ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਗੱਟੀ ਰਾਜੋ ਕੇ ਸਕੂਲ ਵਿੱਚ ਜਾਗਰੂਕਤਾ ਸਮਾਗਮ ਆਯੋਜਿਤ
ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਸਰਹੱਦੀ ਖੇਤਰ ਵਿੱਚ ਕੱਢੀ ਸਾਈਕਲ ਰੈਲੀ
ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਗੱਟੀ ਰਾਜੋ ਕੇ ਸਕੂਲ ਵਿੱਚ ਜਾਗਰੂਕਤਾ ਸਮਾਗਮ ਆਯੋਜਿਤ
– ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਸਰਹੱਦੀ ਖੇਤਰ ਵਿੱਚ ਕੱਢੀ ਸਾਈਕਲ ਰੈਲੀ
ਫਿਰੋਜ਼ਪੁਰ, 27 ਅਕਤੂਬਰ 2023:
‘ਨਸ਼ਾ ਮੁਕਤ ਪੰਜਾਬ‘ ਮੁਹਿੰਮ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਵੀਰਇੰਦਰ ਅਗਰਵਾਲ ਅਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਸ਼੍ਰੀਮਤੀ ਏਕਤਾ ਉੱਪਲ ਦੀ ਅਗਵਾਈ ਵਿੱਚ ਸਰਹੱਦੀ ਖੇਤਰ ਵਿੱਚ ਨਸ਼ਿਆਂ ਖਿਲਾਫ਼ ਜਾਗਰੂਕਤਾ ਸਮਾਗਮ ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ।
ਇਸ ਮੌਕੇ ਨਸ਼ਿਆਂ ਦੇ ਵਿਰੁੱਧ ਸੰਦੇਸ਼ ਦਿੰਦੀ ਵਿਸ਼ਾਲ ਸਾਈਕਲ ਰੈਲੀ ਵੀ ਸਕੂਲ ਦੇ ਐਨ.ਸੀ.ਸੀ. ਵਲੰਟੀਅਰਜ਼ ਵੱਲੋਂ ਇੰਚਾਰਜ ਪ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਕੱਢੀ ਗਈ, ਜੋ ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਜ਼ੀਰੋ ਲਾਇਨ ਦੇ ਨਜ਼ਦੀਕ ਬੀ.ਐੱਸ.ਐੱਫ. ਦੀ ਸਤਪਾਲ ਚੌਂਕੀ ਪਹੁੰਚ ਸਮਾਪਤ ਹੋਈ। ਇਸ ਸਾਈਕਲ ਰੈਲੀ ਨੂੰ ਡਾ. ਸਤਿੰਦਰ ਸਿੰਘ ਪ੍ਰਿੰਸੀਪਲ, ਬੀ.ਐੱਸ.ਐੱਫ. ਦੇ ਇੰਸਪੈਕਟਰ ਘਨਸ਼ਾਮ ਦਾਸ, ਐਡਵੋਕੇਟ ਗਗਨ ਗੁਗਲਾਨੀ ਅਤੇ ਸਬ ਇੰਸਪੈਕਟਰ ਵਿਨੋਦ ਕੁਮਾਰ ਨੇ ਸਾਂਝੇ ਤੌਰ ‘ਤੇ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਇਹ ਸਮਾਗਮ ਅਤੇ ਸਾਈਕਲ ਰੈਲੀ ਆਯੋਜਿਤ ਕੀਤੀ ਗਈ। ਇਸ ਸਾਈਕਲ ਰੈਲੀ ਰਾਹੀਂ ਆਮ ਲੋਕਾਂ ਨੂੰ “ਆਉਣ ਵਾਲੀ ਪੀੜ੍ਹੀ ਨੂੰ ਬਚਾਓ ਤੇ ਨਸ਼ਾ ਮੁਕਤ ਪੰਜਾਬ ਬਣਾਓ” ਦੇ ਨਾਅਰੇ ਨਾਲ ਜਾਗਰੂਕਤਾ ਸੰਦੇਸ਼ ਦਿੱਤਾ ਗਿਆ। ਇਸ ਰੈਲੀ ਰਾਹੀਂ ਲੋਕਾਂ ਨੂੰ ਤੰਦਰੁਸਤ ਸਮਾਜ ਸਿਰਜਣ ਲਈ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦੀ ਅਪੀਲ ਕੀਤੀ। ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਮਾੜੇ ਪ੍ਰਭਾਵਾਂ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਅਤੇ ਜੋ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ, ਉਹ ਜ਼ਿਲ੍ਹੇ ਦੇ ਸਿਵਲ ਹਸਪਤਾਲ ‘ਚ ਚੱਲ ਰਹੇ ਓਟ ਕਲੀਨਿਕ ਵਿੱਚ ਦਾਖਲ ਹੋ ਕੇ ਆਪਣਾ ਨਸ਼ਾ ਅਸਾਨੀ ਨਾਲ ਛੱਡ ਸਕਦਾ ਹੈ।
ਐਡਵੋਕੇਟ ਗਗਨ ਗੁਗਲਾਨੀ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਕਾਰਜਪ੍ਰਣਾਲੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜਿਲ੍ਹਾ ਕਚਹਿਰੀ ਕੰਪਲੈਕਸ ਫਿਰੋਜ਼ਪੁਰ ਵਿਖੇ ਆ ਕੇ ਮੁਫ਼ਤ ਕਾਨੂੰਨੀ ਸਲਾਹ/ਸਹਾਇਤਾ ਲੈ ਸਕਦੇ ਹਨ।
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਸ਼ਿਆਂ ਖ਼ਿਲਾਫ਼ ਗੀਤ ਅਤੇ ਕਵਿਤਾਵਾਂ ਰਾਹੀਂ ਨਸ਼ਾ ਛੱਡਣ ਦੀ ਪ੍ਰੇਰਨਾ ਵੀ ਦਿੱਤੀ। ਸਕੂਲ ਅਧਿਆਪਕ ਵਿਸ਼ਾਲ ਗੁਪਤਾ ਨੇ ਮੰਚ ਸੰਚਾਲਨ ਕਰਦਿਆਂ ਨਸ਼ਿਆਂ ਖ਼ਿਲਾਫ਼ ਪ੍ਰਣ ਵੀ ਕਰਵਾਇਆ। ਇਸ ਮੌਕੇ ਬੀ.ਐੱਸ.ਐੱਫ. ਦੀ ਸਤਪਾਲ ਚੋਂਕੀ ਦੇ ਜਵਾਨਾਂ, ਪੰਜਾਬ ਪੁਲਿਸ ਦੀ ਬਾਰੇ ਕੇ ਚੋਂਕੀ ਦਾ ਸਟਾਫ, ਖੇਡ ਵਿਭਾਗ ਦੇ ਕਬੱਡੀ ਕੋਚ ਅਵਤਾਰ ਕੌਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਰੈਲੀ ਵਿੱਚ ਭਾਗ ਲੈਣ ਵਾਲੇ ਐਨ.ਸੀ.ਸੀ. ਵਲੰਟੀਅਰਜ਼ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਸਮਾਗਮ ਨੂੰ ਸਫਲ ਬਣਾਉਣ ਵਿੱਚ ਸਕੂਲ ਸਟਾਫ ਤਜਿੰਦਰ ਸਿੰਘ, ਗੁਰਪ੍ਰੀਤ ਕੌਰ, ਬਲਵਿੰਦਰ ਕੌਰ, ਗੀਤਾ, ਪ੍ਰਿਅੰਕਾ ਜੋਸ਼ੀ, ਵਿਜੇ ਭਾਰਤੀ, ਸੰਦੀਪ ਕੁਮਾਰ, ਮਨਦੀਪ ਸਿੰਘ, ਪ੍ਰਿਤਪਾਲ ਸਿੰਘ, ਵਿਸ਼ਾਲ ਗੁਪਤਾ, ਅਰੁਣ ਕੁਮਾਰ, ਅਮਰਜੀਤ ਕੌਰ, ਦਵਿੰਦਰ ਕੁਮਾਰ, ਪ੍ਰਵੀਨ ਬਾਲਾ, ਮਹਿਮਾ ਕਸ਼ਅਪ, ਸਰੂਚੀ ਮਹਿਤਾ, ਸੁਚੀ ਜੈਨ, ਸ਼ਵੇਤਾ ਅਰੋੜਾ, ਆਚਲ ਮਨਚੰਦਾ, ਨੈਂਸੀ, ਬਲਜੀਤ ਕੌਰ, ਕੰਚਨ ਬਾਲਾ, ਜਸਪਾਲ ਸਿੰਘ, ਰਜਨੀ ਬਾਲਾ ਅਤੇ ਦੀਪਕ ਕੁਮਾਰ ਨੇ ਵਿਸ਼ੇਸ਼ ਯੋਗਦਾਨ ਪਾਇਆ।