ਕਾਂਗਰਸ ਸਰਕਾਰ ਆਉਣ 'ਤੇ ਛੋਟੇ ਕਿਸਾਨਾਂ ਕਰਜਾ ਹੋਵੇਗਾ ਮਾਫ: ਕੈਪਟਨ
ਫਿਰੋਜ਼ਪੁਰ: ਦਿਨ ਪ੍ਰਤੀ ਦਿਨ ਛੋਟੇ ਕਿਸਾਨ ਕਰਜੇ ਤੋਂ ਦੁਖੀ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ। ਕਾਂਗਰਸ ਸਰਕਾਰ ਸੱਤਾ ਵਿਚ ਆਉਣ ਤੇ ਸਭ ਤੋਂ ਪਹਿਲੋਂ ਛੋਟੇ ਕਿਸਾਨਾਂ ਦੇ ਕਰਜੇ ਮਾਫ ਕੀਤੇ ਜਾਣਗੇ ਅਤੇ ਉਸ ਤੋਂ ਮਗਰੋਂ ਕਿਸਾਨਾਂ ਲਈ ਨਵੀਆਂ ਨਵੀਆਂ ਸਕੀਮਾਂ ਚਲਾਈਆਂ ਜਾਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਫਿਰੋਜ਼ਪੁਰ ਦਿਹਾਤੀ ਤੋਂ ਉਮੀਦਵਾਰ ਸਤਿਕਾਰ ਕੌਰ ਗਹਿਰੀ ਦੇ ਹੱਕ ਵਿਚ ਪ੍ਰਚਾਰ ਰੈਲੀ ਦੌਰਾਨ ਕੀਤਾ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਲੋਕਾਂ ਵਲੋਂ ਸਮਾਰਟ ਫੋਨ ਐਪ ਤੇ ਬੁੱਕ ਕੀਤੇ ਗਏ ਸਨ ਜੋ ਕਿ ਸਰਕਾਰ ਸੱਤਾ ਵਿਚ ਆਉਣ ਤੇ ਸਾਰਿਆਂ ਨੂੰ ਦਿੱਤੇ ਜਾਣਗੇ। ਕੈਪਟਨ ਨੇ ਕਿਹਾ ਕਿ ਕਾਂਗਰਸ ਵਲੋਂ ਚਲਾਈ ਨੌਕਰੀ ਮੁਹਿੰਮ ਦੇ ਤਹਿਤ ਹੁਣ ਤੱਕ 35 ਲੱਖ ਤੋਂ ਵੱਧ ਨੌਜ਼ਵਾਨ ਫਾਰਮ ਭਰ ਚੁੱਕੇ ਹਨ, 'ਤੇ ਹਰ ਘਰ ਦੇ ਨੌਜ਼ਵਾਨ ਨੂੰ ਨੌਕਰੀ ਦਿੱਤੀ ਜਾਵੇਗੀ। ਨਸ਼ੇ ਦੇ ਖਿਲਾਫ ਬੋਲਦਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਦੇ ਰਾਜ ਵਿਚ ਪੰਜਾਬ ਦਾ ਬੇੜਾ ਨਸ਼ੇ ਨੇ ਗਰਕ ਕਰਕੇ ਰੱਖ ਦਿੱਤਾ, ਜੋ ਕਿ ਕਾਂਗਰਸ ਸਰਕਾਰ ਆਉਣ ਤੇ 4 ਹਫਤਿਆਂ ਵਿਚ ਖਤਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਦੇ ਰਾਜ ਦੌਰਾਨ 90 ਲੱਖ ਯੂਥ 'ਤੇ 5 ਲੱਖ ਨੌਜ਼ਵਾਨਾਂ 'ਤੇ ਪਰਚੇ ਦਰਜ ਕੀਤੇ ਗਏ ਜੋ ਸਰਕਾਰ ਬਣਦਿਆ ਹੀ ਰੱਦ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅਕਾਲੀਆਂ ਦੇ ਰਾਜ ਦੌਰਾਨ ਗਰੀਬ ਮਜ਼ਦੂਰ, ਮੁਲਾਜਮ ਵਰਗ ਅਤੇ ਕਿਸਾਨਾਂ ਪਿਸੇ ਹਨ। ਕੈਪਟਨ ਨੇ ਕਿਹਾ ਕਿ ਅਕਾਲੀਆਂ ਕੋਲ ਤਾਂ ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹ ਦੇ ਪੈਸੇ ਨਹੀਂ ਸਨ, ਅਕਾਲੀਆਂ ਨੇ ਸਰਕਾਰੀ ਜਮੀਨਾਂ ਨੂੰ ਵੇਚ ਵੇਚ ਕੇ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਬੋਲਦਿਆ ਕੈਪਟਨ ਨੇ ਕਿਹਾ ਕਿ ਜਿਹੜਾ ਮੁੱਖ ਮੰਤਰੀ ਦਿੱਲੀ ਦਾ ਕੁਝ ਨਹੀਂ ਸਵਾਰ ਸਕਿਆ ਉਹ ਪੰਜਾਬ ਦਾ ਕੀ ਸਵਾਰੂਗਾ। ਉਨ੍ਹਾਂ ਨੇ ਕਿਹਾ ਕਿ ਅਰਵਿੰਦ ਦਿੱਲੀ ਤੋਂ ਪੰਜਾਬ ਦੇ ਲੋਕਾਂ ਨੂੰ ਸਿਰਫ ਟੋਪੀ ਪਾਉਣ ਆਉਂਦਾ ਹੈ, ਪਰ ਪੰਜਾਬ ਦੇ ਲੋਕ ਬਹੁਤ ਹੀ ਸਮਝਦਾਰ ਤੇ ਸਿਆਣੇ ਹਨ ਉਹ ਇਸ ਵਾਰ ਕਾਂਗਰਸ ਦੀ ਸਰਕਾਰ ਦੀ ਪੰਜਾਬ ਵਿਚ ਬਣਾਉਣਗੇ। ਆਪਣੇ ਸੰਬੋਧਨ ਦੌਰਾਨ ਫਿਰੋਜ਼ਪੁਰ ਦਿਹਾਤੀ ਤੋਂ ਉਮੀਦਵਾਰ ਸਤਿਕਾਰ ਕੌਰ ਗਹਿਰੀ ਨੇ ਕਿਹਾ ਕਿ ਬੀਤੇ ਦਿਨ ਕਾਂਗਰਸ ਪਾਰਟੀ ਦੀਆਂ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ 60 ਪਿੰਡਾਂ ਦੇ ਅਕਾਲੀ ਸਰਪੰਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਹਨ। ਗਹਿਰੀ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹਰ ਵਰਗ ਦੇ ਵਿਅਕਤੀ ਜਾਂ ਔਰਤ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਸੈੱਲ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ, ਗੁਰਭੇਜ ਸਿੰਘ ਟਿੱਬੀ, ਚਮਕੌਰ ਸਿੰਘ ਢੀਂਡਸਾ, ਪ੍ਰੀਤਮ ਸਿੰਘ ਸੰਧੂ ਪਿਆਰੇਆਣਾ ਅਤੇ ਹੋਰ ਵੀ ਹਾਜ਼ਰ ਸਨ।