ ਵਿਵਾਦਕ ਟਿੱਪਣੀਆਂ ਕਰਨ ਸਬੰਧੀ ਗੁਜਰਾਤ ਦੇ ਉਪ ਮੁੱਖ ਮੰਤਰੀ ਸਣੇ ਚਾਰ ਬੀਜੇਪੀ ਲੀਡਰਾਂ ਨੂੰ ਭੇਜਿਆ ਕਾਨੂੰਨੀ ਨੋਟਿਸ
ਕਿਸਾਨੀ ਸੰਘਰਸ਼ ਨੂੰ ਲੈ ਕੇ ਵਿਵਾਦਕ ਟਿੱਪਣੀਆਂ ਕਰਨ ਸਬੰਧੀ ਗੁਜਰਾਤ ਦੇ ਉਪ ਮੁੱਖ ਮੰਤਰੀ ਸਣੇ ਚਾਰ ਬੀਜੇਪੀ ਲੀਡਰਾਂ ਨੂੰ ਭੇਜਿਆ ਕਾਨੂੰਨੀ ਨੋਟਿਸ।
–ਸੰਘਰਸ਼ ਵਿੱਚ ਲੱਗੇ ਕਿਸਾਨਾਂ ਨੂੰ ਖਾਲਿਸਤਾਨੀ, ,ਢੋਂਗੀ,ਪ੍ਰੋ-ਚਾਈਨਾ ਸ਼ਬਦਾਂ ਰਾਹੀਂ ਬਦਨਾਮ ਕਰਨ ਤੇ ਜਨਤਕ ਮੰਗਣ ਮੁਆਫੀ
— ਮਾਫ਼ੀ ਨਾ ਮੰਨਣ ਤੇ ਫਿਰੋਜ਼ਪੁਰ ਅਦਾਲਤਾਂ ਵਿੱਚ ਦਾਖਲ ਕਰਾਂਗੇ ਫੋਜ਼ਦਾਰੀ ਮੁਕੱਦਮੇ।
Ferozepur, January 20, 2021: ਕੇਂਦਰ ਵੱਲੋਂ ਕਿਸਾਨੀ ਖੇਤੀ ਨੂੰ ਲੈ ਕੇ ਪਾਸ ਕੀਤੇ ਗਏ ਤਿੰਨ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਮੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਲਗਾਤਾਰ ਸੰਘਰਸ਼ ਜਾਰੀ ਹੈ ਉੱਥੇ ਹੀ ਇਹਨਾਂ ਸੰਘਰਸ਼ਾਂ ਤੋਂ ਚਿੱੜ੍ਹਦੇ ਹੋਏ ਭਾਜਪਾ ਦੇ ਮੰਤਰੀਆਂ ਅਤੇ ਲੀਡਰਾਂ ਵੱਲੋਂ ਸੰਘਰਸ਼ ਵਿੱਚ ਬੈਠੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਵਿਵਾਦਤ ਸ਼ਬਦਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਲੀਡਰਾਂ ਵੱਲੋਂ ਬੋਲੇ ਗਏ ਇਹਨਾਂ ਸ਼ਬਦਾਂ ਨੂੰ ਵਾਪਸ ਲੈਣ ਅਤੇ ਜਨਤਕ ਤੌਰ ਤੇ ਮਾਫ਼ੀ ਮੰਗਣ ਸਬੰਧੀ ਕਾਨੂੰਨੀ ਨੋਟਿਸ ਭੇਜੇ ਗਏ ਹਨ।
ਸੀਨੀਅਰ ਐਡਵੋਕੇਟ ਰਜਨੀਸ਼ ਦਹੀਯਾ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਰਾਹੀਂ ਭਾਜਪਾ ਦੇ ਆਗੂਆਂ ਵਲੋਂ ਜਨਤਕ ਮੁਆਫੀ ਮੰਗਣ ਲਈ ਲਿਖਿਆ ਗਿਆ ਹੈ। ਜੇਕਰ ਇਨ੍ਹਾਂ ਵੱਲੋਂ ਮੁਆਫੀ ਨਾ ਮੰਗੀ ਗਈ ਤਾਂ ਇਹਨਾਂ ਦੇ ਖਿਲਾਫ ਫੌਜਦਾਰੀ ਮੁਕੱਦਮੇ ਦਾਇਰ ਕੀਤੇ ਜਾਣਗੇ। ਐਡਵੋਕੇਟ ਦਹੀਯਾ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਟੋਰਾ ਦੇ ਕਿਸਾਨ ਬਲਰਾਜ ਸਿੰਘ, ਬੋਰਾਂਵਾਲੀ ਦੇ ਜਗਜੀਤ ਸਿੰਘ, ਆਸ਼ਇਏਕੇ ਦੇ ਸਰਬਜੀਤ ਸਿੰਘ ਅਤੇ ਗੁਰਦਿੱਤੀ ਵਾਲਾ ਦੇ ਮੰਗਲ ਸਿੰਘ ਵੱਲੋਂ ਨੋਟਿਸ ਭੇਜੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ 18 ਦਸੰਬਰ ਨੂੰ ਕਿਸਾਨੀ ਸੰਘਰਸ਼ ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਸੰਘਰਸ਼ ਵਿਚ ਪੀਜ਼ਾ ਪਕੌੜੇ ਮੁੱਫਤ ਵਿੱਚ ਕਿਥੋਂ ਆ ਰਹੇ ਹਨ ਇਹਨਾਂ ਪਿੱਛੇ ਚੀਨ ਅਤੇ ਖਾਲਿਸਤਾਨੀ ਛਿਪੇ ਏਜੰਡੇ ਸ਼ਾਮਲ ਹਨ। ਭਾਜਪਾ ਦੇ ਕੋਮੀ ਸਕੱਤਰ ਰਾਮ ਮਹਾਦੇਵ ਨੇ 30 ਦਿਸੰਬਰ 2020 ਨੂੰ ਟਵੀਟ ਰਾਹੀਂ ਸਵਾਲ ਚੁੱਕਿਆ ਸੀ ਕਿ ਕਿਤੇ ਕਿਸਾਨਾਂ ਪਿੱਛੇ ਦਾ ਕਾਰਣ ਖਾਲੀਸਤਾਨ ਤਾਂ ਨਹੀਂ। ਸੰਸਦ ਮੈਂਬਰ ਐਕਟਰ ਕਲਾਕਾਰ ਰਵੀ ਕਿਸ਼ਨ ਨੇ 24 ਦਿਸੰਬਰ 2020 ਨੂੰ ਟਵੀਟ ਕਰਕੇ ਧਰਨੇ ਵਿੱਚ ਬੈਠੇ ਕਿਸਾਨਾਂ ਨੂੰ ਢੋਂਗੀ ਕਿਹਾ ਸੀ ਅਤੇ ਪਸ਼ੂ ਪਾਲਣ ਤੇ ਮੱਛੀ ਪਾਲਣ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ 12 ਦਿਸੰਬਰ ਨੂੰ ਜਾਰੀ ਅਪਨੇ ਬਿਆਨ ਰਾਹੀਂ ਕਿਸਾਨੀ ਅੰਦੋਲਨ ਵਿਚ ਵਿਦੇਸ਼ੀ ਤਾਕਤਾਂ ਦੀ ਘੁਸਪੈਠ ਅਤੇ ਸ਼ਰਜੀਲ ਇਮਾਮ ਦੇ ਪੋਸਟਰ ਲਗਾਏ ਜਾਣ ਦੀ ਗੱਲ ਕੀਤੀ ਸੀ।
ਦੱਸਣਯੋਗ ਹੈ ਕਿ ਇਨ੍ਹਾਂ ਲੀਡਰਾਂ ਵੱਲੋਂ ਜਾਣ-ਬੁੱਝ ਕੇ ਭਾਜਪਾ ਅਤੇ ਕੇਂਦਰ ਸਰਕਾਰ ਦੀ ਕਠਪੁਤਲੀ ਬਣਕੇ ਕਿਸਾਨ ਅਤੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਇਹਨਾਂ ਸ਼ਬਦਾ ਦਾ ਪ੍ਰਯੋਗ ਕੀਤਾ ਗਿਆ ਹੈ। ਐਡਵੋਕੇਟ ਦਹੀਯਾ ਨੇ ਦੱਸਿਆ ਕਿ ਭਾਜਪਾ ਦੇ ਲੀਡਰਾਂ ਵੱਲੋਂ ਵਰਤੇ ਗਏ ਵਿਵਾਦਤ ਬਿਆਨਬਾਜੀ ਅਤੇ ਮਾੜੀ ਸ਼ਬਦਾਵਲੀ ਇਨ੍ਹਾਂ ਦੀ ਬੀਮਾਰ ਮਾਨਸਿਕਤਾ ਅਤੇ ਸੋਚ ਨੂੰ ਉਜਾਗਰ ਕਰਦੀਆਂ ਹਨ। ਵਿਵਾਦਤ ਸ਼ਬਦਾਂ ਰਾਹੀ ਸੰਘਰਸ਼ਸੀਲ ਕਿਸਾਨਾਂ ਦੀ ਹੋਈ ਮਾਨਹਾਨੀ ਅਤੇ ਕਿਸਾਨੀ ਸੰਘਰਸ਼ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੀਮਤ ਭਾਜਪਾ ਆਗੂਆਂ ਨੂੰ ਚੁਕਾਨੀ ਪਵੇਗੀ।