ਕਿਸਾਨਾਂ ਮਜ਼ਦੂਰਾਂ ਦੇ ਵੱਲੋਂ ਮੰਗਾਂ ਸਬੰਧੀ ਪੰਜਾਬ ਦੇ 7 ਡਿਪਟੀ ਕਮਿਸ਼ਨਰ ਦਫ਼ਤਰਾਂ ਮੂਹਰੇ ਧਰਨੇ ਸ਼ੁਰੂ
ਕਿਸਾਨਾਂ ਮਜ਼ਦੂਰਾਂ ਦੇ ਵੱਲੋਂ ਮੰਗਾਂ ਸਬੰਧੀ ਪੰਜਾਬ ਦੇ 7 ਡਿਪਟੀ ਕਮਿਸ਼ਨਰ ਦਫ਼ਤਰਾਂ ਮੂਹਰੇ ਧਰਨੇ ਸ਼ੁਰੂ!!
Ferozepur, October 1,2019: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਅੱਜ ਸੈਂਕੜੇ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੀ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਤਿੰਨ ਰੋਜ਼ਾ ਪੱਕੇ ਮੋਰਚੇ ਦੇ ਪਹਿਲੇ ਦਿਨ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ, ਸਕੱਤਰ ਸਾਹਿਬ ਸਿੰਘ ਦੀਨੇਕੇ, ਮਜ਼ਦੂਰ ਆਗੂ ਪਿਆਰਾ ਸਿੰਘ ਘੁੱਦੂਵਾਲਾ ਨੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਭ੍ਰਿਸ਼ਟ ਨਿਕੰਮੀ ਹੋਣ ਕਰਕੇ ਪੰਜਾਬ ਦੇ ਲੋਕਾਂ ਨਾਲ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਅਤੇ 2017 ਵਿੱਚ ਕੀਤੇ ਚੋਣ ਵਾਅਦਿਆਂ ਤੋਂ ਗੁਟਕਾ ਸਾਹਿਬ ਦੀ ਸਹੁੰ ਖਾਣ ਦੇ ਬਾਵਜੂਦ ਵੀ ਮੁਕਰ ਚੁੱਕੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਢਾਈ ਸਾਲਾਂ ਵਿੱਚ ਕਈ ਕਿਸਾਨ ਮਜ਼ਦੂਰ ਕਰਜੇ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਹਰ ਰੋਜ਼ ਅਦਾਲਤਾਂ ਵੱਲੋਂ ਗੈਰ ਕਾਨੂੰਨੀ ਲਏ ਖਾਲੀ ਚੈੱਕਾਂ ਦੇ ਆਧਾਰ 'ਤੇ ਵਰੰਟ ਨਿਕਲ ਰਹੇ ਹਨ ਤੇ ਕੁਰਕੀਆਂ ਦੇ ਹੁਕਮ ਪਾਸ ਹੋ ਰਹੇ ਹਨ। ਇਸੇ ਤਰ੍ਹਾਂ ਮੋਦੀ ਸਰਕਾਰ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਨਿੱਜੀ ਕਰਨ, ਉਦਾਰੀ ਕਰਨ ਦੀਆਂ ਨੀਤੀਆਂ ਤੇਜੀ ਨਾਲ ਲਾਗੂ ਕਰਕੇ 16 ਦੇਸ਼ਾਂ ਦਾ ਕਰ ਮੁਕਤ ਵਪਾਰ ਭਾਈਵਾਲੀ ਦਾ ਸਮਝੌਤਾ ਆਰਸੀਈਪੀ ਲਾਗੂ ਕਰ ਰਹੀ ਹੈ ਅਤੇ ਦੁੱਧ ਉਤਪਾਦ ਤੋਂ ਬਣੀਆਂ ਵਸਤਾਂ ਲਈ ਬਗੈਰ ਕਿਸੇ ਟੈਕਸ ਦੇ 5 ਪ੍ਰਤੀਸ਼ਤ ਛੋਟ ਦੇ ਚੁੱਕੀ ਹੈ ਤੇ ਮੋਦੀ ਸਰਕਾਰ ਵੱਲੋਂ ਫਿਰਕੂ ਏਜੰਡਾ ਲਾਗੂ ਕਰਨ ਲਈ ਕਈ ਤਰ੍ਹਾਂ ਦੇ ਕਾਲੇ ਕਾਨੂੰਨ ਜਿਵੇਂ ਯੂਏਪੀਏ ਵਗੇਰਾ ਪਾਸ ਕਰ ਲਏ ਹਨ। ਕਿਸਾਨ ਆਗੂਆਂ ਨੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਨੂੰ ਵੱਡੇ ਸੰਘਰਸ਼ਾਂ ਲਈ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਜ਼ੋਰਦਾਰ ਮੰਗ ਕੀਤੀ ਕਿ ਕਿਸਾਨਾਂ, ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਕਿਸਾਨ ਮਜ਼ਦੂਰ ਕਿਸੇ ਵੀ ਸੂਰਤ ਵਿੱਚ ਨਾ ਕਰਜ਼ਾ ਮੋੜਣਗੇ ਅਤੇ ਨਾ ਹੀ ਕੁਰਕੀਆਂ ਗ੍ਰਿਫਤਾਰੀਆਂ ਹੋਣ ਦੇਣਗੇ।
ਉਨ੍ਹਾਂ ਨੇ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਆਰਸੀਈਪੀ ਦੇ ਸਮਝੌਤੇ ਵਿੱਚੋਂ ਭਾਰਤ ਸਰਕਾਰ ਦੇ ਬਾਹਰ ਆਉਣ, ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕਰਨ, ਨਮੀ ਦੀ ਮਾਤਰਾ 24 ਪ੍ਰਤੀਸ਼ਤ ਕਰਨ, ਪਰਾਲੀ ਸਾਂਭਣ ਲਈ ਝੋਨੇ ਦੀ ਫਸਲ ਉੱਤੇ 200 ਪ੍ਰਤੀ ਕੁਇੰਟਲ ਬੋਨਸ ਦੇਣ, ਹੜ੍ਹ ਪੀੜਤਾਂ ਨੂੰ ਪਿਛਲੇ ਸਾਲ ਦੇ ਮੁਆਵਜ਼ੇ ਸਮੇਤ ਇਸ ਵਾਰ ਦੇ ਨੁਕਸਾਨੇ ਦਾ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ। ਗੱਟਾ ਬਾਦਸ਼ਾਹ ਪਿੰਡ ਦੇ ਹੜ੍ਹ ਪੀੜਤਾਂ 'ਤੇ ਐੱਸਡੀਐੱਮ ਜ਼ੀਰਾ ਵੱਲੋਂ ਕਰਵਾਇਆ ਝੂਠਾ ਪਰਚਾ ਮੰਨੀ ਹੋਈ ਮੰਗ ਮੁਤਾਬਿਕ ਰੱਦ ਕਰਨ, ਘਰੇਲੂ ਬਿਜਲੀ ਦਰ 1 ਰੁਪਏ ਯੂਨਿਟ ਕਰਨ, ਹਰ ਤਰ੍ਹਾਂ ਦੇ ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ ਤੇ 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਨੂੰ 10 ਹਜ਼ਾਰ ਰੁਪਏ ਪੈਨਸ਼ਨ ਦੇਣ ਤੇ ਮੰਤਰੀਆਂ ਵਿਧਾਇਕਾਂ ਤੇ ਸਾਂਸਦਾਂ ਦੀਆਂ ਗੈਰ ਕਾਨੂੰਨੀ ਪੈਨਸ਼ਨਰਜ਼ ਤੇ ਭੱਤੇ ਕੱਟਣ ਦੀ ਮੰਗ ਕੀਤੀ। ਇਸ ਮੌਕੇ ਧਰਨੇ ਨੂੰ ਮੰਗਲ ਸਿੰਘ, ਨਰਿੰਦਰ ਸਿੰਘ ਜੁਤਾਲਾ, ਅਮਨਦੀਪ ਤੇ ਮਹਿਤਾਬਬ ਸਿੰਘ ਕੱਚਰਭੰਨ, ਬਲਜਿੰਦਰ ਸਿੰਘ ਤਲਵੰਡੀ, ਸੁਖਵੰਤ ਸਿੰਘ ਲੋਹੁਕਾ, ਅੰਗਰੇਜ਼ ਸਿੰਘ, ਰਛਪਾਲ ਸਿੰਘ, ਸੁਰਜੀਤ ਸਿੰਘ ਗੱਟਾ ਬਾਦਸ਼ਾਹ, ਰਣਜੀਤ ਸਿੰਘ, ਕੈਪਟਨ ਨਛੱਤਰ ਸਿੰਘ, ਗੁਰਦਿਆਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।