ਕਿਸਾਨਾਂ ਅਤੇ ਖਪਤਕਾਰਾਂ ਨੇ ਪੰਜਾਬ ਸਰਕਾਰ ਤੋਂ ਖੇਤੀ ਬਜਟ ਦਾ 50% ਕੁਦਰਤੀ ਖੇਤੀ ਉੱਤੇ ਖਰਚ ਕਰਨ ਦੀ ਮੰਗ ਕੀਤੀ
ਫਿਰੋਜ਼ਪੁਰ ਵਿੱਖੇ ਹੋਇਆ ਕੁਦਰਤੀ ਖੇਤੀ 'ਤੇ ਲੋਕ ਸੰਵਾਦ
ਕਿਸਾਨਾਂ ਅਤੇ ਖਪਤਕਾਰਾਂ ਨੇ ਪੰਜਾਬ ਸਰਕਾਰ ਤੋਂ ਖੇਤੀ ਬਜਟ ਦਾ 50% ਕੁਦਰਤੀ ਖੇਤੀ ਉੱਤੇ ਖਰਚ ਕਰਨ ਦੀ ਮੰਗ ਕੀਤੀ
Ferozepur, 9 ਮਈ 2015 (Harish Monga): ਮਾਨਵ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਵਿੱਖੇ ਖੇਤੀ ਵਿਰਾਸਤ ਮਿਸ਼ਨ, ਮੋਹਨ ਲਾਲ ਭਾਸਕਰ ਫਾਊਂਡੇਸ਼ਨ, ਫਾਰਮਰਜ਼ ਹੈੱਲਪ ਸੁਸਾਇਟੀ, ਧੀਰਾ ਪੱਤਰਾ, ਐਗਰੀਡ ਫਾਊਂਡੇਸ਼ਨ ਅਤੇ ਕਲਾਪੀਠ ਫਿਰੋਜ਼ਪੁਰ ਪੰਜਾਬ ਵਿੱਚ ਕੁਦਰਤੀ ਦਾ ਭੱਵਿਖ ਅਤੇ ਅਤੇ ਮੁੱਖ ਮੰਤਰੀ ਪੰਜਾਬ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੁਦਰਤੀ ਖੇਤੀ ਸੰੰਬੰਧੀ ਕੀਤੇ ਗਏ ਐਲਾਨਾਂ ਬਾਰੇ ਲੋਕ ਸੰਵਾਦ ਦੀ ਪ੍ਰਧਾਨਗੀ ਪ੍ਰਭਾ ਭਾਸਕਰ ਹੁਣਾਂ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾ. ਸਤੰਦਰ ਸਿੰਘ, ਹਰਮੀਤ ਵਿਦਿਆਰਥੀ, ੋਗਰਵ ਭਾਸਕਰ ਕਮਲਜੀਤ ਹੇਅਰ, ਬੂਟਾ ਸਿੰਘ (ਧੀਰਾ ਪੱਤਰਾ) ਅਤੇ ਸੰਤੋਖ ਸਿੰਘ ਅਤੇ ਐਡਵੋਕੇਟ ਗੁਰਬਾਜ ਸਿੰਘ ਸ਼ਾਮਿਲ ਰਹੇ। ਇਸ ਮੌਕੇ ਵੈਦ ਸੁਖਦੇਵ ਸਿੰਘ, ਵਿਰਸਾ ਸਿੰਘ (ਬੁੱਕਣ ਖਾਂ ਵਾਲਾ), ਰਾਜੀਵ ਖਿਆਲ, ਪ੍ਰਮਵੀਰ ਸੰਧੂ, ਅਸ਼ੋਕ ਕੁਮਾਰ, ਕਮਲ ਸ਼ਰਮਾ ਆਦਿ ਨੇ ਵਿਚਾਰ ਸਾਂਝੇ ਕੀਤੇ।
ਲੋਕ ਸੰਵਾਦ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਤੋਂ ਉਹਨਾਂ ਵੱਲੋਂ ਰਾਸ਼ਟਰੀ ਜੈਵਿਕ ਖੇਤੀ ਸੰਮੇਲਨ 'ਚ ਚੰਡੀਗੜ੍ਹ ਵਿੱਖੇ ਕੀਤੇ ਗਏ ਇਹਨਾਂ ਐਲਾਨਾਂ:
ਪੰਜਾਬ ਨੂੰ ਕੁਦਰਤੀ ਖੇਤੀ ਪੱਖੋਂ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ,
ਆਰਗੈਨਿਕ ਖੇਤੀ ਬੋਰਡ ਦਾ ਗਠਨ ਕਰਨ,
ਸੂਬੇ ਦੇ ਹਰ ਬਲਾਕ ਵਿਚ ਜੈਵਿਕ ਖੇਤੀ ਦੇ ਮਾਡਲ ਸਥਾਪਿਤ ਕਰਨ ਅਤੇ
ਜੈਵਿਕ ਖੇਤੀ ਦੀ ਮਾਰਕੀਟਿੰਗ ਸਬੰਧੀ ਦੁਕਾਨਾਂ ਮੁਹੱਈਆ ਕਰਵਾਉਣ ਤੇ ਹੋਰ ਮੱਦਦ ਦੇ ਦੀ ਗੱਲ ਕੀਤੀ ਹੈ।
ਅਮਲੀ ਜਾਮਾ ਪਹਿਨਾਉਣ ਦੀ ਅਪੀਲ ਕਰਦਿਆਂ ਪੁਰਜ਼ੋਰ ਢੰਗ ਨਾਲ ਇਹ ਮੰਗਾਂ ਕੀਤੀਆਂ ਗਈਆਂ:
1) ਜੈਵਿਕ ਖੇਤੀ ਬੋਰਡ ਦਾ ਗਠਨ ਛੇਤੀ ਤੋਂ ਛੇਤੀ ਕੀਤਾ ਜਾਵੇ। ਇਹ ਬੋਰਡ ਸੂਬੇ ਭਰ ਅੰਦਰ ਕੁਦਰਤੀ ਖੇਤੀ ਨੂੰ ਉਤਸਾਹਿਤ ਕਰਨ ਦੇ ਨਾਲ-ਨਾਲ ਰਾਜ ਲਈ ਇੱਕ ਸੰਪੂਰਨ ਜੈਵਿਕ ਖੇਤੀ ਨੀਤੀ ਬਣਾਉਣ ਦਾ ਹੀਲਾ ਕਰੇ। ਇਹ ਬੋਰਡ ਪੰਜਾਬ ਸਰਕਾਰ ਦੇ ਮਾਤਹਿਤ ਸਮੁੱਚੇ ਰਾਜ ਵਿੱਚ ਗੁਜਰਾਤ ਸਰਕਾਰ ਵਾਂਗੂੰ ਕੁਦਰਤੀ ਖੇਤੀ ਕਿਸਾਨਾਂ, ਕੁਦਰਤੀ ਖੇਤੀ 'ਤੇ ਕੰਮ ਕਰ ਰਹੀਆਂ ਜੱਥੇਬੰਦੀਆਂ, ਕੁਦਰਤੀ ਖੇਤੀ ਪੱਖੀ ਵਿਗਿਆਨੀਆਂ ਅਤੇ ਕੁਦਰਤੀ ਖੇਤੀ ਹਿਤੈਸ਼ੀਆਂ ਨਾਲ ਥਾਂ-ਥਾਂ ਮੀਟਿੰਗਾਂ ਕਰਕੇ ਸੂਬੇ ਲਈ “ਜੈਵਿਕ ਖੇਤੀ ਨੀਤੀ” ਬਣਾਏ।
2) ਜੈਵਿਕ ਖੇਤੀ ਬੋਰਡ ਦੀ ਦੀ ਅਗਵਾਈ ਕੁਦਰਤੀ ਖੇਤੀ ਕਰਨ ਵਾਲੇ ਕਿਸੇ ਪ੍ਰਤਿਸ਼ਠਤ ਕਿਸਾਨ ਜਾਂ ਕੁਦਰਤੀ ਖੇਤੀ ਬਾਰੇ ਪ੍ਰੈਕਟੀਕਲ ਗਿਆਨ ਰੱਖਣ ਵਾਲੇ ਕਿਸੇ ਸਮਰਥ ਖੇਤੀ ਵਿਗਿਆਨੀ ਨੂੰ ਹੀ ਸੌਂਪੀ ਜਾਵੇ। ਨਾਲ ਹੀ ਬੋਰਡ ਵਿੱਚ ਕੁਦਰਤੀ ਖੇਤੀ ਕਿਸਾਨਾਂ, ਕੁਦਤਰੀ ਖੇਤੀ ਹਿਤੈਸ਼ੀਆਂ ਅਤੇ ਵਿਗਿਆਨਕਾਂ ਨੂੰ ਪਹਿਲ ਦੇ ਆਧਾਰ 'ਤੇ ਯੋਗ ਨੁਮਾਇੰਦਗੀ ਦਿੱਤੀ ਜਾਵੇ।
3) ਬੋਰਡ ਵੱਖ-ਵੱਖ ਨਿਯਾਮਕ ਸੰਸਥਾਵਾਂ ਨਾਲ ਤਾਲਮੇਲ ਵਿੱਚ ਰਹਿ ਕੇ ਸੂਬੇ ਵਿੱਚ ਕੁਦਰਤੀ ਖੇਤੀ ਦੀ ਬਿਹਤਰੀ ਲਈ ਕੰਮ ਕਰੇ
4) ਸਾਡੀ ਇਹ ਪੁਰਜ਼ੋਰ ਮੰਗ ਹੈ ਕਿ ਪੂਰਵ ਕਾਲ ਵਿੱਚ ਕੁਦਰਤੀ ਖੇਤੀ ਦਾ ਭਾਰੀ ਵਿਰੋਧ ਕਰਨ ਵਾਲੇ ਅਧਿਕਾਰੀਆਂ, ਖੇਤੀ ਵਿਗਿਆਨੀਆਂ ਅਤੇ ਸ਼ਖਸ਼ੀਅਤਾਂ ਨੂੰ ਜੈਵਿਕ ਖੇਤੀ ਬੋਰਡ ਤੋਂ ਦੂਰ ਹੀ ਰੱਖਿਆ ਜਾਵੇ।
5) ਜੈਵਿਕ ਖੇਤੀ ਬੋਰਡ ਕੋਲ ਇੰਨੀ ਕੁ ਤਾਕਤ, ਸਾਧਨ ਅਤੇ ਪੈਸਾ ਹੋਵੇ ਕਿ ਉਹ ਸੂਬੇ ਭਰ ਅੰਦਰ ਵੱਡੇ ਪੱਧਰ 'ਤੇ ਕੁਦਰਤੀ ਖੇਤੀ ਸਬੰਧੀ ਚੇਤਨਾ ਦਾ ਪਸਾਰ ਕਰ ਸਕਣ ਅਤੇ ਸੁਤੰਤਰ ਰੂਪ ਵਿੱਚ ਕੁਦਰਤੀ ਖੇਤੀ ਮੇਲੇ ਲਾਉਣ ਦੇ ਸਮਰਥ ਹੋਵੇ। ਉਹ ਕੁਦਰਤੀ ਖੇਤੀ ਫਾਰਮ ਸਕੂਲ ਲਾਉਣ ਲਈ ਮਦਦ ਕਰ ਸਕੇ।
6) ਪ੍ਰੋਡਕਸ਼ਨ ਐੰਡ 'ਤੇ ਕਿਸਾਨਾਂ ਨੂੰ ਟ੍ਰੇਨਿੰਗ, ਸਪੋਰਟ ਅਤੇ ਨਿਗਰਾਨੀ ਦੇ ਕੰਮ ਬੋਰਡ ਦੀ ਜ਼ਿੰਮੇਵਾਰੀ ਹੋਣ। ਨਾਲ ਹੀ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਕੋ-ਆਪਰੇਟਿਵਜ਼, ਪ੍ਰੋਡਿਊਸਰ ਕੰਪਨੀਆਂ ਅਤੇ ਕਿਸਾਨ ਸਮੂਹ ਆਦਿ ਬਣਾਉਣ ਵਿੱਚ ਜੈਵਿਕ ਖੇਤੀ ਬੋਰਡ ਸਹਾਇਤਾ ਕਰਨ ਅਤੇ ਢੁਕਵਾਂ ਮਾਰਗਦਰਸ਼ਨ ਕਰਨ ਦੇ ਸਮਰਥ ਹੋਵੇ।
7) ਜੈਵਿਕ ਖੇਤੀ ਉਤਪਾਦਾਂ ਦੀ ਵਿੱਕਰੀ ਲਈ ਸਰਕਾਰ ਪੂਰਾ-ਸੂਰਾ ਮਾਰਕੀਟਿੰਗ ਸਿਸਟਮ ਖੜ੍ਹਾ ਕਰੇ ਅਤੇ ਜੈਵਿਕ ਖੇਤੀ ਬੋਰਡ ਇਸ ਮਾਮਲੇ ਵਿੱਚ ਕਿਸਾਨਾਂ ਦੀ ਹਰ ਪੱਖੋਂ ਸਹਾਇਤਾ ਕਰਨ ਦੇ ਸਮਰਥ ਹੋਵੇ।
8) ਰਾਜ ਅੰਦਰ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਅਤੇ ਪੱਕੇਪੈਰੀਂ ਕਰਨ ਲਈ ਰਾਜ ਦੇ ਕੁੱਲ ਖੇਤੀ ਬੱਜਟ ਦਾ 50% ਕੁਦਰਤੀ ਖੇਤੀ ਲਈ ਰਾਖਵਾਂ ਰੱਖਿਆ ਜਾਵੇ। ਰਾਜ ਅੰਦਰ ਚੱਲ ਰਹੇ ਖੇਤੀ ਖੋਜਕਾਰਜਾਂ ਦੀ ਮੁਹਾਰ ਕੁਦਰਤੀ ਖੇਤੀ ਵੱਲ ਮੋੜੀ ਜਾਵੇ। ਰਾਜ ਵਿਚਲੇ ਕੁੱਲ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚੋਂ ਅੱਧਿਆਂ ਨੂੰ ਸਿਰਫ ਤੇ ਸਿਰਫ ਕੁਦਰਤੀ ਖੇਤੀ ਉੱਤੇ ਹੀ ਖੋਜ਼ ਕਰਨ ਦਾ ਕੰਮ ਸੌਂਪਿਆ ਜਾਵੇ।
9) ਕੁਦਰਤੀ ਖੇਤੀ ਉੱਤੇ ਕੰਮ ਕਰਨ ਲਈ ਵਿਸ਼ੇਸ਼ ਕ੍ਰਿਸ਼ੀ ਵਿਗਿਆਨ ਕੇਂਦਰ ਬਣਾਏ ਜਾਣ ਅਤੇ ਕੁਦਰਤੀ ਖੇਤੀ ਕਿਸਾਨਾਂ ਨੂੰ ਇਹਨਾਂ ਕੇਂਦਰਾਂ ਦੀ ਮੈਨੇਜ਼ਮੈਂਟ ਵਿੱਚ ਸ਼ਾਮਿਲ ਕੀਤਾ ਜਾਵੇ।
10) ਜੈਵਿਕ ਖੇਤੀ ਦੇ ਮਾਡਲ ਫਾਰਮ ਖੜ੍ਹੇ ਕਰਨ ਲਈ ਯੋਗ ਕੁਦਰਤੀ ਖੇਤੀ ਕਿਸਾਨਾਂ ਨੂੰ ਪਹਿਲ ਦੇ ਅਧਾਰ 'ਤੇ ਮੌਕਾ ਅਤੇ ਮਾਨਤਾ ਦਿੱਤੀ ਜਾਵੇ। ਉਹਨਾਂ ਨੂੰ ਕੁਦਰਤੀ ਖੇਤੀ ਮਾਹਿਰਾਂ ਵਜੋਂ ਪ੍ਰਮਾਣਿਤ ਕੀਤਾ ਜਾਵੇ।
11) ਸੂਬੇ ਭਰ ਵਿੱਚ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਖੇਤੀ, ਸਿਹਤ ਅਤੇ ਵਾਤਾਵਰਣ ਨੂੰ ਠੀਕ ਕਰਨ ਲਈ ਉਹਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਪ੍ਰਤਿ ਏਕੜ 5000 ਰੁਪਏ ਸਬਸਿਡੀ/ਬੋਨਸ ਦਿੱਤਾ ਜਾਵੇ।
12) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਆਪਣੇ 50% ਸਾਧਨ, ਪੈਸਾ, ਸਮਾਂ ਅਤੇ ਮਨੁੱਖੀ ਵਸੀਲੇ ਕੁਦਰਤੀ ਖੇਤੀ ਸਬੰਧੀ ਖੋਜ 'ਤੇ ਖਰਚ ਕਰਨ। ਕੁਦਰਤੀ ਖੇਤੀ ਨੂੰ ਖੇਤੀ ਸਿੱਖਿਆ ਦੇ ਪਾਠਕ੍ਰਮ ਵਿਚ ਸ਼ਾਮਿਲ ਕੀਤਾ ਜਾਵੇ।
13) ਰਾਜ ਅੰਦਰ ਟੈਲੀਵਿਯਨ, ਰੇਡੀਓ ਅਤੇ ਪੰਜਾਬ ਸਰਕਾਰ ਦੇ ਸਮੁਹ ਪ੍ਰਕਾਸ਼ਨਾਂ ਵਿਚ ਵੀ ਕੁਦਰਤੀ ਖੇਤੀ ਦੀ ਯੋਗ ਕਵਰੇਜ ਯਕੀਨੀ ਬਣਾਈ ਜਾਵੇ। ਕੁਦਰਤੀ ਖੇਤੀ ਸਬੰਧੀ ਲੇਖ ਤੇ ਖ਼ਬਰਾਂ ਆਦਿ ਵਿਸ਼ੇਸ਼ ਤੌਰ 'ਤੇ ਪ੍ਰਕਾਸ਼ਤ ਕੀਤੇ ਜਾਣ।
14) ਕੇਂਦਰ ਅਤੇ ਰਾਜ ਪੱਧਰ 'ਤੇ ਸਮੂਹ ਖੇਤੀ ਸਕੀਮਾਂ ਚੋਂ ਕੁਦਰਤੀ ਖੇਤੀ ਲਈ ਪੈਸਾ ਦਿੱਤਾ ਜਾਵੇ।
15) ਆਪਜੀ ਵੱਲੋਂ ਪ੍ਰਸਤਾਵਿਤ “ਜੈਵਿਕ ਖੇਤੀ ਸਬੰਧੀ ਕੌਮੀ ਸੰਮੇਲਨ” ਵਿਚ ਵੀ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ,ਵਿਦਵਾਨਾਂ ਅਤੇ ਵਿਗਿਆਨਕਾਂ ਨੂੰ ਯੋਗ ਨੁਮਾਇੰਦਗੀ ਅਤੇ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇ।