Ferozepur News

ਕਲਾਪੀਠ (ਰਜਿ:) ਵੱਲੋਂ ਪੁਸਤਕ ਲੋਕ ਅਰਪਣ ਅਤੇ ਅਨਿਲ ਆਦਮ ਯਾਦਗਾਰੀ ਸਮਾਗਮ 

ਕਲਾਪੀਠ (ਰਜਿ:) ਵੱਲੋਂ ਪੁਸਤਕ ਲੋਕ ਅਰਪਣ ਅਤੇ ਅਨਿਲ ਆਦਮ ਯਾਦਗਾਰੀ ਸਮਾਗਮ 
ਕਲਾਪੀਠ (ਰਜਿ:) ਵੱਲੋਂ ਪੁਸਤਕ ਲੋਕ ਅਰਪਣ ਅਤੇ ਅਨਿਲ ਆਦਮ ਯਾਦਗਾਰੀ ਸਮਾਗਮ
ਫ਼ਿਰੋਜ਼ਪੁਰ, 22-4-2024: ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:) ਵੱਲੋਂ ਪੰਜਾਬੀ ਦੇ ਮਰਹੂਮ ਸ਼ਾਇਰ ਅਨਿਲ ਆਦਮ ਦੀ ਯਾਦ ਵਿੱਚ ਇੱਕ  ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ ।  ਇਸ ਸਮਾਗਮ ਵਿੱਚ ਅਨਿਲ ਆਦਮ ਦੀ ਨਵੀਂ ਛਪੀ ਕਾਵਿ ਕਿਤਾਬ ” 26 ਸਾਲ ਬਾਅਦ ”  ਲੋਕ ਅਰਪਿਤ ਕੀਤੀ ਕੀਤੀ ਗਈ।  ਫ਼ਿਰੋਜ਼ਪੁਰ ਦੀ ਜ਼ਿਲ੍ਹਾ ਲਾਇਬ੍ਰੇਰੀ ਵਿੱਚ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਆਲੋਚਕ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਪ੍ਰਧਾਨ ਡਾ.ਸੁਖਦੇਵ ਸਿੰਘ ਸਿਰਸਾ ਨੇ ਕੀਤੀ ਜਦੋਂ ਕਿ ਮੁੱਖ ਮਹਿਮਾਨ ਸਾਹਿਤ ਅਕੈਡਮੀ ਸਨਮਾਨ ਪ੍ਰਾਪਤ ਸ਼ਾਇਰ ਸਵਰਨਜੀਤ ਸਵੀ ਸਨ। ਪ੍ਰਧਾਨਗੀ ਮੰਡਲ ਵਿੱਚ ਪ੍ਰੋ.ਜਸਪਾਲ ਘਈ ਅਤੇ ਪ੍ਰੋ.ਗੁਰਤੇਜ ਕੋਹਾਰਵਾਲਾ ਅਤੇ ਅਨਿਲ ਆਦਮ ਦੀ ਹਮਸਫ਼ਰ ਅੰਜੁਮ ਸ਼ਰਮਾ ਸ਼ਾਮਿਲ ਹੋਏ। ਸੰਚਾਲਨ ਕਰਦਿਆਂ ਨੌਜਵਾਨ ਆਲੋਚਕ ਅਤੇ ਅਨੁਵਾਦਕ ਸੁਖਜਿੰਦਰ ਨੇ ਇਸ ਭਾਵਪੂਰਤ ਸਮਾਗਮ ਦੇ ਆਰੰਭ ਵਿੱਚ ਮਰਹੂਮ ਅਨਿਲ ਆਦਮ ਦੀ ਕਵਿਤਾ ਅਤੇ ਜ਼ਿੰਦਗੀ ਬਾਰੇ ਜਾਣਕਾਰੀ ਦਿੱਤੀ। ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਜਗਦੀਪ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਅੰਜੁਮ ਸ਼ਰਮਾ ਨੇ ਅਨਿਲ ਆਦਮ ਦੇ ਵਿਅਕਤੀਤਵ ਪਰਿਵਾਰ ਨਾਲ ਸਬੰਧਤ ਅਛੂਤੇ ਪਹਿਲੂਆਂ ਬਾਰੇ ਗੱਲ ਛੇੜੀ । ਮਾਸਟਰ ਓਮ ਪ੍ਰਕਾਸ਼ ਸਰੋਏ ਨੇ ਅਨਿਲ ਨਾਲ ਸਬੰਧਤ ਯਾਦਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਪ੍ਰੋ.ਕੁਲਦੀਪ ਨੇ ਅਨਿਲ ਆਦਮ ਬਾਰੇ ਲਿਖੀਆਂ ਕਵਿਤਾਵਾਂ ਦਾ ਪਾਠ ਕਰਕੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ । ਜਦੋਂ ਕਿ ਅਨਿਲ ਦੀ ਪ੍ਰੇਰਨਾ ਨਾਲ ਸ਼ਾਇਰੀ ਦੇ ਪਿੜ ਵਿੱਚ ਸ਼ਾਮਲ ਹੋਏ ਯੁਵਰੀਤ ਨੇ ਵੀ ਆਪਣੀਆਂ ਕਵਿਤਾਵਾਂ ਸੁਣਾਈਆਂ। ਅਨਿਲ ਦੇ ਅਧਿਆਪਕ ਪ੍ਰੋ.ਜਸਪਾਲ ਘਈ ਨੇ ਉਸਦੀ ਜ਼ਿੰਦਗੀ ਅਤੇ ਕਵਿਤਾ ਦੇ ਵੱਖ ਵੱਖ ਪਸਾਰਾਂ ਤੇ ਰੌਸ਼ਨੀ ਪਾਈ। ਸ਼ਾਇਰ ਅਤੇ ਨਾਟਕਕਾਰ ਸ਼ਬਦੀਸ਼ ਨੇ ਅਨਿਲ ਦੀ ਪੁਸਤਕ ” 26 ਸਾਲ ਬਾਅਦ ” ਤੋਂ ਪ੍ਰਭਾਵਿਤ ਹੋ ਕੇ ਲਿਖੀ ਨਜ਼ਮ “ਅਨਿਲ ਆਦਮ ਦੀ ਕਵਿਤਾ ਪੜ੍ਹਦਿਆਂ ” ਪੇਸ਼ ਕੀਤੀ।
ਇਸ ਤੋਂ ਬਾਅਦ ਹਰਮੀਤ ਵਿਦਿਆਰਥੀ ਨੇ ਅਨਿਲ ਆਦਮ ਦੇ ਤੁਰ ਜਾਣ ਤੋਂ ਬਾਅਦ ਛਪੀ ਕਿਤਾਬ ” 26 ਸਾਲ ਬਾਅਦ ” ਦੀ ਸਿਰਜਣਾ , ਸੰਪਾਦਨਾ ਅਤੇ ਛਪਣ ਦੀ ਪ੍ਰਕਿਰਿਆ ਦੀ ਬਾਤ ਪਾਈ । ਪ੍ਰਧਾਨਗੀ ਮੰਡਲ ਵੱਲੋਂ ਇਸ ਪੁਸਤਕ ਦੇ ਲੋਕ ਅਰਪਣ ਦੀ ਰਸਮ ਅਦਾ ਕੀਤੀ ਗਈ। ਇਸ ਰਸਮ ਵਿੱਚ ਅਨਿਲ ਆਦਮ ਦੀ ਹਮਸਫ਼ਰ ਅੰਜੁਮ ਸ਼ਰਮਾ, ਅਨਿਲ ਦੇ ਅਧਿਆਪਕ , ਦੋਸਤ ਅਤੇ ਜਮਾਤੀ ਵੀ ਸ਼ਾਮਲ ਹੋਏ। ਪ੍ਰੋ.ਗੁਰਤੇਜ ਕੋਹਾਰਵਾਲਾ ਨੇ ਅਨਿਲ ਦੇ ਮੁਹੱਬਤੀ ਸੁਭਾਅ, ਸੂਖ਼ਮਤਾ, ਸੰਵੇਦਨਸ਼ੀਲਤਾ ਅਤੇ ਤਰਲਤਾ ਦੀ ਬਾਤ ਪਾਉਂਦਿਆਂ ” 26 ਸਾਲ ਬਾਅਦ ” ਵਿੱਚੋਂ ਕੁਝ ਕਵਿਤਾਵਾਂ ਦਾ ਪਾਠ ਕੀਤਾ ਅਤੇ ਉਸਦੀ ਸ਼ਾਇਰੀ ਨਾਲ ਸਰੋਤਿਆਂ ਦੀ ਸਾਂਝ ਪਵਾਈ।
ਇਸ ਪੁਸਤਕ ਬਾਰੇ ਨੌਜਵਾਨ ਚਿੰਤਕ ਮਨਜੀਤ ਪੁਰੀ ਨੇ ਆਪਣਾ ਪੇਪਰ “ਮੁਹੱਬਤੀ ਸੰਵੇਦਨਾ ਦਾ ਕਾਵਿ : 26 ਸਾਲ ਬਾਅਦ ਪੜ੍ਹਦਿਆਂ ਕਿਹਾ ਕਿ ਅਨਿਲ ਦੀ ਇਹ ਕਿਤਾਬ ਕਈ ਟੁਕੜਿਆਂ ਵਿੱਚ ਲਿਖੀ ਇੱਕੋ ਲੰਬੀ ਕਵਿਤਾ ਹੈ। ਜਿਸ ਰਾਹੀਂ ਅਨਿਲ ਕਵਿਤਾ ਦੇ ਅਸਲੋਂ ਨਵੇਂ ਮੁਹਾਂਦਰੇ ਰਾਹੀਂ ਪਾਠਕਾਂ ਸਨਮੁੱਖ ਹੁੰਦਾ ਹੈ।
ਨਾਮਵਰ ਵਿਦਵਾਨ ਹਰਵਿੰਦਰ ਭੰਡਾਲ ਨੇ ” 26 ਸਾਲ ਬਾਅਦ ” ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਇਹ ਕਵਿਤਾ ਮੁਹੱਬਤ ਦੇ ਰਾਹ ਦਾ ਰੋੜਾ ਬਣਦੀਆਂ ਸਮਾਜਿਕ ਵਰਜਨਾਵਾਂ ਨੂੰ ਮੁਖ਼ਾਤਿਬ ਹੁੰਦੀ ਹੈ ਅਤੇ ਇਸ ਕਵਿਤਾ ਵਿੱਚ ਪੇਸ਼ ਮੁਹੱਬਤ ਦਾ ਤਾਅਲੁੱਕ ਕਵੀ ਦੀ ਵਿਅਕਤੀਗਤ ਮੁਹੱਬਤ ਨਹੀਂ ਹੈ ਸਗੋਂ ਇਹ ਸਮੁੱਚੇ ਸਮਾਜਿਕ ਤਾਣੇ ਬਾਣੇ ਦੀਆਂ ਦੀਵਾਰਾਂ ਨੂੰ ਚੁਣੌਤੀ ਦੇ ਰਹੀ ਹੈ।
ਸਾਹਿਤ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ ਕਵੀ ਸਵਰਨਜੀਤ ਸਵੀ ਨੇ ਅਨਿਲ ਦੀ ਕਵਿਤਾ ਵਿਚਲੀ ਤਰਲਤਾ ਦੀ ਬਾਤ ਛੋਹੀ ਅਤੇ ਕਿਹਾ ਕਿ ਉਹ ਇੱਕ ਹਰਮਨ ਪਿਆਰਾ ਅਧਿਆਪਕ , ਗੰਭੀਰ ਬਾਲ ਸਾਹਿਤ ਲੇਖਕ , ਅਨੁਵਾਦਕ ਅਤੇ ਬਹੁਪਾਸਾਰੀ ਸਖ਼ਸ਼ੀਅਤ ਸੀ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਪ੍ਰਧਾਨ ਅਤੇ ਉੱਘੇ ਚਿੰਤਕ ਡਾ.ਸੁਖਦੇਵ ਸਿੰਘ ਸਿਰਸਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਅਨਿਲ ਆਦਮ ਦੇ ਬਹੁਪੱਖੀ ਵਿਅਕਤੀਤਵ ਨੂੰ ਸਲਾਮ ਕਰਦਿਆਂ
” 26 ਸਾਲ ਬਾਅਦ ” ਦੀ ਕਵਿਤਾ ਨੂੰ ਅਜੋਕੇ ਕਾਰਪੋਰੇਟੀ ਜਗਤ ਵਿੱਚ ਮਨੁੱਖ ਨੂੰ ਮਸ਼ੀਨ ਵਿੱਚ ਤਬਦੀਲ ਕੀਤੇ ਜਾਣ ਖ਼ਿਲਾਫ਼ ਨਾਬਰੀ ਅਤੇ ਵਿਦਰੋਹ ਦੀ ਕਵਿਤਾ ਦੱਸਿਆ। ਡਾ.ਸਿਰਸਾ ਨੇ ਕਿਹਾ ਕਿ ਜਦੋਂ ਵਕਤ ਅਤੇ ਹਾਲਾਤ ਬੰਦੇ ਦੀ ਹੋਂਦ ਦੇ ਖ਼ਿਲਾਫ਼ ਹੋਣ ਤਾਂ ਮੁਹੱਬਤ ਦੀ ਕਵਿਤਾ ਬੰਦਿਆਈ ਵਿੱਚ ਮਨੁੱਖ ਦਾ ਯਕੀਨ ਦ੍ਰਿੜ੍ਹ ਕਰਵਾਉਂਦੀ ਹੈ। ਇਸੇ ਲਈ ਅਨਿਲ ਦੀ ਕਵਿਤਾ ਮੁਹੱਬਤ ਅਤੇ ਸੱਭਿਆਚਾਰ ਦੀ ਰਾਜਨੀਤੀ ਦੀ ਕਵਿਤਾ ਹੈ।
ਕਰੀਬ ਸਾਢੇ ਤਿੰਨ ਘੰਟੇ ਚੱਲੇ ਇਸ ਭਾਵਪੂਰਤ ਸਮਾਗਮ ਤਾਸਮਨ ਦੇ ਸੰਪਾਦਕ ਹਰਮਨਦੀਪ ਸਿੰਘ ਆਸਟ੍ਰੇਲੀਆ, ਬਲਰਾਜ ਧਾਲੀਵਾਲ ਕੈਨੇਡਾ , ਰਾਜੀਵ ਖ਼ਿਆਲ, ਸੰਦੀਪ ਚੌਧਰੀ, ਸੁਰਿੰਦਰ ਕੰਬੋਜ, ਲਾਲ ਸਿੰਘ ਸੁਲਹਾਣੀ, ਸਰਬਜੀਤ ਸਿੰਘ ਭਾਵੜਾ, ਸੁਖਦੇਵ ਸਿੰਘ ਭੱਟੀ , ਰਿਸ਼ੀ ਹਿਰਦੇਪਾਲ, ਸੁਖਦੇਵ ਮਠਾੜੂ, ਗੌਰਵ ਸਾਗਰ ਭਾਸਕਰ, ਮਨਜੀਤ ਸੂਖ਼ਮ, ਡਾ. ਅਜ਼ਾਦਵਿੰਦਰ , ਕਮਲ ਸ਼ਰਮਾ, ਡਾ.ਸਤਿੰਦਰ ਸਿੰਘ , ਡਾ.ਗੁਰਪ੍ਰੀਤ ਕੌਰ, ਉੱਘੇ ਗਾਇਕ ਕਮਲ ਦ੍ਰਾਵਿੜ, ਰਣਦੀਪ ਕੌਰ, ਮਹਿੰਦਰ ਸ਼ੈਲੀ, ਜਬਰ ਮਾਹਲਾ, ਗਾਇਕ ਗਿੱਲ ਗੁਲਾਮੀ ਵਾਲਾ, ਰਾਕੇਸ਼ ਪਾਲ,ਅਵਤਾਰ ਸਿੰਘ ਪੁਰੀ, ਭੁਪਿੰਦਰ ਜੈਤੋ, ਪ੍ਰੀਤ ਜੱਗੀ, ਸੁਖਵਿੰਦਰ ਭੁੱਲਰ, ਦਲੀਪ ਸਿੰਘ ਸੈਣੀ , ਹਰਜੀਤ ਸਿੱਧੂ, ਅਜੀਤਪਾਲ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ, ਫ਼ਿਲਮ ਅਭਿਨੇਤਾ ਹਰਿੰਦਰ ਭੁੱਲਰ, ਗੁਰਨਾਮ ਸਿੱਧੂ , ਜਸਵਿੰਦਰ ਧਰਮਕੋਟ, ਗੁਰਮੀਤ ਰੱਖੜਾ ਕੜਿਆਲ, ਗੁਰਦਰਸ਼ਨ ਆਰਿਫ਼ ਕੇ, ਸੰਜੀਵ ਜੈਨ , ਦਲਜੀਤ ਸਿੰਘ ਦੌਧਰ, ਸਪਨ, ਮੰਗਤ ਬਜੀਦਪੁਰੀ, ਪ੍ਰੋ.ਲਕਸ਼ਮਿੰਦਰ , ਇੰਦਰ ਸਿੰਘ ਸਮੇਤ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ। ਕਲਾਪੀਠ ਫ਼ਿਰੋਜ਼ਪੁਰ ਵੱਲੋਂ ਆਏ ਹੋਏ ਵਿਦਵਾਨ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।
ਹਰਮੀਤ ਵਿਦਿਆਰਥੀ ਨੇ ਆਏ ਹੋਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਲਾਪੀਠ ਦੀਆਂ ਭਵਿੱਖੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਕਿ ਕਲਾਪੀਠ ਵੱਲੋਂ ਅਨਿਲ ਆਦਮ ਯਾਦਗਾਰੀ ਕਵਿਤਾ ਪੁਰਸਕਾਰ ਦੀ ਸਥਾਪਨਾ ਕੀਤੀ ਗਈ ਹੈ ਜੋ ਕਿ ਹਰ ਸਾਲ ਦਸੰਬਰ ਮਹੀਨੇ ਵਿੱਚ ਦਿੱਤਾ ਜਾਵੇਗਾ। ਜਦੋਂ ਕਿ ਪੰਜਾਬੀ ਕਵਿਤਾ ਅਤੇ ਸਮਾਜ ਦੀਆਂ ਵਿਭਿੰਨ ਪਰਤਾਂ ਦਾ ਵਿਸ਼ਲੇਸ਼ਣ ਕਰਨ ਲਈ ਅਨਿਲ ਆਦਮ ਯਾਦਗਾਰੀ ਲੈਕਚਰ ਸੀਰੀਜ਼ ਸ਼ੁਰੂ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button